ਲੰਡਨ: ਬ੍ਰਿਟੇਨ ਦੇ ਇੱਕ ਸ਼ੁਕਰਾਣੂ ਬੈਂਕ 'ਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਬ੍ਰਿਟਿਸ਼ ਡਾਕਟਰ ਨੇ 'ਡੈਡੀ' ਮੋਬਾਈਲ ਐਪ ਬਣਾਇਆ ਹੈ। ਇਸ ਐਪ ਦੀ ਵਰਤੋਂ ਨਾਲ ਔਰਤਾਂ ਅਜਿਹੇ ਵਿਅਕਤੀ ਦੇ ਸ਼ੁਕਰਾਣੂ ਆਰਡਰ ਕਰ ਸਕਦੀਆਂ ਹਨ ਜਿਸ ਨੂੰ ਉਹ ਆਪਣੇ ਬੱਚੇ ਦੇ ਸੰਭਾਵਿਤ ਪਿਤਾ ਦੇ ਤੌਰ 'ਤੇ ਸਹੀ ਸਮਝਦੀਆਂ ਹੋਣ।

ਲੰਡਨ ਸਪਰਮ ਬੈਂਕ 'ਚ ਵਿਗਿਆਨੀ ਨਿਰਦੇਸ਼ਕ ਦੇ ਤੌਰ 'ਤੇ ਕੰਮ ਕਰਨ ਵਾਲੇ ਡਾ. ਕਮਲ ਅਹੂਜਾ ਦਾ ਮੰਨਣਾ ਹੈ ਕਿ ਇਹ ਦੁਨੀਆ 'ਚ ਆਪਣੀ ਤਰ੍ਹਾਂ ਦਾ ਪਹਿਲਾ ਐਪ ਹੈ। 'ਦੀ ਸੰਡੇ ਟਾਈਮਜ਼' ਨੇ ਅਹੂਜਾ ਦੇ ਹਵਾਲੇ ਤੋਂ ਕਿਹਾ ਕਿ ਤੁਸੀਂ ਸਾਰੇ ਲੈਣ-ਦੇਣ ਆਨਲਾਈਨ ਕਰਦੇ ਹੋ, ਜਿਵੇਂ ਕਿ ਤੁਸੀਂ ਇਨ੍ਹੀਂ ਦਿਨੀਂ ਬਾਕੀ ਕੰਮ ਕਰਦੇ ਹੋ। ਇਸ ਨਾਲ ਕਿਸੇ ਔਰਤ ਨੂੰ ਆਪਣੇ ਘਰ ਵਿੱਚ ਹੀ ਸ਼ੁਕਰਾਣੂ ਪ੍ਰਦਾਨ ਕਰਨ ਵਾਲੇ ਵਿਅਕਤੀ ਦੀ ਚੋਣ ਦਾ ਮੌਕਾ ਮਿਲਦਾ ਹੈ ਤੇ ਉਹ ਸੋਚ-ਵਿਚਾਰ ਕਰਕੇ ਇਸ 'ਤੇ ਫ਼ੈਸਲਾ ਕਰ ਸਕਦੀਆਂ ਹਨ। ਅਸੀਂ ਜਾਣਦੇ ਹਾਂ ਕਿ ਇਹ ਦੁਨੀਆ 'ਚ ਆਪਣੀ ਤਰ੍ਹਾਂ ਦਾ ਪਹਿਲਾ ਐਪ ਹੈ।

ਅਖ਼ਬਾਰ ਨੇ ਲੰਡਨ ਸਪਰਮ ਬੈਂਕ ਦੇ ਇਸ ਐਪ ਨੂੰ 'ਆਰਡਰ ਏ ਡੈਡੀ' ਦਾ ਨਾਂ ਦਿੱਤਾ ਹੈ। ਇਸ ਨਾਲ ਕੋਈ ਔਰਤ ਆਪਣੀ ਪਸੰਦ ਦੇ ਸ਼ੁਕਰਾਣੂ ਆਰਡਰ ਕਰ ਸਕਦੀ ਹੈ। ਕਿਸੇ ਦਾਨਕਰਤਾ ਦੇ ਵਾਲਾਂ ਜਾਂ ਅੱਖਾਂ ਦੇ ਰੰਗ ਜਾਂ ਲੰਬਾਈ ਵਰਗੀਆਂ ਚੀਜ਼ਾਂ ਦੇਖ ਕੇ ਕੋਈ ਮਹਿਲਾ ਆਪਣੇ ਬੱਚੇ ਦੇ ਸੰਭਾਵਿਤ ਪਿਤਾ ਨੂੰ ਚੁਣ ਸਕਦੀ ਹੈ। ਉਹ ਦਾਨਕਰਤਾਵਾਂ ਦੇ ਅਕਾਦਮਿਕ ਪੱਧਰ ਤੇ ਪੇਸ਼ੇ ਨੂੰ ਦੇਖ ਕੇ ਤੇ ਉਨ੍ਹਾਂ ਦੇ ਅਕਸ ਦੇ ਵੇਰਵੇ ਨੂੰ ਪੜ੍ਹ ਕੇ ਵੀ ਉਨ੍ਹਾਂ ਦੇ ਬਿਨੈ 'ਤੇ ਵਿਚਾਰ ਕਰ ਸਕਦੀਆਂ ਹਨ।

ਕਿਸੇ ਦਾਨਕਰਤਾ ਦੇ ਸ਼ੁਕਰਾਣੂ ਦੇ ਨਮੂਨੇ ਲਈ ਐਪ ਰਾਹੀਂ 950 ਪੌਂਡ ਦਾ ਭੁਗਤਾਨ ਕਰਨਾ ਹੋਵੇਗਾ। ਇਸ ਤੋਂ ਬਾਅਦ ਸ਼ੁਕਰਾਣੂ ਦੀ ਸਪਲਾਈ ਉਸ ਪ੍ਰਜਨਨ ਕਲੀਨਕ ਨੂੰ ਕਰ ਦਿੱਤੀ ਜਾਵੇਗੀ ਜਿੱਥੇ ਮਹਿਲਾ ਦਾ ਇਲਾਜ ਚੱਲ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਬ੍ਰਿਟੇਨ ਦੇ ਤਕਰੀਬਨ 50 ਫ਼ੀਸਦੀ ਆਈ. ਵੀ. ਐਫ. ਕਲੀਨਕ ਇਸ ਸੇਵਾ ਦੀ ਵਰਤੋਂ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਹ ਐਪ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਹੈ ਤੇ ਬ੍ਰਿਟੇਨ ਦੇ ਆਈ.ਵੀ.ਐਫ. ਨਿਆਮਿਕ ਹਿਊਮਨ ਫਰਟੀਲਾਈਜ਼ੇਸ਼ਨ ਐਂਡ ਐਂਬ੍ਰਾਇਓਲਾਜੀ ਅਥਾਰਿਟੀ (ਐਚ.ਐਫ.ਈ.ਏ.) ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ।