ਪੁਰਸ਼ ਹੋਵੇ ਜਾਂ ਮਹਿਲਾ, ਭਾਰ ਵਧਣ ਦਾ ਡਰ ਹਰੇਕ ਨੂੰ ਪ੍ਰੇਸ਼ਾਨ ਕਰਦਾ ਹੈ ਪਰ ਪ੍ਰੇਸ਼ਾਨ ਹੋਣ ਦੀ ਬਜਾਏ, ਇਹ ਜਾਣਨਾ ਵਧੇਰੇ ਮਹੱਤਵਪੂਰਨ ਹੈ ਕਿ ਭਾਰ ਵਧਣ ਦਾ ਅਸਲ ਕਾਰਨ ਕੀ ਹੈ ਕਿਉਂਕਿ ਇਹ ਜਾਣ ਕੇ ਹੀ ਇਸ ਦਾ ਹੱਲ ਹੋ ਸਕਦਾ ਹੈ।


ਭਾਰ ਵਧਣ ਦਾ ਮਹੱਤਵਪੂਰਨ ਕਾਰਨ

ਸਰੀਰ ਦੇ ਭਾਰ ਨੂੰ ਵਧਾਉਣ ਵਿੱਚ ਕੈਲੋਰੀ ਦੀ ਸਿੱਧੀ ਭੂਮਿਕਾ ਹੁੰਦੀ ਹੈ। ਦਰਅਸਲ, ਕੈਲੋਰੀ ਊਰਜਾ ਮਾਪਣ ਦੀ ਇੱਕ ਇਕਾਈ ਹੈ ਜੋ ਆਮ ਤੌਰ 'ਤੇ ਭੋਜਨ ਤੇ ਪੀਣ ਵਾਲੇ ਪਦਾਰਥਾਂ ਵਿੱਚ ਮੌਜੂਦ ਊਰਜਾ ਦੀ ਮਾਤਰਾ ਨੂੰ ਜਾਣਨ ਲਈ ਵਰਤੀ ਜਾਂਦੀ ਹੈ। ਜੋ ਲੋਕ ਡਾਈਟਿੰਗ ਦੇ ਸ਼ੌਕੀਨ ਹਨ, ਉਨ੍ਹਾਂ ਨੂੰ ਹਰ ਰੋਜ਼ ਘੱਟ ਕੈਲੋਰੀ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ।

ਔਸਤਨ ਕਿੰਨੀ ਕੈਲੋਰੀ ਦੀ ਲੋੜ ਹੁੰਦੀ ਹੈ?

ਸਵਾਲਾਂ ਦੇ ਜਵਾਬ ਦੇ ਪਿੱਛੇ ਬਹੁਤ ਸਾਰੇ ਕਾਰਨ ਕੰਮ ਕਰਦੇ ਹਨ ਜਿਵੇਂ ਕਿ ਤੁਹਾਡੀ ਉਮਰ, ਕੱਦ, ਮੌਜੂਦਾ ਭਾਰ, ਮੈਟਾਬੋਲਿਕ ਹੈਲਥ। ਭਾਰ ਘਟਾਉਣ ਦੇ ਇੱਛੁਕ ਵਿਅਕਤੀ ਨੂੰ ਆਪਣੀ ਰੋਜ਼ ਦੀ ਖੁਰਾਕ ਵਿੱਚੋਂ 500 ਕੈਲੋਰੀ ਘੱਟ ਕਰਨ ਦੀ ਲੋੜ ਹੈ। ਇਸ ਤਰ੍ਹਾਂ ਇੱਕ ਹਫਤੇ ਵਿੱਚ ਇੱਕ ਪੌਂਡ ਭਾਰ ਘੱਟ ਕੀਤਾ ਜਾ ਸਕਦਾ ਹੈ।

26-50 ਸਾਲ ਤੱਕ ਦੀਆਂ ਔਰਤਾਂ ਨੂੰ

26-50 ਸਾਲ ਦੀ ਉਮਰ ਦੀਆਂ ਮਹਿਲਾਵਾਂ ਨੂੰ ਰੋਜ਼ਾਨਾ ਦੋ ਹਜ਼ਾਰ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ। ਦਿਨ ਵਿੱਚ 1500 ਕੈਲੋਰੀ ਸੇਵਨ ਕਰਨ ਨਾਲ ਇੱਕ ਹਫ਼ਤੇ ਵਿੱਚ ਇੱਕ ਪੌਂਡ ਅਸਾਨੀ ਨਾਲ ਘੱਟ ਕੀਤਾ ਜਾ ਸਕਦਾ ਹੈ। 20 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਪ੍ਰਤੀ ਦਿਨ 2200 ਕੈਲੋਰੀ ਦੀ ਲੋੜ ਹੁੰਦੀ ਹੈ ਤੇ 50 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਲਈ ਔਸਤਨ ਕੈਲੋਰੀ ਦੀ ਮਾਤਰਾ 1800 ਦੀ ਲੋੜ ਹੁੰਦੀ ਹੈ।

ਕਸਰਤ ਕਰਨ ਵਾਲੀਆਂ ਮਹਿਲਾਵਾਂ ਨੂੰ ਕਿੰਨੀ ਕੈਲੋਰੀ ਦੀ ਜ਼ਰੂਰਤ

ਜਿਹੜੀਆਂ ਮਹਿਲਾਵਾਂ ਰੋਜ਼ਾਨਾ 3 ਮੀਲ ਤੁਰ ਜਾਂਦੀਆਂ ਹਨ ਉਨ੍ਹਾਂ ਨੂੰ ਸਧਾਰਣ ਮਹਿਲਾਵਾਂ ਨਾਲੋਂ 200 ਕੈਲੋਰੀ ਵੱਧ ਲੋੜ ਹੁੰਦੀ ਹੈ। ਦਿਨ ਵਿੱਚ 1700 ਕੈਲੋਰੀ ਦੀ ਵਰਤੋਂ ਕਰਨ ਵਾਲੀਆਂ ਮਹਿਲਾਵਾਂ ਇਕ ਹਫ਼ਤੇ ਵਿੱਚ ਇਕ ਪੌਂਡ ਭਾਰ ਘੱਟ ਸਕਦੀਆਂ ਹਨ।

26-45 ਸਾਲ ਦੇ ਵਿਚਕਾਰ ਮਰਦਾਂ ਨੂੰ ਕਿੰਨੀ ਕੈਲੋਰੀ ਦੀ ਜ਼ਰੂਰਤ ?

26 ਤੋਂ 45 ਸਾਲ ਦੇ ਵਿਚਕਾਰ ਪੁਰਸ਼ਾਂ ਨੂੰ ਦਿਨ ਵਿਚ 2600 ਕੈਲੋਰੀ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਲਈ, ਡਾਈਟਿੰਗ ਦੀ ਇੱਛਾ ਰੱਖਣ ਵਾਲੇ ਪੁਰਸ਼ ਰੋਜ਼ਾਨਾ 500 ਕੈਲੋਰੀ ਨੂੰ ਘਟਾ ਕੇ 2100 ਕਰ ਲੈਣ ਤਾਂ ਉਨ੍ਹਾਂ ਦਾ ਭਾਰ ਇੱਕ ਹਫ਼ਤੇ ਵਿੱਚ ਇੱਕ ਪੌਂਡ ਘੱਟ ਜਾਵੇਗਾ।

ਕਸਰਤ ਕਰਨ ਵਾਲੇ ਮਰਦਾਂ ਨੂੰ ਕਿੰਨੀ ਕੈਲੋਰੀ ਦੀ ਜ਼ਰੂਰਤ

ਉਹ ਵਿਅਕਤੀ ਜੋ ਰੋਜ਼ਾਨਾ 3 ਮੀਲ ਦੀ ਦੂਰੀ ਤੱਕ ਤੁਰਦੇ ਜਾਂ ਦੌੜਦੇ ਹਨ, ਨੂੰ ਪ੍ਰਤੀ ਦਿਨ 2800 ਕੈਲੋਰੀ ਦੀ ਜਰੂਰਤ ਹੁੰਦੀ ਹੈ। ਜੇ ਉਹ 500 ਕੈਲੋਰੀ ਘਟਾ ਦੇਣ ਤਾਂ ਇਕ ਹਫਤੇ ਵਿਚ ਇਕ ਪੌਂਡ ਭਾਰ ਘੱਟ ਸਕਦਾ ਹੈ। 20-25 ਸਾਲ ਦੀ ਉਮਰ ਵਾਲੇ ਮਰਦਾਂ ਨੂੰ ਬਜ਼ੁਰਗ ਆਦਮੀਆਂ ਦੇ ਮੁਕਾਬਲੇ 200 ਕੈਲੋਰੀ ਜਿਆਦਾ ਅਤੇ 50-65 ਸਾਲ ਦੇ ਮਰਦਾਂ ਨੂੰ ਹਰ ਰੋਜ਼ ਔਸਤਨ 200 ਕੈਲੋਰੀ ਘੱਟ ਕਰਨੀ ਚਾਹੀਦੀ ਹੈ।

ਬੱਚਿਆਂ ਲਈ ਉੱਚਿਤ ਕੈਲੋਰੀ ਦੀ ਜਰੂਰਤ

ਬੱਚਿਆਂ ਨੂੰ ਉਮਰ, ਸਰੀਰ ਦਾ ਆਕਾਰ, ਕੱਦ ਅਤੇ ਮਿਹਨਤ ਦੇ ਕਰਕੇ ਵਧੇਰੇ ਕੈਲੋਰੀ ਦੀ ਜ਼ਰੂਰਤ ਹੁੰਦੀ ਹੈ।ਬੱਚਿਆਂ ਨੂੰ ਦਿਨ ਭਰ 1200-1400 ਕੈਲੋਰੀ ਦੀ ਖਪਤ ਕਰਨੀ ਚਾਹੀਦੀ ਹੈ। ਕਿਸ਼ੋਰ ਉਮਰ ਦੇ ਬੱਚਿਆਂ ਨੂੰ ਪ੍ਰਤੀ ਦਿਨ ਔਸਤਨ 2000-2800 ਕੈਲੋਰੀ ਦੀ ਵਰਤੋਂ ਕਰਨੀ ਚਾਹੀਦੀ ਹੈ। ਜੋ ਬੱਚੇ ਜ਼ਿਆਦਾ ਭਾਰ ਵਾਲੇ ਹਨ ਉਹ ਲੋੜੀਂਦੀਆਂ ਕੈਲੋਰੀ ਤੋਂ 500 ਕੈਲੋਰੀ ਘਟਾ ਕੇ ਵੱਧਦੇ ਭਾਰ ਨੂੰ ਘਟਾ ਸਕਦੇ ਹਨ।

ਰੋਜ਼ਾਨਾ ਕੈਲੋਰੀ ਦੇ ਸੇਵਨ ਨੂੰ ਕਿਵੇਂ ਘੱਟ ਕੀਤਾ ਜਾਵੇ?

ਡਾਈਟ ਪਲਾਨ ਅਤੇ ਜੀਵਨ ਸ਼ੈਲੀ ਨੂੰ ਬਦਲਣ ਨਾਲ, ਕੋਈ ਵੀ ਵਿਅਕਤੀ ਕੈਲੋਰੀ ਦੇ ਸੇਵਨ ਨੂੰ ਅਸਾਨੀ ਨਾਲ ਘਟਾ ਸਕਦਾ ਹੈ। ਪ੍ਰੋਟੀਨ ਦੀ ਵਧੇਰੇ ਮਾਤਰਾ, ਸਾਫਟ ਡਰਿੰਕ ਦੀ ਬਜਾਏ ਫਲਾਂ ਦੇ ਜੂਸ ਦਾ ਸੇਵਨ, ਪਾਣੀ ਦੀ ਬਹੁਤ ਜ਼ਿਆਦਾ ਵਰਤੋਂ, ਕਸਰਤ, ਰੀਫ਼ਾਇੰਡ ਕਾਰਬੋਹਾਈਡਰੇਟ ਦੀ ਮਾਤਰਾ ਨੂੰ ਘਟਾਉਣਾ, ਕੈਲੋਰੀ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ।