ਨਵੀਂ ਦਿੱਲੀ: ਮੌਜੂਦਾ ਯੁੱਗ 'ਚ ਸਮਾਰਟਫੋਨ ਦਾ ਬੋਲਾਬਾਲਾ ਹੈ। ਅਜਿਹੇ 'ਚ ਲੋਕਾਂ 'ਤੇ ਸਮਾਰਟਫੋਨ ਦਾ ਕੀ ਪ੍ਰਭਾਵ ਹੈ, ਇਸ ਬਾਬਤ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਦੇਸ਼ 'ਚ ਦੋ-ਤਿਹਾਈ ਯੂਜ਼ਰ ਮੋਬਾਈਲ ਫੋਨ ਦੇ ਆਦੀ ਹਨ ਯਾਨੀ ਹਰ ਤਿੰਨ 'ਚੋਂ ਦੋ ਲੋਕ ਫੋਨ ਅਡਿਕਟਡ ਹਨ ਤੇ ਫੋਨ ਤੋਂ ਦੂਰ ਨਹੀਂ ਰਹਿ ਸਕਦੇ।
10 ਦੇਸ਼ਾਂ 'ਚ ਯੂਜ਼ਰਜ਼ 'ਤੇ ਕੀਤੇ ਗਏ ਸਰਵੇਖਣ ਦੇ ਨਤੀਜਿਆਂ ਮੁਤਾਬਕ ਮਲੇਸ਼ੀਆ ਤੋਂ ਬਾਅਦ ਭਾਰਤ ਦੇ ਲੋਕ ਸਭ ਤੋਂ ਵੱਧ ਫੋਨ ਜਾਂ ਕਿਸੇ ਵੀ ਡਿਜ਼ੀਟਲ ਡੀਵਾਈਸਜ਼ ਦੇ ਆਦੀ ਹਨ। ਲਾਈਮਲਾਈਟ ਨੈੱਟਵਰਕ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਲੈਪਟਾਪ ਤੇ ਡੈਸਕਟਾਪ ਕੰਪਿਊਟਰ ਭਾਰਤੀ ਯੂਜ਼ਰਜ਼ ਲਈ ਦੂਜੀ ਸਭ ਤੋਂ ਜ਼ਰੂਰੀ ਚੀਜ਼ ਹੈ। ਰਿਪੋਰਟ ਮੁਤਾਬਕ 45 ਫੀਸਦੀ ਨੇ ਕਿਹਾ ਕਿ ਉਹ ਇਨ੍ਹਾਂ ਡਿਜ਼ੀਟਲ ਡਿਵਾਈਸਜ਼ ਬਿਨਾਂ ਇੱਕ ਦਿਨ ਵੀ ਨਹੀਂ ਰਹਿ ਸਕਦੇ। ਇਹ ਦੁਨੀਆ ਭਰ ਦੇ ਯੂਜ਼ਰਜ਼ ਦੀ ਗਿਣਤੀ ਤੋਂ 12 ਪ੍ਰਤੀਸ਼ਤ ਵੱਧ ਹੈ।
ਜਿਹੜੇ ਭਾਰਤੀ ਲੋਕਾਂ ਨੇ ਇਸ ਸਰਵੇਖਣ 'ਚ ਹਿੱਸਾ ਲਿਆ, ਉਨ੍ਹਾਂ ਵਿੱਚੋਂ 90 ਫੀਸਦੀ ਤੋਂ ਵੱਧ ਲੋਕਾਂ ਨੇ ਕਿਹਾ ਕਿ ਡਿਜ਼ੀਟਲ ਤਕਨੀਕ ਨੇ ਉਨ੍ਹਾਂ ਦੇ ਜੀਵਨ 'ਤੇ ਸਾਕਾਰਾਤਮਕ ਪ੍ਰਭਾਵ ਪਾਇਆ ਹੈ। ਭਾਰਤੀ ਯੂਜ਼ਰਜ਼ ਬਾਕੀ ਦੇਸ਼ਾਂ ਤੋਂ ਵੱਧ ਹਰ ਤਰ੍ਹਾਂ ਦੇ ਡਿਜ਼ੀਟਲ ਤਕਨੀਕ 'ਚ ਬਿਹਤਰ ਹਿੱਸੇਦਾਰੀ ਰੱਖਦੇ ਹਨ।