Good health indicators: ਦੁਨੀਆ ਭਰ ਵਿੱਚ ਤੇਜ਼ੀ ਨਾਲ ਵੱਧ ਰਹੀਆਂ ਬਿਮਾਰੀਆਂ ਦੇ ਵਿਚਕਾਰ ਮਨੁੱਖ ਲਈ ਤੰਦਰੁਸਤ ਰਹਿਣਾ ਕਿਸੇ ਵਰਦਾਨ ਤੋਂ ਘੱਟ ਨਹੀਂ। ਕਈ ਵਾਰੀ ਮਨੁੱਖ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਪੂਰੀ ਤਰ੍ਹਾਂ ਫਿੱਟ ਹੈ ਤਾਂ ਫਿਰ ਸਰੀਰ ਅੰਦਰ ਕੋਈ ਬਿਮਾਰੀ ਜਨਮ ਲੈ ਚੁੱਕੀ ਹੈ। ਹੁਣ ਸਵਾਲ ਹੈ ਕਿ ਇਸ ਦਾ ਪਤਾ ਕਿਵੇਂ ਲਾਇਆ ਜਾਏ।
ਦਰਅਸਲ ਬਿਮਾਰੀਆਂ ਦੇ ਮਾਮਲੇ ਵਿੱਚ ਕੁਝ ਕਿਸਮ ਦੇ ਟੈਸਟਾਂ ਦੁਆਰਾ ਸਮੱਸਿਆਵਾਂ ਦਾ ਪਤਾ ਲਾਇਆ ਜਾਂਦਾ ਹੈ। ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਵਿੱਚ ਖੂਨ ਦੀ ਜਾਂਚ ਤੇ ਪੇਟ ਦੀਆਂ ਸਮੱਸਿਆਵਾਂ ਵਿੱਚ ਅਲਟਰਾਸਾਊਂਡ ਨੂੰ ਕਾਰਗਰ ਢੰਗ ਮੰਨਿਆ ਜਾਂਦਾ ਹੈ, ਪਰ ਕਿਸੇ ਟੈਸਟ ਤੋਂ ਬਗੈਰ ਇਹ ਕਿਵੇਂ ਜਾਣੀਏ ਕਿ ਸਰੀਰ ਸਿਹਤਮੰਦ ਹੈ ਜਾਂ ਨਹੀਂ?
ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਅਸੀਂ ਫਿੱਟ ਹਾਂ ਜਾਂ ਬਿਮਾਰ, ਦੋਹਾਂ ਸਥਿਤੀਆਂ ਵਿੱਚ ਸਰੀਰ ਸੰਕੇਤ ਦਿੰਦਾ ਹੈ। ਇਨ੍ਹਾਂ ਵੱਲ ਧਿਆਨ ਦੇ ਕੇ ਅਸੀਂ ਜਾਣ ਸਕਦੇ ਹਾਂ ਕਿ ਸਭ ਕੁਝ ਠੀਕ ਚੱਲ ਰਿਹਾ ਹੈ ਜਾਂ ਨਹੀਂ? ਆਓ ਜਾਣਦੇ ਹਾਂ ਅਜਿਹੇ ਅੱਠ ਸੰਕੇਤਾਂ ਬਾਰੇ ਜੋ ਦਿਖਾਉਂਦੇ ਹਨ ਕਿ ਤੁਸੀਂ ਸਿਹਤਮੰਦ ਹੋ।
1. ਪਾਚਨ ਕਿਰਿਆ ਠੀਕ ਰਹਿੰਦੀ
ਜੇਕਰ ਪਾਚਨ ਕਿਰਿਆ ਠੀਕ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਕਾਫੀ ਹੱਦ ਤੱਕ ਸਿਹਤਮੰਦ ਹੋ। ਖਾਣਾ ਖਾਣ ਤੋਂ ਬਾਅਦ ਪੇਟ ਫੁੱਲਣ ਜਾਂ ਗੈਸ ਦੀ ਸਮੱਸਿਆ ਪਾਚਨ ਤੰਤਰ ਵਿੱਚ ਗੜਬੜੀ ਦਾ ਸੰਕੇਤ ਦਿੰਦੀ ਹੈ। ਜੇਕਰ ਸਾਡਾ ਸਰੀਰ ਭੋਜਨ ਨੂੰ ਚੰਗੀ ਤਰ੍ਹਾਂ ਹਜ਼ਮ ਕਰਦਾ ਹੈ, ਤਾਂ ਇਸ ਦਾ ਮਤਲਬ ਹੈ ਕਿ ਸਾਡੀ ਪਾਚਨ ਪ੍ਰਣਾਲੀ ਪੋਸ਼ਕ ਤੱਤਾਂ ਨੂੰ ਕੁਸ਼ਲਤਾ ਨਾਲ ਜਜ਼ਬ ਕਰ ਰਹੀ ਹੈ। ਜੇਕਰ ਤੁਹਾਨੂੰ ਸਮੇਂ 'ਤੇ ਭੁੱਖ ਲੱਗਦੀ ਹੈ। ਗੈਸ ਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਤਾਂ ਇਸ ਨੂੰ ਚੰਗਾ ਸੰਕੇਤ ਮੰਨਿਆ ਜਾਂਦਾ ਹੈ।
2. ਰੱਜ ਕੇ ਨੀਂਦ ਲੈਣਾ
ਸਰੀਰ ਤੰਦਰੁਸਤ ਹੈ ਜਾਂ ਨਹੀਂ, ਇਸ ਦਾ ਅੰਦਾਜ਼ਾ ਨੀਂਦ ਦੀ ਗੁਣਵੱਤਾ ਤੋਂ ਵੀ ਲਾਇਆ ਜਾ ਸਕਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਲੋਕ ਸਿਹਤਮੰਦ ਹਨ, ਉਹ ਚੰਗੀ ਨੀਂਦ ਲੈਂਦੇ ਹਨ ਤੇ ਰਾਤ ਦੀ ਨੀਂਦ ਤੋਂ ਬਾਅਦ ਤਾਜ਼ਗੀ ਤੇ ਆਰਾਮ ਮਹਿਸੂਸ ਕਰਦੇ ਹਨ। ਜੇਕਰ ਸਰੀਰ ਨੂੰ ਚੰਗੀ ਨੀਂਦ ਆ ਰਹੀ ਹੈ ਤਾਂ ਇਹ ਚੰਗੀ ਸਰੀਰਕ ਤੇ ਮਾਨਸਿਕ ਸਿਹਤ ਦੀ ਨਿਸ਼ਾਨੀ ਮੰਨੀ ਜਾਂਦੀ ਹੈ।
3. ਸਾਫ ਰੰਗ ਦਾ ਪਿਸ਼ਾਬ
ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਮਲ ਤੇ ਪਿਸ਼ਾਬ ਵੱਲ ਧਿਆਨ ਦੇਣਾ ਜ਼ਰੂਰੀ ਹੈ। ਸਾਫ਼ ਜਾਂ ਹਲਕਾ ਪੀਲਾ ਪਿਸ਼ਾਬ ਆਮ ਤੌਰ 'ਤੇ ਇਹ ਦਰਸਾਉਂਦਾ ਹੈ ਕਿ ਤੁਸੀਂ ਚੰਗੀ ਤਰ੍ਹਾਂ ਹਾਈਡ੍ਰੇਟਿਡ ਹੋ। ਇਸ ਨੂੰ ਕਿਡਨੀ ਠੀਕ ਹੋਣ ਦਾ ਸੰਕੇਤ ਵੀ ਮੰਨਿਆ ਜਾਂਦਾ ਹੈ। ਜੇਕਰ ਪਿਸ਼ਾਬ ਦਾ ਰੰਗ ਗਾੜ੍ਹਾ ਹੁੰਦਾ ਜਾਂ ਬਦਲਦਾ ਹੈ ਤਾਂ ਸਾਵਧਾਨ ਰਹਿਣਾ ਚਾਹੀਦਾ ਹੈ।
4. ਆਰਾਮਦਾਇਕ ਮਲ ਤਿਆਗ
ਪਿਸ਼ਾਬ ਦੀ ਤਰ੍ਹਾਂ ਮਲ ਤਿਆਗ 'ਤੇ ਵੀ ਧਿਆਨ ਦੇਣਾ ਜ਼ਰੂਰੀ ਹੈ। ਨਿਯਮਤ ਤੇ ਆਰਾਮਦਾਇਕ ਮਲ ਤਿਆਗ ਨੂੰ ਬਿਹਤਰ ਪਾਚਨ ਦਾ ਸੰਕੇਤ ਮੰਨਿਆ ਜਾਂਦਾ ਹੈ। ਦਿਨ ਵਿੱਚ ਇੱਕ ਜਾਂ ਦੋ ਵਾਰ ਮਲ ਤਿਆਗ ਆਮ ਮੰਨਿਆ ਜਾਂਦਾ ਹੈ। ਜੇਕਰ ਮਲ ਤਿਆਗ 'ਚ ਕੋਈ ਦਿੱਕਤ ਨਾ ਹੋਵੇ ਤੇ ਸ਼ੌਚ ਤੋਂ ਬਾਅਦ ਤਾਜ਼ਾ ਤੇ ਪੇਟ ਖਾਲੀ ਮਹਿਸੂਸ ਕਰਦੇ ਹੋ, ਤਾਂ ਇਹ ਚੰਗੀ ਸਿਹਤ ਦੀ ਨਿਸ਼ਾਨੀ ਹੈ।
5. ਨਿਯੰਤਰਿਤ ਵਜ਼ਨ
ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਣ ਲਈ ਭਾਰ ਨੂੰ ਕੰਟਰੋਲ 'ਚ ਰੱਖਣਾ ਜ਼ਰੂਰੀ ਮੰਨਿਆ ਜਾਂਦਾ ਹੈ। ਜੇਕਰ ਤੁਹਾਡਾ ਭਾਰ ਤੁਹਾਡੇ ਸਰੀਰ ਦੇ ਕੱਦ ਦੇ ਹਿਸਾਬ ਨਾਲ ਸਹੀ ਹੈ ਤਾਂ ਇਹ ਚੰਗੀ ਸਿਹਤ ਦੀ ਨਿਸ਼ਾਨੀ ਹੈ। ਜੇਕਰ ਤੁਹਾਡਾ ਭਾਰ ਥੋੜ੍ਹੇ ਸਮੇਂ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ ਜਾਂ ਘੱਟ ਰਿਹਾ ਹੈ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਭਾਰ ਦਾ ਅਸੰਤੁਲਨ ਕਈ ਤਰ੍ਹਾਂ ਦੀਆਂ ਪੁਰਾਣੀਆਂ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ।
6. ਚੰਗੀ ਮਾਨਸਿਕ ਸਿਹਤ
ਸਰੀਰਕ ਸਿਹਤ ਦੀ ਤਰ੍ਹਾਂ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਜੇਕਰ ਤੁਸੀਂ ਤਣਾਅ ਮਹਿਸੂਸ ਨਹੀਂ ਕਰਦੇ ਹੋ, ਤੁਹਾਡਾ ਮਨ ਸ਼ਾਂਤ ਰਹਿੰਦਾ ਹੈ ਤੇ ਚਿੜਚਿੜਾਪਨ ਤੇ ਘਬਰਾਹਟ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਤਾਂ ਇਹ ਚੰਗੀ ਮਾਨਸਿਕ ਸਿਹਤ ਦੀ ਨਿਸ਼ਾਨੀ ਹੈ। ਇੱਥੇ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਸਰੀਰਕ ਤੇ ਮਾਨਸਿਕ ਸਿਹਤ ਇੱਕ ਦੂਜੇ ਦੇ ਪੂਰਕ ਹਨ। ਇਨ੍ਹਾਂ ਵਿੱਚੋਂ ਕਿਸੇ ਇੱਕ ਵਿੱਚ ਗੜਬੜੀ ਦਾ ਪੂਰੇ ਸਰੀਰ ਉੱਤੇ ਮਾੜਾ ਅਸਰ ਪੈ ਸਕਦਾ ਹੈ।
7. ਜ਼ਖ਼ਮਾਂ ਦਾ ਜਲਦੀ ਠੀਕ ਹੋਣਾ
ਫਿੱਟ ਸਿਹਤ ਦਾ ਨਿਰਣਾ ਇਸ ਆਧਾਰ 'ਤੇ ਵੀ ਲਾਇਆ ਜਾ ਸਕਦਾ ਹੈ ਕਿ ਸਰੀਰ 'ਤੇ ਲੱਗੀ ਸੱਟ ਕਿੰਨੀ ਜਲਦੀ ਠੀਕ ਹੋ ਜਾਂਦੀ ਹੈ। ਜੇਕਰ ਜ਼ਖ਼ਮ ਤੇ ਸੱਟਾਂ ਜਲਦੀ ਠੀਕ ਹੋ ਜਾਂਦੀਆਂ ਹਨ, ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਡਾ ਇਮਿਊਨ ਸਿਸਟਮ ਠੀਕ ਹੈ। ਸ਼ੂਗਰ ਵਰਗੀਆਂ ਬੀਮਾਰੀਆਂ ਵਿੱਚ ਇਮਿਊਨਿਟੀ ਕਮਜ਼ੋਰ ਹੋਣ ਕਾਰਨ ਜ਼ਖਮ ਭਰਨ ਵਿੱਚ ਕਾਫੀ ਸਮਾਂ ਲੱਗ ਜਾਂਦਾ ਹੈ।
8. ਵਾਰ-ਵਾਰ ਬਿਮਾਰ ਨਾ ਪੈਣਾ
ਇੱਕ ਸਿਹਤਮੰਦ ਇਮਿਊਨ ਸਿਸਟਮ ਨੂੰ ਇੱਕ ਸਿਹਤਮੰਦ ਸਰੀਰ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦੀ ਇਮਿਊਨਿਟੀ ਠੀਕ ਰਹਿੰਦੀ ਹੈ, ਉਹ ਘੱਟ ਬਿਮਾਰ ਹੁੰਦੇ ਹਨ। ਅਜਿਹੇ ਲੋਕਾਂ ਵਿੱਚ ਜ਼ੁਕਾਮ ਜਾਂ ਕਿਸੇ ਹੋਰ ਛੂਤ ਦੀਆਂ ਬਿਮਾਰੀਆਂ ਦਾ ਖ਼ਤਰਾ ਵੀ ਘੱਟ ਹੁੰਦਾ ਹੈ। ਇੱਕ ਸਿਹਤਮੰਦ ਇਮਿਊਨ ਸਿਸਟਮ ਰੋਗਾਣੂਆਂ ਨਾਲ ਲੜਨਾ ਆਸਾਨ ਬਣਾਉਂਦਾ ਹੈ।