Liquor drink in winter: ਸਰਦੀਆਂ ਵਿੱਚ ਠੰਢ ਤੋਂ ਬਚਣ ਲਈ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਸ਼ਰਾਬ ਪੀਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ ਤੇ ਇਸ ਤਰ੍ਹਾਂ ਠੰਢ ਤੋਂ ਬਚਾਅ ਹੁੰਦਾ ਹੈ। ਸ਼ਾਇਦ ਇਹੀ ਸੋਚ ਹੈ ਕਿ ਗਰਮੀਆਂ ਦੇ ਮੁਕਾਬਲੇ ਸਰਦੀਆਂ ਵਿੱਚ ਜ਼ਿਆਦਾ ਸ਼ਰਾਬ ਦਾ ਸੇਵਨ ਕੀਤਾ ਜਾਂਦਾ ਹੈ ਪਰ ਮਾਹਿਰਾਂ ਅਨੁਸਾਰ ਸ਼ਰਾਬ ਪੀਣ ਨਾਲ ਸਰੀਰ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ ਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਵਧ ਜਾਂਦਾ ਹੈ।


ਕੀ ਕਹਿੰਦੇ ਮਾਹਰ 
ਮਾਹਿਰਾਂ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਸ਼ਰਾਬ ਪੀਣ ਨਾਲ ਸਰੀਰ ਦਾ ਅੰਦਰੂਨੀ ਤਾਪਮਾਨ ਹੋਰ ਵੀ ਡਿੱਗ ਜਾਂਦਾ ਹੈ। ਇਸ ਕਾਰਨ ਖੂਨ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ। ਧਮਨੀਆਂ ਦੇ ਸੁਗੜਨ ਕਾਰਨ ਖੂਨ ਦਾ ਵਹਾਅ ਵਧ ਜਾਂਦਾ ਹੈ। ਇਸ ਕਾਰਨ ਬਲੱਡ ਪ੍ਰੈਸ਼ਰ ਵਧਦਾ ਹੈ। ਇਸ ਦੇ ਨਾਲ ਹੀ ਸ਼ਰਾਬ ਕਾਰਨ ਸਰਦੀਆਂ ਵਿੱਚ ਖੂਨ ਦੇ ਥੱਕੇ ਬਣਨ ਤੇ ਪਲੇਕ ਦੇ ਫਟਣ ਦੀ ਸੰਭਾਵਨਾ ਵਧ ਜਾਂਦੀ ਹੈ। ਇਹ ਦਿਲ ਦੇ ਦੌਰੇ ਦਾ ਕਾਰਨ ਬਣ ਜਾਂਦੀ ਹੈ।


ਪਿਛਲੇ ਕੁਝ ਮਹੀਨਿਆਂ ਤੋਂ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਠੰਢ ਦਾ ਕਹਿਰ ਜਾਰੀ ਹੈ। ਕਈ ਅਧਿਐਨਾਂ ਦਾ ਕਹਿਣਾ ਹੈ ਕਿ ਸਰਦੀਆਂ 'ਚ ਦਿਲ ਦੇ ਦੌਰੇ ਦਾ ਖਤਰਾ 33 ਫੀਸਦੀ ਵਧ ਜਾਂਦਾ ਹੈ। ਅਜਿਹੇ 'ਚ ਗੈਰ-ਸਿਹਤਮੰਦ ਭੋਜਨ, ਸ਼ਰਾਬ ਦਾ ਸੇਵਨ ਤੇ ਸਿਗਰਟਨੋਸ਼ੀ ਇਸ ਖਤਰੇ ਨੂੰ ਹੋਰ ਵਧਾ ਦਿੰਦੇ ਹਨ। 


ਲੋਕਾਂ ਦਾ ਮੰਨਣਾ ਹੈ ਕਿ ਸ਼ਰਾਬ ਸਰੀਰ ਨੂੰ ਗਰਮ ਕਰਦੀ ਹੈ। ਇਸ ਲਈ ਲੋਕ ਸਰਦੀਆਂ 'ਚ ਜ਼ਿਆਦਾ ਸ਼ਰਾਬ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਸ਼ਰਾਬ ਸਰੀਰ ਨੂੰ ਕੁਝ ਸਮੇਂ ਲਈ ਗਰਮ ਰੱਖਦੀ ਹੈ ਪਰ ਉਸ ਤੋਂ ਬਾਅਦ ਅਚਾਨਕ ਸਰੀਰ ਠੰਢਾ ਹੋ ਜਾਂਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵਧ ਜਾਂਦਾ ਹੈ।


ਤਾਪਮਾਨ ਵਿੱਚ ਗਿਰਾਵਟ ਕਾਰਨ ਬਲੱਡ ਪ੍ਰੈਸ਼ਰ ਵਧਣਾ ਵੀ ਇੱਕ ਆਮ ਸਮੱਸਿਆ ਹੈ, ਪਰ ਸਰਦੀਆਂ ਵਿੱਚ ਸਰੀਰਕ ਗਤੀਵਿਧੀਆਂ ਦੀ ਕਮੀ ਤੇ ਹੋਰ ਕਾਰਨਾਂ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਇਹ ਸਮੱਸਿਆਵਾਂ ਜ਼ਿਆਦਾਤਰ ਬਜ਼ੁਰਗਾਂ ਵਿੱਚ ਦੇਖਣ ਨੂੰ ਮਿਲਦੀਆਂ ਹਨ। ਇਸ ਲਈ ਇਨ੍ਹਾਂ ਲੋਕਾਂ ਨੂੰ ਠੰਢ ਦੇ ਮੌਸਮ 'ਚ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ।


ਦਿਲ ਦੇ ਦੌਰੇ ਨੂੰ ਰੋਕਣ ਦੇ ਤਰੀਕੇ
ਸਰਦੀਆਂ 'ਚ ਠੰਢ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਵਧ ਜਾਂਦੇ ਹਨ, ਇਨ੍ਹਾਂ ਤੋਂ ਬਚਣ ਲਈ ਇਹ ਤਰੀਕੇ ਅਪਣਾਏ ਜਾ ਸਕਦੇ ਹਨ।


1. ਸਰੀਰ ਦਾ ਤਾਪਮਾਨ ਨਾਰਮਲ ਰੱਖਣ ਦੀ ਕੋਸ਼ਿਸ਼ ਕਰੋ। ਇਸ ਲਈ ਆਪਣੇ ਸਿਰ 'ਤੇ ਟੋਪੀ ਪਾ ਕੇ ਰੱਖੋ, ਹੱਥਾਂ 'ਤੇ ਦਸਤਾਨੇ ਤੇ ਪੈਰਾਂ ਨੂੰ ਜੁਰਾਬਾਂ ਨਾਲ ਢੱਕ ਕੇ ਰੱਖੋ।
2. ਸਰਦੀਆਂ ਵਿੱਚ ਸਾਦੇ ਪਾਣੀ ਦੀ ਬਜਾਏ ਕੋਸਾ ਪਾਣੀ ਹੀ ਪੀਓ।
3. ਸਰਦੀਆਂ ਵਿੱਚ ਸਾਦਾ ਭੋਜਨ ਖਾਓ, ਜ਼ਿਆਦਾ ਤਲੇ ਤੇ ਮਸਾਲੇਦਾਰ ਭੋਜਨ ਤੋਂ ਪ੍ਰਹੇਜ਼ ਕਰੋ।
4. ਰੋਜ਼ਾਨਾ ਕਸਰਤ ਕਰੋ, ਬਾਹਰ ਜਾਣ ਦੀ ਬਜਾਏ ਅੱਧਾ ਘੰਟਾ ਘਰ ਵਿੱਚ ਹੀ ਸੈਰ ਕਰੋ।
5. ਸ਼ਰਾਬ ਤੇ ਸਿਗਰਟ ਦਾ ਸੇਵਨ ਨਾ ਕਰੋ।
6. ਬਲੱਡ ਪ੍ਰੈਸ਼ਰ ਨੂੰ ਨਾਰਮਲ ਰੱਖੋ, ਬਲੱਡ ਪ੍ਰੈਸ਼ਰ ਦੀ ਲਗਾਤਾਰ ਨਿਗਰਾਨੀ ਕਰਦੇ ਰਹੋ।
7. ਟੈਨਸ਼ਨ ਨਾ ਲਓ।
8. ਜੇਕਰ ਤੁਸੀਂ ਕੋਈ ਦਵਾਈ ਲੈ ਰਹੇ ਹੋ, ਤਾਂ ਆਪਣੀਆਂ ਦਵਾਈਆਂ ਸਮੇਂ ਸਿਰ ਲਓ।