ਨਵੀਂ ਦਿੱਲੀ: ਕੋਰੋਨਾ ਵਾਇਰਸ ਦਰਮਿਆਨ ਹੀ ਡੇਂਗੂ ਨੇ ਦਹਿਸ਼ਤ ਫੈਲਾ ਦਿੱਤੀ ਹੈ। ਪਿਛਲੇ ਕੁਝ ਦਿਨਾਂ 'ਚ ਉੱਤਰ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ 'ਚ ਡੇਂਗੂ ਕਾਰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੌਰਾਨ ਜਾਣਕਾਰੀ ਹੈ ਕਿ ਜ਼ਿਆਦਾਤਰ ਮੌਤਾਂ ਡੇਂਗੂ ਦੇ D2 ਸਟ੍ਰੇਨ ਕਾਰਨ ਹੋਈਆਂ ਹਨ। ICMR ਦੇ ਡਾਇਰੈਕਟਰ ਡਾ.ਬਲਰਾਮ ਭਾਰਗਵ ਨੇ ਵੀਰਵਾਰ ਇਸ ਦੀ ਜਾਣਕਾਰੀ ਦਿੱਤੀ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਟ੍ਰੇਨ ਐਨਾ ਘਾਤਕ ਹੈ ਕਿ ਇਸ ਨਾਲ ਬ੍ਰੇਨ ਹੈਮਰੇਜ ਵੀ ਹੋ ਸਕਦਾ ਹੈ। ਕੋਰੋਨਾ ਨਾਲ ਸਬੰਧਤ ਪ੍ਰੈਸ ਬ੍ਰੀਫਿੰਗ 'ਚ ਉਨ੍ਹਾਂ ਇਹ ਜਾਣਕਾਰੀ ਦਿੱਤੀ। ਨੀਤੀ ਆਯੋਗ ਦੇ ਮੈਂਬਰ ਡਾ.ਵੀਕੇ ਪੌਲ ਨੇ ਲੋਕਾਂ ਨੂੰ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਖਿਲਾਫ ਸੁਰੱਖਿਅਤ ਉਪਾਅ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਕਿਹਾ ਕਿ ਡੇਂਗੂ ਹੋਰ ਸਮੱਸਿਆਵਾਂ ਤੇ ਮੌਤ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਮੱਛਰ ਤੋਂ ਆਪਣਾ ਬਚਾ ਕਰਕੇ ਹੀ ਖੁਦ ਨੂੰ ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਓ। ਡੇਂਗੂ ਨਾਲ ਮੌਤ ਹੋ ਸਕਦੀ ਹੈ ਤੇ ਸਾਡੇ ਕੋਲ ਡੇਂਗੂ ਦਾ ਟੀਕਾ ਤਕ ਨਹੀਂ ਹੈ। ਇਸ ਲਈ ਡੇਂਗੂ ਨੂੰ ਇਕ ਗੰਭੀਰ ਬਿਮਾਰੀ ਸਮਝਿਆ ਜਾਵੇ।
ਓਧਰ ਬੁੱਧਵਾਰ ਨੂੰ ਕੇਰਲ ਵਿੱਚ ਕੋਵਿਡ ਦੇ 30,196 ਨਵੇਂ ਮਾਮਲੇ ਸਾਹਮਣੇ ਆਏ। ਇਸ ਨਾਲ ਕੇਰਲ ਵਿੱਚ ਕੋਰੋਨਾ ਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 42 ਲੱਖ 83 ਹਜ਼ਾਰ 494 ਹੋ ਗਈ ਹੈ। ਜਦੋਂਕਿ 181 ਹੋਰ ਮਰੀਜ਼ਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 22,001 ਤੱਕ ਪਹੁੰਚ ਗਈ। ਸੂਬੇ 'ਚ ਲਗਾਤਾਰ ਪੰਜ ਦਿਨਾਂ ਤੱਕ ਰੋਜ਼ਾਨਾ 30 ਹਜ਼ਾਰ ਤੋਂ ਹੇਠਾਂ ਰਹਿਣ ਤੋਂ ਬਾਅਦ ਅੱਜ ਇੱਕ ਵਾਰ ਫਿਰ ਇਹ 30 ਹਜ਼ਾਰ ਨੂੰ ਪਾਰ ਕਰ ਗਿਆ ਹੈ।
ਇਸ ਦੇ ਨਾਲ ਹੀ ਬੁੱਧਵਾਰ ਨੂੰ ਮਹਾਰਾਸ਼ਟਰ ਵਿੱਚ ਕੋਰੋਨਾ ਵਾਇਰਸ ਦੇ 4174 ਨਵੇਂ ਮਾਮਲੇ ਸਾਹਮਣੇ ਆਏ ਤੇ 65 ਲੋਕਾਂ ਦੀ ਮੌਤ ਹੋ ਗਈ, ਜਿਸ ਕਾਰਨ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 64 ਲੱਖ 97 ਹਜ਼ਾਰ 872 ਹੋ ਗਈ। ਇੱਥੇ ਮ੍ਰਿਤਕਾਂ ਦੀ ਗਿਣਤੀ ਵਧ ਕੇ 1 ਲੱਖ 37 ਹਜ਼ਾਰ 962 ਹੋ ਗਈ।
ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲੇ
ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਤਿੰਨ ਕਰੋੜ 31 ਲੱਖ 39 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਚੋਂ 4 ਲੱਖ 41 ਹਜ਼ਾਰ 749 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 23 ਲੱਖ 4 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਚਾਰ ਲੱਖ ਤੋਂ ਘੱਟ ਹੈ। ਕੁੱਲ 3 ਲੱਖ 93 ਹਜ਼ਾਰ 614 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।