Cow Urine Beneficial: ਭਾਰਤ ਅੰਦਰ ਹਿੰਦੂ ਨੇਤਾ ਗਊ ਮੂਤਰ 'ਤੇ ਵੱਡੇ-ਵੱਡੇ ਬਿਆਨ ਦਿੰਦੇ ਰਹਿੰਦੇ ਹਨ। ਉਹ ਇਸ ਲਈ ਆਯੁਰਵੇਦ ਦਾ ਸਹਾਰਾ ਲੈਂਦੇ ਹਨ। ਆਯੁਰਵੇਦ ਇਸ ਨੂੰ ਲਾਭਦਾਇਕ ਕਰਾਰ ਦਿੰਦਾ ਹੈ। ਕਈ ਲੋਕ ਇਹ ਵੀ ਦਾਅਵਾ ਕਰਦੇ ਹਨ ਕਿ ਗਊ ਮੂਤਰ ਨਾਲ ਕੈਂਸਰ ਤੱਕ ਦਾ ਇਲਾਜ ਸੰਭਵ ਹੈ। ਅੱਜ ਦੇ ਦੌਰ ਵਿੱਚ ਦੁਨੀਆਂ ਵਿੱਚ ਹਰ ਛੇਵੀਂ ਮੌਤ ਕੈਂਸਰ ਕਾਰਨ ਹੋ ਰਹੀ ਹੈ। ਅਜਿਹੇ ਵਿੱਚ ਇਹ ਅਹਿਮ ਮਸਲਾ ਬਣ ਜਾਂਦਾ ਹੈ। ਦੂਜੇ ਪਾਸੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਵਿਗਿਆਨ ਇਸ ਵਿਸ਼ੇ 'ਤੇ ਕੀ ਕਹਿੰਦਾ ਹੈ? ਆਓ ਜਾਣਦੇ ਹਾਂ ਇਸ ਬਾਰੇ ਕੁਝ ਵੇਰਵੇ।


ਕੀ ਗਊ ਮੂਤਰ ਨਾਲ ਕੈਂਸਰ ਦਾ ਇਲਾਜ ਸੰਭਵ ਨਹੀਂ?
ਵੈਂਕਟਰਮਨ ਰਾਧਾਕ੍ਰਿਸ਼ਨਨ, ਐਸੋਸੀਏਟ ਪ੍ਰੋਫੈਸਰ ਆਫ ਮੈਡੀਕਲ ਐਂਡ ਪੀਡੀਆਟ੍ਰਿਕ ਓਨਕੋਲੋਜੀ ਨੇ ਇਸ ਮੁੱਦੇ 'ਤੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਗਊ ਮੂਤਰ ਕੈਂਸਰ ਦੇ ਇਲਾਜ ਲਈ ਲਾਭਦਾਇਕ ਨਹੀਂ ਹੈ। ਅੰਗਰੇਜ਼ੀ ਵੈੱਬਸਾਈਟ ਨਿਊਜ਼ 18 'ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਗਊ ਮੂਤਰ ਨਾਲ ਕੈਂਸਰ ਦਾ ਇਲਾਜ ਸੰਭਵ ਨਹੀਂ। ਨਿੱਜੀ ਤਜਰਬੇ ਦੇ ਆਧਾਰ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਈ ਵੀ ਅਜਿਹਾ ਮਰੀਜ਼ ਨਹੀਂ ਦੇਖਿਆ, ਜਿਸ ਨੇ ਸਿਰਫ਼ ਗਊ ਮੂਤਰ ਪੀਤਾ ਹੋਵੇ ਤੇ ਉਸ ਨੂੰ ਕੈਂਸਰ ਵਰਗੀ ਬੀਮਾਰੀ ਤੋਂ ਨਿਜਾਤ ਪਾਈ ਹੋਵੇ।


ਰਾਧਾਕ੍ਰਿਸ਼ਨਨ ਨੇ ਲਿਖਿਆ ਹੈ ਕਿ ਗਊ ਮੂਤਰ ਵਿੱਚ ਅਜਿਹਾ ਕੋਈ ਤੱਤ ਨਹੀਂ ਜੋ ਕੈਂਸਰ ਨੂੰ ਖ਼ਤਮ ਕਰ ਸਕਦਾ ਹੋਵੇ। ਉਨ੍ਹਾਂ ਦੱਸਿਆ ਕਿ ਗਊ ਮੂਤਰ ਵਿੱਚ 95% ਪਾਣੀ ਤੋਂ ਇਲਾਵਾ ਪੋਟਾਸ਼ੀਅਮ, ਸੋਡੀਅਮ, ਫਾਸਫੋਰਸ ਤੇ ਕ੍ਰੀਏਟੀਨਾਈਨ ਵਰਗੇ ਖਣਿਜ ਤੱਤ ਹੁੰਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਤੱਤ ਕੈਂਸਰ ਨੂੰ ਰੋਕਣ ਵਾਲਾ ਨਹੀਂ ਹੈ।



ਆਯੁਰਵੇਦ ਕੀ ਕਹਿੰਦਾ ਹੈ?
ਆਯੁਰਵੇਦ ਅਨੁਸਾਰ ਗਊ ਮੂਤਰ ਨਾਲ ਮੋਟਾਪਾ ਘੱਟ ਕੀਤਾ ਜਾ ਸਕਦਾ ਹੈ। ਅੰਗਰੇਜ਼ੀ ਵੈੱਬਸਾਈਟ ਹੈਲਥਸਾਈਟ ਮੁਤਾਬਕ ਗਊ ਮੂਤਰ 'ਚ ਵਿਟਾਮਿਨ ਪਾਇਆ ਜਾਂਦਾ ਹੈ, ਜੋ ਭਾਰ ਘਟਾਉਣ 'ਚ ਮਦਦਗਾਰ ਹੁੰਦਾ ਹੈ। ਇਸ ਦੇ ਨਾਲ, ਗਊ ਮੂਤਰ ਪਾਚਨ ਪ੍ਰਣਾਲੀ ਨੂੰ ਸੁਧਾਰਦਾ ਹੈ ਤੇ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ। 


ਇਸ ਦੇ ਨਾਲ ਹੀ ਗਊ ਮੂਤਰ ਦੀ ਵਰਤੋਂ ਚਮੜੀ ਦੀ ਦੇਖਭਾਲ ਲਈ ਵੀ ਕੀਤੀ ਜਾ ਸਕਦੀ ਹੈ। ਆਯੁਰਵੇਦ ਅਨੁਸਾਰ ਗਊ ਮੂਤਰ ਦੀ ਵਰਤੋਂ ਮੁਹਾਸੇ ਤੇ ਚਮੜੀ ਨਾਲ ਸਬੰਧਤ ਹੋਰ ਸਮੱਸਿਆਵਾਂ ਵਿੱਚ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਗਊ ਮੂਤਰ ਨੂੰ ਦਾਦ ਤੇ ਖੁਰਕ ਵਰਗੀਆਂ ਚਮੜੀ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲਾ ਵੀ ਚੰਗਾ ਮੰਨਿਆ ਜਾਂਦਾ ਹੈ।