Jaggery in Diabetes: ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਸ਼ੂਗਰ ਦੀ ਸਮੱਸਿਆ ਤੋਂ ਪੀੜਤ ਹਨ। ਇਹ ਇੱਕ ਖਤਰਨਾਕ ਬਿਮਾਰੀ ਹੈ। ਮਾਮੂਲੀ ਜਿਹੀ ਵਾਧ-ਘਾਟ ਹੋਣ 'ਤੇ ਸ਼ੂਗਰ ਦਾ ਪੱਧਰ ਤੁਰੰਤ ਅਸੰਤੁਲਨ ਹੋਣ ਲੱਗਦਾ ਹੈ। ਅਜਿਹੇ 'ਚ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।


ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਸ਼ੂਗਰ ਦੇ ਮਰੀਜ਼ ਮਿਠਾਈਆਂ ਤੋਂ ਪ੍ਰਹੇਜ਼ ਕਰਦੇ ਹਨ। ਹਾਲਾਂਕਿ, ਸ਼ੂਗਰ ਦੇ ਮਰੀਜ਼ਾਂ ਵਿੱਚ ਗੁੜ ਨੂੰ ਲੈ ਕੇ ਅਕਸਰ ਭੰਬਲਭੂਸਾ ਬਣਿਆ ਰਹਿੰਦਾ ਹੈ ਕਿ ਕੀ ਉਹ ਚੀਨੀ ਦੀ ਬਜਾਏ ਗੁੜ ਦੀ ਵਰਤੋਂ ਕਰ ਸਕਦੇ ਹਨ। ਆਓ ਅੱਜ ਇਸ ਬਾਰੇ ਜਾਣਦੇ ਹਾਂ ਸਿਹਤ ਮਾਹਿਰਾਂ ਦੀ ਰਾਏ।



ਕੀ ਗੁੜ ਸ਼ੂਗਰ ਰੋਗੀਆਂ ਲਈ ਚੰਗਾ?


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ ਕਿ ਗੁੜ ਸਿਹਤ ਲਈ ਚੰਗਾ ਹੁੰਦਾ ਹੈ। ਦਰਅਸਲ ਗੁੜ ਚੀਨੀ ਨਾਲੋਂ ਕਾਫੀ ਬਿਹਤਰ ਹੈ ਤੇ ਸਰੀਰ ਨੂੰ ਵੱਡੀ ਮਾਤਰਾ ਵਿੱਚ ਗਲੂਕੋਜ਼ ਨਹੀਂ ਦਿੰਦਾ, ਪਰ ਸ਼ੂਗਰ ਦੇ ਮਰੀਜ਼ਾਂ ਨੂੰ ਇਸ ਤੋਂ ਵੀ ਬਚਣਾ ਚਾਹੀਦਾ ਹੈ। ਗੁੜ ਤੇ ਚੀਨੀ ਦੋਵੇਂ ਗੰਨੇ ਦੇ ਰਸ ਤੋਂ ਬਣਾਏ ਜਾਂਦੇ ਹਨ। ਗੁੜ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਬਲੱਡ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। 


ਸਿਹਤ ਮਾਹਿਰਾਂ ਮੁਤਾਬਕ ਗੁੜ ਦਾ ਗਲਾਈਸੈਮਿਕ ਇੰਡੈਕਸ ਵੀ ਬਹੁਤ ਜ਼ਿਆਦਾ ਹੈ, ਜੋ 84.4 ਹੈ। ਇਸ ਲਈ ਇਸ ਨੂੰ ਖਾਣਾ ਸੁਰੱਖਿਅਤ ਨਹੀਂ। ਸ਼ੂਗਰ ਰੋਗੀਆਂ ਨੂੰ ਉਨ੍ਹਾਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਜਿਨ੍ਹਾਂ ਦਾ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ। ਗੁੜ ਵਿੱਚ ਸੁਕਰੋਜ਼ ਹੁੰਦਾ ਹੈ ਜੋ ਗੁੰਝਲਦਾਰ ਹੋਣ ਦੇ ਬਾਵਜੂਦ, ਸਾਡੇ ਸਰੀਰ ਅੰਦਰ ਲੀਨ ਹੋਣ 'ਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਂਦਾ ਹੈ। ਇਸ ਲਈ ਸ਼ੂਗਰ ਵਾਲੇ ਲੋਕਾਂ ਨੂੰ ਆਮ ਤੌਰ 'ਤੇ ਕੋਈ ਵੀ ਮਿੱਠਾ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।


ਸ਼ੂਗਰ ਮਰੀਜ਼ਾਂ ਨੂੰ ਗੁੜ ਕਿਉਂ ਨਹੀਂ ਖਾਣਾ ਚਾਹੀਦਾ?
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 100 ਗ੍ਰਾਮ ਗੁੜ 'ਚ 98 ਗ੍ਰਾਮ ਕਾਰਬੋਹਾਈਡ੍ਰੇਟ ਹੁੰਦੇ ਹਨ ਤੇ ਇੰਨੀ ਹੀ ਮਾਤਰਾ 'ਚ ਚੀਨੀ 'ਚ 100 ਗ੍ਰਾਮ ਕਾਰਬੋਹਾਈਡ੍ਰੇਟ ਹੁੰਦੇ ਹਨ। ਦੋਵਾਂ ਵਿੱਚ ਅੰਤਰ ਸਿਰਫ 2 ਗ੍ਰਾਮ ਕਾਰਬੋਹਾਈਡਰੇਟ ਹੈ। ਅਜਿਹੇ 'ਚ ਸ਼ੂਗਰ ਦੇ ਮਰੀਜ਼ਾਂ ਲਈ ਗੁੜ ਸੁਰੱਖਿਅਤ ਵਿਕਲਪ ਨਹੀਂ।



ਸ਼ੂਗਰ ਰੋਗੀਆਂ ਲਈ ਸਹੀ ਵਿਕਲਪ ਕੀ
ਬਹੁਤ ਸਾਰੇ ਸ਼ੂਗਰ ਦੇ ਮਰੀਜ਼ ਆਰਟੀਫੀਸ਼ੀਅਲ ਸਵੀਟਨਰ ਦੀ ਵਰਤੋਂ ਕਰਦੇ ਹਨ। ਹਾਲਾਂਕਿ ਇਸ ਦਾ ਜ਼ਿਆਦਾ ਸੇਵਨ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਆਰਟੀਫੀਸ਼ੀਅਲ ਸਵੀਟਨਰ ਦੀ ਬਜਾਏ ਨੈਚੂਰਲ ਸਵੀਟਨਰ ਚੁਣਨ ਦੀ ਕੋਸ਼ਿਸ਼ ਕਰੋ। ਅਦਰਕ, ਤੁਲਸੀ, ਦਾਲ-ਚੀਨੀ ਵਰਗੀਆਂ ਚੀਜ਼ਾਂ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ। ਇਸ ਲਈ ਤੁਸੀਂ ਇਨ੍ਹਾਂ ਦਾ ਸੇਵਨ ਕਰ ਸਕਦੇ ਹੋ।


ਗੁੜ ਦੇ ਫਾਇਦੇ-
ਆਯੁਰਵੇਦ ਅਨੁਸਾਰ ਗੁੜ ਵਿੱਚ ਐਂਟੀ-ਐਲਰਜੀ ਗੁਣ ਹੁੰਦੇ ਹਨ, ਜਿਸ ਕਾਰਨ ਇਹ ਦਮਾ, ਜ਼ੁਕਾਮ, ਖਾਂਸੀ ਤੇ ਛਾਤੀ ਦੀ ਜਕੜਨ ਸਮੇਤ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ। ਖਾਣਾ ਖਾਣ ਤੋਂ ਬਾਅਦ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਪਾਚਨ ਕਿਰਿਆ 'ਚ ਸੁਧਾਰ ਹੁੰਦਾ ਹੈ ਤੇ ਸਰੀਰ 'ਚ ਜਮ੍ਹਾ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ।