ਜਵਾਬ : ਭਾਰਤ ਵਿੱਚ ਜਵਾਨ ਹੋ ਰਹੇ ਬੱਚਿਆਂ, ਖ਼ਾਸਕਰ ਦੋ ਤਿਹਾਈ ਵਿੱਚ, ਲਹੂ ਦੀ ਕਮੀ ਲੱਭੀ ਗਈ ਹੈ, ਜੋ ਕਿ ਕਾਫ਼ੀ ਵੱਡੀ ਗਿਣਤੀ ਮੰਨੀ ਗਈ ਹੈ। ਲੋਹਕਣਾਂ ਦੀ ਕਮੀ, ਵਿਟਾਮਿਨ ਬੀ-12 ਤੇ ਫੋਲਿਕ ਐਸਿਡ ਦੀ ਕਮੀ ਆਮ ਤੌਰ ਉੱਤੇ ਖ਼ੁਰਾਕ ਦੀ ਕਮੀ ਕਾਰਨ ਹੁੰਦੀ ਹੈ।

ਜੇ ਹੀਮੋਗਲੋਬਿਨ 10 ਤੋਂ 12 ਗ੍ਰਾਮ ਹੋਵੇ ਤਾਂ ਹਲਕੀ ਕਮੀ, 7 ਤੋਂ 10 ਦੇ ਵਿੱਚ ਹੋਵੇ ਤਾਂ ਜ਼ਿਆਦਾ ਘਾਟ ਤੇ 7 ਗ੍ਰਾਮ ਤੋਂ ਘਟ ਨੂੰ ਬਹੁਤ ਜ਼ਿਆਦਾ ਘਾਟ ਮੰਨਿਆ ਜਾਂਦਾ ਹੈ। ਵਿਟਾਮਿਨ ਬੀ-12 ਜੇ 200 ਮਾਈਕਰੋਗ੍ਰਾਮ ਪ੍ਰਤੀ ਮਿਲੀਲਿਟਰ ਤੋਂ ਘੱਟ ਹੋਵੇ, ਫੋਲੇਟ 5 ਨੈਨੋਗ੍ਰਾਮ ਪ੍ਰਤੀ ਮਿਲੀਲੀਟਰ ਤੋਂ ਘੱਟ ਤੇ ਫੈਰੀਟਿਨ 30 ਨੈਨੋਗ੍ਰਾਮ ਪ੍ਰਤੀ ਮਿਲੀਲੀਟਰ ਤੋਂ ਘੱਟ ਹੋਵੇ ਤਾਂ ਕਾਫ਼ੀ ਕਮੀ ਗਿਣੀ ਜਾਂਦੀ ਹੈ। ਸ਼ਾਕਾਹਾਰੀਆਂ ਵਿੱਚ ਲਹੂ ਦੀ ਕਮੀ ਵੱਧ ਹੁੰਦੀ ਹੈ।

ਨੈਸ਼ਨਲ ਪ੍ਰੋਗਰਾਮ ਤਹਿਤ ਹਰ ਹਫ਼ਤੇ ਮੁਫ਼ਤ ਆਇਰਨ ਦੀਆਂ ਗੋਲੀਆਂ ਬੱਚਿਆਂ ਨੂੰ ਵੰਡੀਆਂ ਜਾਂਦੀਆਂ ਹਨ। ਕੁੜੀਆਂ ਵਿੱਚ ਮਾਹਵਾਰੀ ਸਦਕਾ ਲਹੂ ਦੀ ਕਮੀ ਵੱਧ ਹੁੰਦੀ ਹੈ। ਕਈ ਬੱਚਿਆਂ ਵਿੱਚ ਪੇਟ ਦੇ ਕੀੜਿਆਂ ਕਰਕੇ ਵੀ ਲਹੂ ਦੀ ਕਮੀ ਹੋ ਜਾਂਦੀ ਹੈ। ਜ਼ਿਆਦਾਤਰ ਖ਼ੁਰਾਕ ਦੀ ਕਮੀ ਸਦਕਾ ਹੀ ਲੋਹਕਣਾਂ ਦੀ ਕਮੀ ਲੱਭੀ ਗਈ ਹੈ। ਇਸ ਦੇ ਹੋਰ ਵੀ ਕਈ ਕਾਰਨ ਹਨ ਜਿਵੇਂ ਥੈਲੇਸੀਮੀਆ ਆਦਿ।

ਬੱਚਿਆਂ ਨੂੰ ਮੀਟ, ਅੰਡੇ, ਮੱਛੀ, ਫਲ, ਹਰੀਆਂ ਸਬਜ਼ੀਆਂ ਖ਼ਾਸਕਰ ਪਾਲਕ ਅਤੇ ਸੁੱਕੇ ਮੇਵੇ ਆਦਿ ਖਾਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ, ਜਿਨ੍ਹਾਂ ਨਾਲ ਸਰੀਰ ਅੰਦਰ ਲੋਹਕਣਾਂ ਦਾ ਵਾਧਾ ਹੋ ਜਾਂਦਾ ਹੈ।

ਸ਼ਾਕਾਹਾਰੀ ਭੋਜਨ ਵਿੱਚ ਵਿਟਾਮਿਨ ਬੀ-12 ਨਾ-ਮਾਤਰ ਹੀ ਹੁੰਦਾ ਹੈ। ਵਿਟਾਮਿਨ ਬੀ-12 ਮੀਟ, ਅੰਡੇ, ਪਨੀਰ, ਮੱਛੀ, ਲਿਵਰ ਅਤੇ ਟੋਫੂ ਆਦਿ ਵਿੱਚ ਹੁੰਦਾ ਹੈ। ਬੀ-12 ਦੁੱਧ ਵਿੱਚ ਬਹੁਤ ਘੱਟ ਮਾਤਰਾ ਵਿੱਚ ਹੁੰਦਾ ਹੈ। ਇਸੇ ਲਈ ਸ਼ਾਕਾਹਾਰੀਆਂ ਨੂੰ ਡਾਕਟਰ ਦੀ ਸਲਾਹ ਨਾਲ ਵਿਟਾਮਿਨ ਬੀ-12 ਦਵਾਈ ਰਾਹੀਂ ਲੈਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਕਮੀ ਪੂਰੀ ਹੋ ਸਕੇ।

ਫੋਲੇਟ ਜ਼ਿਆਦਾਤਰ ਫਲੀਆਂ, ਦਾਲਾਂ, ਪਾਲਕ, ਪੱਤ ਗੋਭੀ, ਐਵੋਕੈਡੋ, ਬਰੌਕਲੀ, ਅੰਬ, ਸੰਤਰਾ ਅਤੇ ਆਟੇ ਆਦਿ ਵਿੱਚ ਹੁੰਦਾ ਹੈ।
ਬਿਹਤਰ ਇਹੀ ਹੈ ਕਿ ਬੱਚਿਆਂ ਨੂੰ ਰੈਗੂਲਰ ਤੌਰ ਉੱਤੇ ਰੋਟੀ ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ ਹੱਥ ਧੋਣ ਲਈ ਕਿਹਾ ਜਾਵੇ।

ਮਾਪਿਆਂ ਨੂੰ ਸਮਝਾਇਆ ਜਾਏ ਕਿ ਸਕੂਲ ਵਿੱਚ ਟਿਫਨ ਵਿੱਚ ਹਰੀ ਸਬਜ਼ੀ ਤੇ ਫੁਲਕਾ ਹੀ ਭੇਜਿਆ ਜਾਵੇ। ਫਾਸਟ ਫੂਡ, ਭਾਵ ਬਰਗਰ, ਪਿਜ਼ਾ, ਨੂਡਲਜ਼ ਅਤੇ ਕੋਲਡ ਡਰਿੰਕ ਆਦਿ ਉੱਤੇ ਸਕੂਲ ਵਿੱਚ ਰੋਕ ਲਗਾਉਣ ਦੀ ਲੋੜ ਹੈ ਤਾਂ ਜੋ ਬੱਚਿਆਂ ਨੂੰ ਸੰਤੁਲਿਤ ਖ਼ੁਰਾਕ ਦੀ ਮਹੱਤਤਾ ਸਮਝ ਆਵੇ ਤੇ ਬੱਚੇ ਸਿਹਤਮੰਦ ਹੋ ਸਕਣ। ਲਹੂ ਦੀ ਕਮੀ ਨਾਲ ਬੱਚਿਆਂ ਦੀ ਯਾਦਾਸ਼ਤ ਵੀ ਘੱਟ ਹੋ ਜਾਂਦੀ ਹੈ ਤੇ ਥਕਾਵਟ ਵੀ ਛੇਤੀ ਹੋ ਜਾਂਦੀ ਹੈ।