Stroke Symptoms: ਦੁਨੀਆ ਭਰ ਵਿੱਚ ਜਿਨ੍ਹਾਂ ਬਿਮਾਰੀਆਂ ਕਰਕੇ ਹਰ ਸਾਲ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ, ਉਨ੍ਹਾਂ ਵਿੱਚ ਦਿਲ ਦੀ ਬਿਮਾਰੀ ਤੇ ਸਟ੍ਰੋਕ ਦੇ ਸਭ ਤੋਂ ਵੱਧ ਕੇਸ ਹਨ। ਸਟ੍ਰੋਕ ਇੱਕ ਗੰਭੀਰ ਖ਼ਤਰੇ ਵਜੋਂ ਉਭਰ ਰਿਹਾ ਹੈ ਜੋ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ।


ਬ੍ਰੇਨ ਸਟ੍ਰੋਕ ਇੱਕ ਗੰਭੀਰ ਮੈਡੀਕਲ ਸਥਿਤੀ ਹੈ ਜਦੋਂ ਦਿਮਾਗ ਨੂੰ ਖੂਨ ਦੀ ਸਪਲਾਈ ਵਿੱਚ ਕਿਸੇ ਕਾਰਨ ਵਿਘਨ ਪੈ ਜਾਂਦਾ ਹੈ ਜਾਂ ਫਿਰ ਦਿਮਾਗ ਵਿੱਚ ਖੂਨ ਦਾ ਰਿਸਾਅ ਹੋਣ ਲੱਗਦਾ ਹੈ। ਇਸ 'ਚ ਦਿਮਾਗ ਦੇ ਕੁਝ ਹਿੱਸਿਆਂ ਨੂੰ ਆਕਸੀਜਨ ਨਹੀਂ ਮਿਲਦੀ, ਜਿਸ ਕਾਰਨ ਦਿਮਾਗ ਦੇ ਸੈੱਲ ਮਰਨ ਲੱਗਦੇ ਹਨ। ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ, ਤਾਂ ਇਸ ਦੇ ਘਾਤਕ ਪ੍ਰਭਾਵ ਹੋ ਸਕਦੇ ਹਨ।


 


ਅਧਿਐਨ ਰਿਪੋਰਟ ਵਿੱਚ ਪਤਾ ਚੱਲਦਾ ਹੈ ਕਿ ਪਿਛਲੇ ਦਹਾਕੇ ਵਿੱਚ ਨੌਜਵਾਨਾਂ ਵਿੱਚ ਸਟ੍ਰੋਕ ਦੀਆਂ ਘਟਨਾਵਾਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਸਿਗਰਟਨੋਸ਼ੀ, ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਕੋਲੈਸਟ੍ਰਾਲ ਨੂੰ ਇਸ ਦਾ ਕਾਰਨ ਮੰਨਿਆ ਜਾਂਦਾ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਟ੍ਰੋਕ ਤੋਂ ਬਚਣ ਲਈ ਸਹੀ ਜੀਵਨ ਸ਼ੈਲੀ ਤੇ ਖੁਰਾਕ ਦਾ ਪਾਲਣ ਕਰਨਾ ਜ਼ਰੂਰੀ ਹੈ। ਇਸ ਤੋਂ ਇਲਾਵਾ ਸਟ੍ਰੋਕ ਦੀ ਸਥਿਤੀ ਵਿੱਚ ਸਮੇਂ ਸਿਰ ਇਲਾਜ ਕਰਵਾਉਣਾ ਜ਼ਰੂਰੀ ਹੈ। ਆਓ ਜਾਣਦੇ ਹਾਂ ਸਟ੍ਰੋਕ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ ਤੇ ਇਸ ਨੂੰ ਰੋਕਣ ਲਈ ਕੀ ਉਪਾਅ ਕਰਨੇ ਚਾਹੀਦੇ ਹਨ?


ਇਹ ਵੀ ਪੜ੍ਹੋ: ਨੀਂਦ ਦੀ ਕਮੀ ਕਾਰਨ ਡੈਮੇਜ ਹੋ ਸਕਦਾ ਹੈ ਲਿਵਰ, ਇਨ੍ਹਾਂ ਲੱਛਣਾਂ ਨੂੰ ਦੇਖ ਕੇ ਨਾ ਕਰੋ ਅਨਗਹਿਲੀ


ਸਟ੍ਰੋਕ ਦੀ ਰੋਕਥਾਮ ਤੇ ਪਛਾਣ
ਸਿਹਤ ਮਾਹਿਰਾਂ ਦਾ ਕਹਿਣਾ ਹੈ ਤੁਸੀਂ ਸਿਹਤਮੰਦ ਖੁਰਾਕ, ਨਿਯਮਤ ਕਸਰਤ ਤੇ ਸਿਗਰਟਨੋਸ਼ੀ ਤੇ ਸ਼ਰਾਬ ਤੋਂ ਦੂਰ ਰਹਿ ਕੇ ਸਟ੍ਰੋਕ ਦੇ ਜੋਖਮ ਨੂੰ ਘਟਾ ਸਕਦੇ ਹੋ। ਸਟ੍ਰੋਕ ਘਾਤਕ ਤਾਂ ਹੈ ਹੀ ਸਗੋਂ ਇਸ ਤੋਂ ਬਚੇ ਲੋਕਾਂ ਨੂੰ ਅਧਰੰਗ ਵਰਗੀਆਂ ਸਮੱਸਿਆਵਾਂ ਦਾ ਖ਼ਤਰਾ ਵੀ ਹੋ ਸਕਦਾ ਹੈ। ਸਟ੍ਰੋਕ ਦੇ ਲੱਛਣਾਂ ਨੂੰ ਜਲਦੀ ਪਛਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਸਮੇਂ ਸਿਰ ਇਲਾਜ ਕਰਵਾਉਣ ਨਾਲ ਦਿਮਾਗ ਨੂੰ ਸਥਾਈ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਸਟ੍ਰੋਕ ਦੇ ਮੁੱਖ ਲੱਛਣਾਂ ਬਾਰੇ ਜਾਣਨਾ ਤੇ ਤੁਰੰਤ ਇਸ ਦੀ ਪਛਾਣ ਕਰਨਾ ਮਹੱਤਵਪੂਰਨ ਹੋ ਜਾਂਦਾ ਹੈ।


ਇਹ ਵੀ ਪੜ੍ਹੋ: ਤੁਸੀਂ ਵੀ ਵਾਰ-ਵਾਰ ਗਰਮ ਕਰਕੇ ਪੀਂਦੇ ਹੋ ਬਾਸੀ ਚਾਹ ਤਾਂ ਸਾਵਧਾਨ, ਹੋ ਸਕਦੀਆਂ ਹਨ ਇਹ ਬਿਮਾਰੀਆਂ


ਅਚਾਨਕ ਗੰਭੀਰ ਸਿਰ ਦਰਦ
ਸਟ੍ਰੋਕ ਦਾ ਪਹਿਲਾ ਲੱਛਣ ਅਚਾਨਕ ਗੰਭੀਰ ਸਿਰ ਦਰਦ ਮੰਨਿਆ ਜਾਂਦਾ ਹੈ। ਜੇਕਰ ਕਿਸੇ ਨੂੰ ਗੰਭੀਰ ਸਿਰ ਦਰਦ ਹੋ ਰਿਹਾ ਹੈ ਜਿਵੇਂ ਪਹਿਲਾਂ ਕਦੇ ਨਹੀਂ ਹੋਇਆ, ਤਾਂ ਸੁਚੇਤ ਹੋ ਜਾਓ। ਦਰਦ ਦੇ ਨਾਲ, ਲੋਕ ਅਕਸਰ ਮਤਲੀ, ਉਲਟੀਆਂ ਜਾਂ ਬੇਹੋਸ਼ੀ ਦਾ ਅਨੁਭਵ ਕਰ ਸਕਦੇ ਹਨ। ਇਹ ਸਟ੍ਰੋਕ ਦੀ ਨਿਸ਼ਾਨੀ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ ਤੁਰੰਤ ਬਲੱਡ ਪ੍ਰੈਸ਼ਰ ਦੀ ਜਾਂਚ ਕਰੋ ਤੇ ਮਰੀਜ਼ ਨੂੰ ਐਮਰਜੈਂਸੀ ਇਲਾਜ ਮੁਹੱਈਆ ਕਰਵਾਓ। ਹਾਈ ਬਲੱਡ ਪ੍ਰੈਸ਼ਰ ਨੂੰ ਸਟ੍ਰੋਕ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ।


ਚਿਹਰੇ, ਬਾਹਾਂ ਤੇ ਲੱਤਾਂ ਵਿੱਚ ਕਮਜ਼ੋਰੀ
ਦੌਰਾ ਪੈਣ ਤੋਂ ਬਾਅਦ ਚਿਹਰੇ, ਬਾਹਾਂ ਜਾਂ ਲੱਤਾਂ ਵਿੱਚ ਕਮਜ਼ੋਰੀ ਜਾਂ ਸੁੰਨ ਹੋਣਾ ਹੋ ਸਕਦਾ ਹੈ। ਜੇਕਰ ਸਰੀਰ ਦੇ ਕਿਸੇ ਹਿੱਸੇ ਵਿੱਚ ਅਚਾਨਕ ਕਮਜ਼ੋਰੀ ਜਾਂ ਸੁੰਨ ਹੋਣਾ ਜਾਂ ਅਧਰੰਗ ਹੋ ਜਾਂਦਾ ਹੈ, ਤਾਂ ਇਹ ਵੀ ਸਟ੍ਰੋਕ ਦਾ ਸੰਕੇਤ ਹੈ। ਇਹ ਆਮ ਤੌਰ 'ਤੇ ਚਿਹਰੇ, ਇੱਕ ਬਾਂਹ, ਜਾਂ ਇੱਕ ਲੱਤ ਵਿੱਚ ਹੋ ਸਕਦਾ ਹੈ, ਖਾਸ ਤੌਰ 'ਤੇ ਸਰੀਰ ਦੇ ਉਸੇ ਪਾਸੇ। ਜੇਕਰ ਵਿਅਕਤੀ ਮੁਸਕਰਾਉਣ ਜਾਂ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਦਾ ਚਿਹਰਾ ਇੱਕ ਪਾਸੇ ਝੁਕ ਜਾਂਦਾ ਹੈ, ਤਾਂ ਇਹ ਵੀ ਸਟ੍ਰੋਕ ਦਾ ਸੰਕੇਤ ਹੋ ਸਕਦਾ ਹੈ।


ਅਸੰਤੁਲਨ ਦੀ ਸਮੱਸਿਆ
ਸਟ੍ਰੋਕ ਕਾਰਨ ਚੱਕਰ ਆਉਣਾ ਜਾਂ ਸੰਤੁਲਨ ਗੁਆਉਣਾ ਵੀ ਆਮ ਗੱਲ ਹੈ। ਸਿਰਦਰਦ ਦੇ ਨਾਲ-ਨਾਲ ਜੇਕਰ ਅਚਾਨਕ ਚੱਕਰ ਆਉਣਾ, ਸਰੀਰ ਦਾ ਸੰਤੁਲਨ ਵਿਗੜਨਾ ਜਾਂ ਤੁਰਨ-ਫਿਰਨ 'ਚ ਦਿੱਕਤ ਵਰਗੀਆਂ ਸਮੱਸਿਆਵਾਂ ਹੋਣ ਤਾਂ ਤੁਰੰਤ ਚੌਕਸ ਹੋ ਜਾਣਾ ਚਾਹੀਦਾ ਹੈ। ਪੈਦਲ ਚੱਲਦੇ ਸਮੇਂ ਡਿੱਗਣਾ, ਪੈਰਾਂ ਵਿੱਚ ਅਚਾਨਕ ਕਮਜ਼ੋਰੀ ਜਾਂ ਸੈਰ ਕਰਦੇ ਸਮੇਂ ਖੜੋਤ ਵਰਗੇ ਲੱਛਣਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ।


ਜੇਕਰ ਕਿਸੇ ਨੂੰ ਅਜਿਹੇ ਅਸਾਧਾਰਨ ਲੱਛਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਤਾਂ ਉਸ ਨੂੰ ਤੁਰੰਤ ਡਾਕਟਰ ਕੋਲ ਲੈ ਜਾਓ। ਸਮੇਂ ਸਿਰ ਸਹੀ ਜਾਂਚ ਤੇ ਇਲਾਜ ਨਾਲ ਜਾਨ ਬਚਾਈ ਜਾ ਸਕਦੀ ਹੈ।