Heart Attack: ਲਖਨਊ ਦੇ ਸਕੂਲ ਵਿੱਚ 9ਵੀਂ ਵਿੱਚ ਪੜ੍ਹਦੇ ਵਿਦਿਆਰਥੀ ਦੀ ਜਮਾਤ ਵਿੱਚ ਦਿਲ ਦੇ ਦੌਰਾ ਕਾਰਨ ਮੌਤ ਹੋ ਗਈ। ਉਹ ਦੌਰਾ ਪੈਣ ਮਗਰੋਂ ਡਿੱਗ ਗਿਆ ਤੇ ਬਾਅਦ ਵਿੱਚ ਹਸਪਤਾਲ ਪਹੁੰਚਦਿਆਂ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੰਨੀ ਛੋਟੀ ਉਮਰ ਵਿੱਚ ਹਾਰਟ ਅਟੈਕ ਨੇ ਸਿਹਤ ਮਾਹਿਰਾਂ ਨੂੰ ਵੀ ਹੈਰਾਨੀ ਵਿੱਚ ਪਾ ਦਿੱਤਾ ਹੈ।


ਹਾਸਲ ਜਾਣਕਾਰੀ ਮੁਤਾਬਕ ਸਿਟੀ ਮੌਂਟੇਸਰੀ ਸਕੂਲ ਅਲੀਗੰਜ ਬ੍ਰਾਂਚ ਦਾ 9ਵੀਂ ਦਾ ਵਿਦਿਆਰਥੀ 14 ਸਾਲਾ ਆਤਿਫ ਸਿੱਦੀਕੀ ਬੁੱਧਵਾਰ ਨੂੰ ਕੈਮਿਸਟਰੀ ਕਲਾਸ ਦੌਰਾਨ ਬੇਹੋਸ਼ ਹੋ ਗਿਆ। ਸਕੂਲ ਅਧਿਆਪਕ ਤੇ ਸਕੂਲ ਦੀ ਨਰਸ ਵੱਲੋਂ ਉਸ ਨੂੰ ਤੁਰੰਤ ਕਾਰ ਵਿੱਚ ਬਿਠਾ ਕੇ ਨੇੜਲੇ ਪ੍ਰਾਈਵੇਟ ਨਰਸਿੰਗ ਹੋਮ ਵਿੱਚ ਲਿਜਾਇਆ ਗਿਆ। ਜਦੋਂ ਡਾਕਟਰ ਦੁਆਰਾ ਕਈ ਵਾਰ ਕਾਰਡੀਓਪਲਮੋਨਰੀ ਰੀਸਸੀਟੇਸ਼ਨ (ਸੀਪੀਆਰ) ਦੇਣ ਦੇ ਬਾਵਜੂਦ ਬੱਚੇ ਨੂੰ ਹੋਸ਼ ਨਹੀਂ ਆਇਆ ਤਾਂ ਕਿਹਾ ਕਿ ਬੱਚੇ ਨੂੰ ਸ਼ਾਇਦ ਦਿਲ ਦਾ ਦੌਰਾ ਪਿਆ ਹੈ। ਉਸ ਨੂੰ ਤੁਰੰਤ ਕਾਰਡੀਓਲਾਜੀ ਹਸਪਤਾਲ ਲਿਜਾਇਆ ਗਿਆ। ਕਾਰਡੀਓਲੋਜੀ ਐਮਰਜੈਂਸੀ ਵਿੱਚ ਪਹੁੰਚਣ ‘ਤੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। 




ਪਿਛਲੇ ਇੱਕ ਸਾਲ ਤੋਂ ਅਚਨਕ ਵਧਣ ਲੱਗੇ ਕੇਸ
ਦਰਅਸਲ ਪਿਛਲੇ ਇੱਕ ਸਾਲ ਵਿੱਚ ਦੇਸ਼ ਭਰ ਵਿੱਚ ਦਿਲ ਦੇ ਦੌਰੇ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋਇਆ ਹੈ। ਸਭ ਤੋਂ ਵੱਡੀ ਗੱਲ ਹੈ ਕਿ 20 ਤੋਂ 40 ਸਾਲ ਦੀ ਉਮਰ ਦੇ ਲੋਕਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ। ਦੇਖਿਆ ਜਾ ਰਿਹਾ ਹੈ ਕਿ ਜਿੰਮ 'ਚ ਜਾਂ ਡਾਂਸ ਕਰਦੇ ਸਮੇਂ ਦਿਲ ਦਾ ਦੌਰਾ ਪੈ ਰਿਹਾ ਹੈ। ਇਸ ਕਰਕੇ ਸਿਹਤ ਮਾਹਿਰ ਵੀ ਹੈਰਾਨ ਹਨ।



ਕੋਰੋਨਾ ਵਾਇਰਸ ਨੂੰ ਮੰਨਿਆ ਜਾ ਰਿਹਾ ਵੱਡਾ ਕਾਰਨ
ਅਹਿਮ ਗੱਲ ਹੈ ਕਿ ਬਹੁਤ ਸਾਰੇ ਮਾਮਲਿਆਂ ਵਿੱਚ ਕੋਈ ਵੀ ਲੱਛਣ ਨਜ਼ਰ ਨਹੀਂ ਆਉਂਦੇ। ਇੱਥੋਂ ਤੱਕ ਕਿ ਇੱਕ ਤੰਦਰੁਸਤ ਦਿਖਾਈ ਦੇਣ ਵਾਲੇ ਵਿਅਕਤੀ ਨੂੰ ਵੀ ਦਿਲ ਦਾ ਦੌਰਾ ਪੈ ਰਿਹਾ ਹੈ ਤੇ ਮੌਤ ਹੋ ਰਹੀ ਹੈ। ਉਧਰ, ਡਾਕਟਰਾਂ ਦਾ ਕਹਿਣਾ ਹੈ ਕਿ ਅਚਾਨਕ ਦਿਲ ਦਾ ਦੌਰਾ ਪੈਣ ਦਾ ਵੱਡਾ ਕਾਰਨ ਕੋਰੋਨਾ ਵਾਇਰਸ ਹੈ। ਕੋਰੋਨਾ ਵਾਇਰਸ ਕਾਰਨ ਦਿਲ ਦੇ ਦੌਰੇ ਦੇ ਮਾਮਲੇ ਇੰਨੇ ਵੱਧ ਰਹੇ ਹਨ। ਇਸ ਵਾਇਰਸ ਨੇ ਉਨ੍ਹਾਂ ਲੋਕਾਂ ਦੇ ਹਰ ਅੰਗ ਨੂੰ ਪ੍ਰਭਾਵਿਤ ਕੀਤਾ ਹੈ ਜੋ ਕੋਵਿਡ ਨਾਲ ਗੰਭੀਰ ਰੂਪ 'ਚ ਪ੍ਰਭਾਵਿਤ ਸਨ। 



ਕੋਵਿਡ ਵਾਇਰਸ ਕਾਰਨ ਦਿਲ ਦੀਆਂ ਨਾੜੀਆਂ ਵਿੱਚ ਖੂਨ ਦੇ ਥੱਕੇ ਬਣ ਰਹੇ ਹਨ ਜਿਸ ਕਾਰਨ ਦਿਲ ਦਾ ਦੌਰਾ ਪੈ ਰਿਹਾ ਹੈ। ਕੋਰੋਨਾ ਵਾਇਰਸ ਦਿਲ ਦੀਆਂ ਮਾਸਪੇਸ਼ੀਆਂ ਵਿੱਚ ਸੋਜ (ਮਾਇਓਕਾਰਡਾਈਟਿਸ) ਤੇ ਖੂਨ ਦੇ ਥੱਕੇ ਬਣਨ ਦਾ ਕਾਰਨ ਬਣ ਰਿਹਾ ਹੈ। ਖਾਸ ਤੌਰ 'ਤੇ ਜਿਨ੍ਹਾਂ ਲੋਕਾਂ ਦੇ ਸਰੀਰ 'ਚ ਪਹਿਲਾਂ ਹੀ ਬੀਮਾਰੀਆਂ ਹਨ, ਉਨ੍ਹਾਂ ਨੂੰ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਜ਼ਿਆਦਾ ਹੈ। ਅਜਿਹੇ ਲੋਕਾਂ ਵਿੱਚ ਦਿਲ ਦੇ ਦੌਰੇ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।


ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਕਾਰਨ ਦਿਲ ਦੀਆਂ ਨਾੜੀਆਂ ਵਿੱਚ ਬਲਾਕੇਜ ਹੋਈ ਹੈ, ਜਿਸ ਕਾਰਨ ਦਿਲ ਦੇ ਦੌਰੇ ਵਧ ਰਹੇ ਹਨ। ਇਸੇ ਕਰਕੇ ਦੇਖਿਆ ਜਾ ਰਿਹਾ ਹੈ ਕਿ ਅਚਾਨਕ ਲੋਕਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ ਤੇ ਮੌਤ ਹੋ ਰਹੀ ਹੈ। ਦਿਲ ਦੀਆਂ ਨਾੜੀਆਂ ਵਿੱਚ ਬਣ ਰਹੇ ਖੂਨ ਦੇ ਥੱਕੇ ਆਸਾਨੀ ਨਾਲ ਨਹੀਂ ਲੱਭੇ ਜਾ ਸਕਦੇ।


ਇਸ ਦੇ ਕੋਈ ਲੱਛਣ ਦਿਖਾਈ ਨਹੀਂ ਦਿੰਦੇ ਪਰ ਇਸ ਖੂਨ ਦੇ ਥੱਕੇ ਕਾਰਨ ਦਿਲ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਦਿਲ ਨੂੰ ਖੂਨ ਪੰਪ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਇਸ ਕਾਰਨ ਦਿਲ 'ਤੇ ਦਬਾਅ ਵਧ ਰਿਹਾ ਹੈ ਤੇ ਹਾਰਟ ਅਟੈਕ ਹੋ ਰਹੇ ਹਨ। ਕੋਵਿਡ ਨੇ ਲਗਪਗ ਹਰ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ। ਇਸੇ ਕਾਰਨ ਨੌਜਵਾਨਾਂ ਤੇ ਬੱਚਿਆਂ ਨੂੰ ਵੀ ਦਿਲ ਦਾ ਦੌਰਾ ਪੈ ਰਿਹਾ ਹੈ।


ਡਾਕਟਰਾਂ ਦੀ ਸਲਾਹ ਹੈ ਕਿ ਫਿਲਹਾਲ ਦਿਲ ਦੇ ਦੌਰੇ ਤੋਂ ਬਚਣ ਲਈ ਇਹ ਜ਼ਰੂਰੀ ਹੈ ਕਿ ਲੋਕ ਇਹ ਜਾਣ ਸਕਣ ਕਿ ਉਨ੍ਹਾਂ ਦੇ ਦਿਲ ਦੀਆਂ ਨਾੜੀਆਂ 'ਚ ਕੋਈ ਰੁਕਾਵਟ ਤਾਂ ਨਹੀਂ। ਇਹ ਪਤਾ ਲਾਉਣ ਲਈ ਕੁਝ ਟੈਸਟ ਕੀਤੇ ਜਾ ਸਕਦੇ ਹਨ। ਜਿਵੇਂ 2 ਡੀ ਈਕੋਕਾਰਡੀਓਗ੍ਰਾਫੀ, ਈਸੀਜੀ, ਐਂਜੀਓਗ੍ਰਾਫੀ ਤੇ ਟ੍ਰੈਡਮਿਲ ਤਣਾਅ ਟੈਸਟ ਆਦਿ।