ਚੰਡੀਗੜ੍ਹ: ਕਰੋਨਾਵਾਇਰਸ ਦੀ ਦਹਿਸ਼ਤ ਕਰਕੇ ਲੋਕ ਅਫਵਾਹਾਂ ਨੂੰ ਵੀ ਸੱਚ ਮੰਨ ਰਹੇ ਹਨ। ਇਹਤਿਆਤ ਵਜੋਂ ਸਰਕਾਰੀ ਸਰਗਰਮੀ ਤੇ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਕੇ ਲੋਕ ਦਹਿਸ਼ਤ ਵਿੱਚ ਹਨ। ਅਜਿਹੇ ਵਿੱਚ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਬੇਸ਼ੱਕ ਘਾਤਕ ਹੈ ਪਰ ਇਸ ਤੋਂ ਡਰਨ ਦੀ ਲੋੜ ਨਹੀਂ। ਸਿਰਫ ਇਹਤਿਆਤ ਰੱਖਣ ਦੀ ਲੋੜ ਹੈ। ਅਹਿਮ ਗੱਲ ਹੈ ਕਿ ਇਹ ਵਾਇਰਸ ਹਵਾ ਰਾਹੀਂ ਨਹੀਂ ਫੈਲਦਾ। ਇਸ ਲਈ ਸਾਫ-ਸਫਾਈ ਰੱਖਣ ਤੇ ਬਾਹਰ ਘੱਟ ਘੁੰਮਣ ਵਾਲੇ ਲੋਕਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੋ ਸਕਦਾ।


ਮਾਸਕ ਪਾਉਣ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਖਾਂਸੀ ਜਾਂ ਛਿੱਕ ਦੀਆਂ ਬੂੰਦਾਂ ਨਾਲ ਜਰਮ ਬਾਹਰ ਆਉਂਦੇ ਹਨ। ਇਸ ਲਈ ਮਾਸਕ ਦੀ ਲੋੜ ਲੱਛਣਾਂ ਵਾਲੇ ਵਿਅਕਤੀ ਨੂੰ ਹੈ, ਨਾ ਕਿ ਸਿਹਤਮੰਦ ਵਿਅਕਤੀ ਨੂੰ। ਇਸ ਲਈ ਭੇੜਚਾਲ ਵਿੱਚ ਪੈ ਕੇ ਮੂੰਹ ਢੱਕਣ ਦੀ ਲੋੜ ਨਹੀਂ। ਹਾਂ ਜਦੋਂ ਕੋਈ ਬਾਹਰ ਜਾਂਦਾ ਹੈ ਤਾਂ ਇਹਤਿਆਤ ਵਜੋਂ ਮਾਸਕ ਪਾ ਸਕਦਾ ਹੈ। ਬਾਹਰੋਂ ਆ ਕੇ ਹੱਥਾਂ ਨੂੰ ਜ਼ਰੂਰ ਧੋ ਲੈਣਾ ਚਾਹੀਦਾ ਹੈ। ਭੀੜ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚੋ।

ਦਰਅਸਲ ਜੇਕਰ ਕਿਸੇ ਕਾਰਨ ਵਾਇਰਸ ਹੱਥ ਉੱਪਰ ਆ ਜਾਂਦੇ ਹਨ, ਜਿੱਥੇ ਉਹ 6 ਤੋਂ 12 ਘੰਟੇ ਜਿਊਂਦੇ ਰਹਿੰਦੇ ਹਨ। ਉਸ ਦੌਰਾਨ ਤੁਸੀਂ ਕਿਸੇ ਮਸ਼ੀਨ ਜਾਂ ਸਾਮਾਨ ਨੂੰ ਇਸਤੇਮਾਲ ਕਰਦੇ ਹੋ, ਦਰਵਾਜ਼ਾ ਖੋਲ੍ਹਦੇ ਹੋ, ਕਿਸੇ ਨਾਲ ਹੱਥ ਮਿਲਾਉਂਦੇ ਹੋ ਤਾਂ ਤੁਸੀਂ ਉਹ ਜਰਮ ਫੈਲਾ ਰਹੇ ਹੁੰਦੇ ਹੋ। ਇਸੇ ਤਰ੍ਹਾਂ ਇਹ ਜਰਮ ਜੇਕਰ ਕਿਸੇ ਸਾਮਾਨ, ਦਰਵਾਜ਼ੇ ਜਾਂ ਕਿਸੇ ਹੋਰ ਅਜਿਹੀ ਥਾਂ ’ਤੇ ਪਹੁੰਚੇ ਹੋਏ ਹੋਣ ਤਾਂ ਕਿਸੇ ਵੀ ਤਰ੍ਹਾਂ ਦੇ ਸ਼ੱਕ ਦੀ ਸੂਰਤ ਵਿੱਚ ਉਸ ਥਾਂ/ਸਾਮਾਨ ਨੂੰ ਛੂਹਣ ਮਗਰੋਂ, ਉਸ ਹੱਥ ਨੂੰ ਆਪਣੇ ਨੱਕ, ਮੂੰਹ, ਅੱਖਾਂ ਤੋਂ ਬਚਾ ਕੇ ਰੱਖਿਆ ਜਾਵੇ ਅਤੇ ਫੌਰਨ ਹੱਥਾਂ ਨੂੰ ਸਾਬਣ ਨਾਲ ਧੋਇਆ ਜਾਵੇ।

ਖਾਸ ਗੱਲ਼ ਹੈ ਕਿ ਜਿਨ੍ਹਾਂ ਲੋਕਾਂ ਵਿੱਚ ਬਿਮਾਰੀ ਘਾਤਕ ਸਿੱਧ ਹੋਈ ਹੈ, ਉਨ੍ਹਾਂ ਵਿੱਚ 50 ਫ਼ੀਸਦੀ ਅਜਿਹੇ ਸਨ ਜਿਨ੍ਹਾਂ ਨੂੰ ਪਹਿਲਾਂ ਕੋਈ ਹੋਰ ਬਿਮਾਰੀ, ਜਿਵੇਂ ਦਿਲ ਦੀ ਬਿਮਾਰੀ, ਸ਼ੂਗਰ ਰੋਗ, ਦਮਾ ਜਾਂ ਸਾਹ ਦੀ ਬਿਮਾਰੀ ਸੀ। ਦੂਸਰੇ ਜੋ ਲੋਕ ਪ੍ਰਭਾਵਿਤ ਹੋਏ ਹਨ, ਉਹ 70 ਸਾਲ ਤੋਂ ਵੱਡੀ ਉਮਰ ਦੇ ਸਨ। ਇਸ ਬਿਮਾਰੀ ਤੋਂ ਬਚਣ ਲਈ ਸਭ ਤੋਂ ਵੱਧ ਜ਼ਰੂਰਤ ਪੌਸ਼ਟਿਕ ਖਾਣਾ ਖਾਣ ਦੀ ਹੈ। ਘਰ ਵਿੱਚ ਆਮ ਬਣਿਆ ਭਰ-ਪੇਟ ਖਾਣਾ ਖਾਓ। ਸਰੀਰ ਨੂੰ ਬਿਮਾਰੀਆਂ ਨਾਲ ਲੜਨ ਦੇ ਸਮਰੱਥ ਬਣਾਉਣ ਲਈ ਵਿਟਾਮਿਨ ਸੀ, ਬੀ ਤੇ ਡੀ ਲੋੜੀਂਦੀ ਮਾਤਰਾ ਵਿੱਚ ਜਾਂ ਇਨ੍ਹਾਂ ਵਿਟਾਮਿਨਾਂ-ਯੁਕਤ ਖਾਣਾ ਖਾਧਾ ਜਾਵੇ।