Heart Attack: ਦਿਲ ਦੀ ਬਿਮਾਰੀ ਅਤੇ ਦਿਲ ਦਾ ਦੌਰਾ ਦੁਨੀਆ ਭਰ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਧਿਐਨ ਦਰਸਾਉਂਦੇ ਹਨ ਕਿ ਉਂਝ ਤਾਂ ਮਰਦਾਂ ਅਤੇ ਔਰਤਾਂ, ਦੋਵਾਂ ਵਿਚ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਹੈ, ਪਰ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਦਿਲ ਦਾ ਦੌਰਾ ਪੈਣ ਦੇ ਜ਼ਿਆਦਾ ਮਾਮਲੇ ਦੇਖੇ ਗਏ ਹਨ। ਇਸ ਨਾਲ ਸਬੰਧਤ ਤਾਜ਼ਾ ਅਧਿਐਨ ਵਿੱਚ ਪੀਜੀਆਈ ਚੰਡੀਗੜ੍ਹ ਦੇ ਕਾਰਡੀਓਲਾਜੀ ਵਿਭਾਗ ਦੇ ਡਾਕਟਰਾਂ ਨੇ ਵੱਡਾ ਦਾਅਵਾ ਕੀਤਾ ਹੈ।


ਮੀਡੀਆ ਰਿਪੋਰਟਾਂ ਅਨੁਸਾਰ ਵਿਭਾਗ ਦੀ ਸਹਾਇਕ ਪ੍ਰੋਫੈਸਰ ਡਾ: ਨੀਲਮ ਦਹੀਆ ਨੇ ਸਾਵਧਾਨ ਕੀਤਾ ਹੈ ਕਿ ਮੋਟਾਪੇ ਤੋਂ ਪੀੜਤ ਔਰਤਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਜ਼ਿਆਦਾ ਹੋ ਸਕਦਾ ਹੈ। ਜਿਨ੍ਹਾਂ ਔਰਤਾਂ ਦਾ ਭਾਰ ਆਮ ਨਾਲੋਂ ਜ਼ਿਆਦਾ ਹੁੰਦਾ ਹੈ, ਉਨ੍ਹਾਂ ਨੂੰ ਦਿਲ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।


ਅਧਿਐਨ ਰਿਪੋਰਟ ਮੁਤਾਬਕ ਦਿਲ ਦੀ ਬਿਮਾਰੀ ਨਾਲ ਪੀੜਤ 44 ਫੀਸਦੀ ਔਰਤਾਂ 'ਚ ਮੋਟਾਪਾ ਸਭ ਤੋਂ ਵੱਡਾ ਖਤਰਾ ਹੈ। ਤਿੰਨ ਸਾਲਾਂ ਦੇ ਅੰਕੜਿਆਂ ਅਨੁਸਾਰ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਔਰਤਾਂ ਵਿੱਚ ਮਰਦਾਂ ਦੇ ਮੁਕਾਬਲੇ ਜ਼ਿਆਦਾ ਗੰਭੀਰ ਲੱਛਣ ਹੁੰਦੇ ਹਨ। ਇਸ ਤੋਂ ਇਲਾਵਾ ਦਿਲ ਦੇ ਰੋਗਾਂ ਤੋਂ ਪੀੜਤ 13-15 ਫੀਸਦੀ ਔਰਤਾਂ 50 ਸਾਲ ਤੋਂ ਘੱਟ ਉਮਰ ਦੀਆਂ ਸਨ।


ਔਰਤਾਂ ਵਿਚ ਦਿਲ ਦੀਆਂ ਬਿਮਾਰੀਆਂ ਦਾ ਵਧਦਾ ਖ਼ਤਰਾ


ਪ੍ਰੋਫੈਸਰ ਨੀਲਮ ਦਾ ਕਹਿਣਾ ਹੈ ਕਿ ਜ਼ਿਆਦਾ ਭਾਰ ਦੀ ਸਮੱਸਿਆ ਨੂੰ ਪਹਿਲਾਂ ਹੀ ਦਿਲ ਦੀਆਂ ਬੀਮਾਰੀਆਂ ਦਾ ਵੱਡਾ ਕਾਰਨ ਮੰਨਿਆ ਜਾਂਦਾ ਰਿਹਾ ਹੈ। ਇਸ ਅਧਿਐਨ ਨੇ ਇਹ ਵੀ ਪਾਇਆ ਕਿ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਅੱਧੀਆਂ ਤੋਂ ਵੱਧ ਔਰਤਾਂ ਵਿੱਚ ਮੋਟਾਪਾ ਇੱਕ ਵੱਡਾ ਜੋਖਮ ਦਾ ਕਾਰਕ ਹੈ। ਇਹਨਾਂ ਵਿੱਚੋਂ ਸਿਰਫ਼ ਇੱਕ ਪ੍ਰਤੀਸ਼ਤ ਔਰਤਾਂ ਕੋਲ ਅਜਿਹੀ ਖੁਰਾਕ ਹੈ ਜੋ ਦਿਲ ਦੀ ਸਿਹਤ ਲਈ ਚੰਗੀ (ਤਾਜ਼ਾ ਫਲ ਅਤੇ ਸਬਜ਼ੀਆਂ) ਮੰਨੀ ਜਾ ਸਕਦੀ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਜ਼ਿਆਦਾਤਰ ਔਰਤਾਂ ਵਿੱਚ ਦਿਲ ਦੀ ਬਿਮਾਰੀ ਅਤੇ ਇਸ ਨਾਲ ਸਬੰਧਤ ਜੋਖਮ ਦੇ ਕਾਰਕਾਂ ਬਾਰੇ ਘੱਟ ਜਾਗਰੂਕਤਾ ਹੁੰਦੀ ਹੈ।


ਸਿਗਰਟਨੋਸ਼ੀ ਤੇ ਜ਼ਿਆਦਾ ਨਮਕ ਖ਼ਤਰੇ ਨੂੰ ਵਧਾ ਰਹੇ ਹਨ


ਅਧਿਐਨ ਵਿਚ ਡਾਕਟਰਾਂ ਨੇ ਕਿਹਾ ਕਿ ਸਿਗਰਟਨੋਸ਼ੀ ਅਤੇ ਜ਼ਿਆਦਾ ਨਮਕ ਦਾ ਸੇਵਨ ਵੀ ਦਿਲ ਦੀਆਂ ਬਿਮਾਰੀਆਂ ਨੂੰ ਵਧਾਉਣ ਵਾਲੇ ਕਾਰਕ ਹਨ। ਹਾਲਾਂਕਿ, ਸਿਰਫ 47 ਪ੍ਰਤੀਸ਼ਤ ਔਰਤਾਂ ਨੂੰ ਨਮਕ ਦਾ ਸੇਵਨ ਘੱਟ ਕਰਨ ਅਤੇ 30 ਪ੍ਰਤੀਸ਼ਤ ਤੋਂ ਘੱਟ ਨੂੰ ਸਿਗਰਟਨੋਸ਼ੀ ਛੱਡਣ ਅਤੇ ਸਿਹਤਮੰਦ ਭੋਜਨ ਖਾਣ ਦੀ ਸਲਾਹ ਦਿੱਤੀ ਗਈ ਸੀ।


ਸਿਹਤ ਮਾਹਿਰਾਂ ਨੇ ਕਿਹਾ ਕਿ ਇਹ ਅੰਕੜੇ ਔਰਤਾਂ ਵਿੱਚ ਦਿਲ ਦੀ ਬਿਮਾਰੀ ਦੇ ਖਤਰਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਇਸ ਦੇ ਵਧਦੇ ਖ਼ਤਰੇ ਨਾਲ ਨਜਿੱਠਣ ਲਈ ਰੋਕਥਾਮ ਉਪਾਅ ਕਰਨ ਦੀ ਤੁਰੰਤ ਲੋੜ ਨੂੰ ਉਜਾਗਰ ਕਰਦੇ ਹਨ। ਜੇਕਰ ਸਮੇਂ ਸਿਰ ਇਸ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਇਹ ਇੱਕ ਅਜਿਹੀ ਸਮੱਸਿਆ ਬਣ ਸਕਦੀ ਹੈ ਜੋ ਸਿਹਤ ਲਈ ਵੱਡਾ ਖਤਰਾ ਪੈਦਾ ਕਰ ਸਕਦੀ ਹੈ।


 


ਘੱਟ ਉਮਰ ਦੀਆਂ ਔਰਤਾਂ ਵਿੱਚ ਵੀ ਖਤਰਾ


ਅਧਿਐਨ ਰਿਪੋਰਟਾਂ ਮੁਤਾਬਕ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ 10 ਫੀਸਦੀ ਔਰਤਾਂ ਦੀ ਉਮਰ 40 ਸਾਲ ਤੋਂ ਘੱਟ ਹੈ। ਇਹ ਹੋਰ ਵੀ ਚਿੰਤਾਜਨਕ ਸਥਿਤੀ ਹੈ। ਮੋਟਾਪੇ ਤੋਂ ਇਲਾਵਾ, ਨੌਜਵਾਨਾਂ ਵਿੱਚ ਵਧਦਾ ਤਣਾਅ ਵੀ ਭਾਰਤ ਵਿੱਚ ਦਿਲ ਦੀ ਬਿਮਾਰੀ ਲਈ ਇੱਕ ਪ੍ਰਮੁੱਖ ਜੋਖਮ ਦੇ ਕਾਰਕਾਂ ਵਿੱਚੋਂ ਇੱਕ ਪਾਇਆ ਗਿਆ ਹੈ। ਰੁਝੇਵਿਆਂ ਭਰੀ ਜੀਵਨ ਸ਼ੈਲੀ ਅਤੇ ਵਧਦੇ ਆਪਸੀ ਮੁਕਾਬਲੇ ਨੇ ਵੀ ਤਣਾਅ ਦੀ ਸਮੱਸਿਆ ਨੂੰ ਵਧਾ ਦਿੱਤਾ ਹੈ, ਜਿਸ ਕਾਰਨ ਨੌਜਵਾਨ ਵੀ ਦਿਲ ਦੀ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ।


ਅਧਿਐਨ ਦਾ ਸਿੱਟਾ?


ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਭਾਰਤੀ ਲੋਕ ਜ਼ਿਆਦਾ ਨਮਕ ਅਤੇ ਖੰਡ ਦਾ ਸੇਵਨ ਕਰਦੇ ਹਨ ਜਦੋਂ ਕਿ ਇਸ ਦੇ ਮੁਕਾਬਲੇ ਉਹ ਸਬਜ਼ੀਆਂ ਅਤੇ ਫਲਾਂ ਦਾ ਘੱਟ ਸੇਵਨ ਕਰਦੇ ਹਨ। ਕਾਰਬੋਹਾਈਡਰੇਟ, ਕੈਲੋਰੀ, ਮਿੱਠੀਆਂ ਚੀਜ਼ਾਂ ਅਤੇ ਟ੍ਰਾਂਸ ਫੈਟ ਕਾਰਨ ਮੋਟਾਪਾ ਵਧ ਰਿਹਾ ਹੈ। ਇਸ ਤੋਂ ਇਲਾਵਾ ਲੰਬੇ ਸਮੇਂ ਤੱਕ ਬੈਠਣ ਅਤੇ ਸਰੀਰਕ ਗਤੀਵਿਧੀਆਂ ਦੀ ਕਮੀ ਨਾਲ ਵੀ ਭਾਰ ਵਧ ਸਕਦਾ ਹੈ, ਜੋ ਸਿੱਧੇ ਤੌਰ 'ਤੇ ਦਿਲ ਦੀਆਂ ਬਿਮਾਰੀਆਂ ਨੂੰ ਵਧਾ ਸਕਦਾ ਹੈ। ਛੋਟੀ ਉਮਰ ਤੋਂ ਹੀ ਭਾਰ ਘਟਾਉਣ ਅਤੇ ਦਿਲ ਦੀ ਚੰਗੀ ਸਿਹਤ ਬਣਾਈ ਰੱਖਣ ਲਈ ਉਪਰਾਲੇ ਕਰਨ ਦੀ ਸਲਾਹ ਦਿੱਤੀ ਗਈ ਹੈ।