ਚੰਡੀਗੜ੍ਹ: ਕੋਰੇਨਾ ਵਾਇਰਸ ਨੇ ਦੁਨੀਆਂ ਨੂੰ ਆਪਣੀ ਲਪੇਟ 'ਚ ਲਿਆ ਹੋਇਆ। ਜੇਕਰ ਕਿਸੇ ਥਾਂ ਇਕ ਦਿਨ ਕੋਈ ਨਵਾਂ ਮਾਮਲਾ ਸਾਹਮਣੇ ਨਾ ਆਉਣ 'ਚ ਰਾਹਤ ਮਿਲਦੀ ਹੈ ਤਾਂ ਦੂਜੇ ਦਿਨ ਲਗਤਾਰ 2-4 ਮਾਮਲਿਆਂ ਨਾਲ ਚਿੰਤਾਂ ਦਾ ਗਰਾਫ਼ ਹੋਰ ਉਤਾਂਹ ਹੋ ਜਾਂਦਾ ਹੈ। ਅਜਿਹੇ 'ਚ ਇਸ ਵਾਇਰਸ ਦੇ ਫੈਲਣ ਤੇ ਇਸ ਤੋਂ ਬਚਣ ਦੀਆਂ ਕਈ ਸਲਾਹਾਂ ਸੋਸ਼ਲ ਮੀਡੀਆ 'ਤੇ ਪ੍ਰਚੱਲਿਤ ਹਨ। ਇਨ੍ਹਾਂ 'ਚੋਂ ਇਕ ਏਸੀ ਬਾਰੇ ਹੈ।

ਗਰਮੀ ਦਾ ਮੌਸਮ ਪੂਰੇ ਸਿਖਰ 'ਤੇ ਹੈ। ਤਾਪਮਾਨ ਲਗਾਤਾਰ ਵਧਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਇਹ ਮੰਨਿਆ ਜਾ ਰਿਹਾ ਕਿ ਵੱਧ ਤਾਪਮਾਨ ਕੋਰੋਨਾ ਵਾਇਰਸ ਦਾ ਖ਼ਾਤਮਾ ਕਰੇਗਾ, ਉੱਥੇ ਹੀ ਤਪਦੀ ਗਰਮੀ ਤੋਂ ਨਿਜ਼ਾਤ ਪਾਉਣ ਲਈ ਏਅਰ ਕੰਡੀਸ਼ਨ ਦਾ ਇਸਤੇਮਾਲ ਸਵਾਲਾਂ ਦੇ ਘੇਰੇ 'ਚ ਹੈ। ਕਿਉਂਕਿ ਸੋਸ਼ਲ ਮੀਡੀਆ 'ਤੇ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਫਿਲਹਾਲ ਏਸੀ ਨਾ ਚਲਾਇਆ ਜਾਵੇ। ਜਾਣਦੇ ਹਾਂ ਕਿ ਇਸ ਪਿੱਛੇ ਸਹੀ ਤੱਥ ਕੀ ਹੈ?

ਏਮਜ਼ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਮੁਤਾਬਕ 'ਜੇਕਰ ਤੁਹਾਡੇ ਘਰ 'ਚ ਵਿੰਡੋ ਏਸੀ ਲੱਗਾ ਹੈ ਤਾਂ ਤੁਹਾਡੇ ਕਮਰੇ ਦੀ ਹਵਾ ਕਮਰੇ 'ਚ ਹੀ ਰਹੇਗੀ, ਬਾਹਰ ਜਾਂ ਹੋਰ ਕਮਰਿਆਂ 'ਚ ਨਹੀਂ ਜਾਵੇਗੀ। ਯਾਨੀ ਕਿ ਜੇਕਰ ਘਰ 'ਚ ਵੱਖਰੇ-ਵੱਖਰੇ ਕਮਰੇ ਅੰਦਰ ਲੱਗੇ ਏਸੀ ਜਾਂ ਗੱਡੀ 'ਚ ਏਸੀ ਚਲਾਉਣ 'ਚ ਕੋਈ ਸਮੱਸਿਆ ਨਹੀਂ ਹੈ। ਪਰ ਇਹ ਗੱਲ ਨਹੀਂ ਕਿ ਏਸੀ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।

ਡਾ. ਗੁਲੇਰੀਆ ਮੁਤਾਬਕ ਦਫ਼ਤਰਾਂ ਜਾਂ ਜਨਤਕ ਥਾਵਾਂ 'ਤੇ ਸੈਂਟਰਲ ਏਸੀ ਹੈ ਤਾਂ ਇਸ ਦਾ ਭਾਵ ਕਿ ਹਵਾ ਸਾਰੇ ਕਮਰਿਆਂ 'ਚ ਘੁੰਮ ਰਹੀ ਹੈ। ਅਜਿਹੇ 'ਚ ਡਰ ਹੈ ਕਿ ਕਿਸੇ ਹੋਰ ਹਿੱਸੇ 'ਚ ਜੇਕਰ ਕੋਈ ਖੰਘਦਾ ਹੈ ਜਾ ਜੇਕਰ ਉਸ ਨੂੰ ਇਨਫੈਕਸ਼ਨ ਹੋ ਗਈ ਹੈ ਤਾਂ ਏਸੀ ਦੇ ਡਕਟ ਜ਼ਰੀਏ ਉਸ ਦੇ ਇਕ ਹਿੱਸੇ ਤੋਂ ਦੂਜੇ ਹਿੱਸੇ ਤਕ ਫੈਲਣ ਦਾ ਖਤਰਾ ਹੋ ਸਕਦਾ ਹੈ।