Makki Ki Roti Benefits: ਉੱਤਰ ਭਾਰਤ ਦੇ ਵਿੱਚ ਸਰਦ ਰੁੱਤ ਚੱਲ ਰਹੀ ਹੈ। ਜਿਸ ਕਰਕੇ ਲੋਕ ਠੰਡ ਵਾਲੇ ਸੀਜ਼ਨ ਦਾ ਆਨੰਦ ਮਾਣ ਰਹੇ ਹਨ। ਸਰਦੀਆਂ ਦੇ ਵਿੱਚ ਲੋਕਾਂ ਦਾ ਖਾਣ-ਪੀਣ ਵੱਧ ਜਾਂਦਾ ਹੈ। ਕਿਉਂਕਿ ਸਰਦ ਰੁੱਤ ਵਿੱਚ ਖੂਬ ਹਰੀਆਂ ਸਬਜ਼ੀਆਂ ਆਉਂਦੀਆਂ ਨੇ। ਨਾਲ ਹੀ ਬਾਜ਼ਾਰਾਂ ਦੇ ਵਿੱਚ ਸਰ੍ਹੋਂ ਦੇ ਸਾਗ ਆ ਜਾਂਦਾ ਹੈ। ਜਿਸ ਕਰਕੇ ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਖਾਣ ਦੀ ਇੱਛਾ ਵੀ ਵੱਧ ਜਾਂਦੀ ਹੈ। ਸਰ੍ਹੋਂ ਦੇ ਸਾਗ ਦਾ ਸਵਾਦ ਮੱਕੀ ਦੀ ਰੋਟੀ ਤੋਂ ਬਿਨਾਂ ਅਧੂਰਾ ਲੱਗਦਾ ਹੈ। ਆਮ ਤੌਰ 'ਤੇ ਇਹ ਪਕਵਾਨ ਜ਼ਿਆਦਾਤਰ ਪੰਜਾਬੀ ਰਸੋਈ ਵਿੱਚ ਤਿਆਰ ਕੀਤਾ ਜਾਂਦਾ ਹੈ। ਪਰ ਇਸਦੇ ਸਵਾਦ ਅਤੇ ਇਸਦੇ ਸਿਹਤ ਲਾਭਾਂ ਨੂੰ ਦੇਖਦੇ ਹੋਏ ਦੇਸ਼ ਭਰ ਦੇ ਲੋਕ ਇਸਨੂੰ ਖਾਣਾ ਪਸੰਦ ਕਰਦੇ ਹਨ।
ਜੇਕਰ ਮੱਕੀ ਦੀ ਰੋਟੀ ਦੀ ਗੱਲ ਕਰੀਏ ਤਾਂ ਇਸ ਵਿੱਚ ਮੈਂਗਨੀਜ਼, ਪੋਟਾਸ਼ੀਅਮ, ਜ਼ਿੰਕ, ਆਇਰਨ, ਫਾਸਫੋਰਸ, ਕਾਪਰ, ਸੇਲੇਨਿਅਮ, ਵਿਟਾਮਿਨ ਏ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੋ ਨਾ ਸਿਰਫ ਵਿਅਕਤੀ ਦੀ ਇਮਿਊਨਿਟੀ ਨੂੰ ਮਜ਼ਬੂਤ ਰੱਖਦਾ ਹੈ ਸਗੋਂ ਮੋਟਾਪੇ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਿਵਾਉਣ 'ਚ ਵੀ ਮਦਦ ਕਰ ਸਕਦਾ ਹੈ। ਆਓ ਜਾਣਦੇ ਹਾਂ ਸਵਾਦ ਅਤੇ ਸਿਹਤ ਨਾਲ ਭਰਪੂਰ ਮੱਕੀ ਦੀ ਰੋਟੀ ਖਾਣ ਨਾਲ ਸਰੀਰ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ।
ਮੱਕੀ ਦੀ ਰੋਟੀ ਖਾਣ ਦੇ ਫਾਇਦੇ-
ਅਨੀਮੀਆ ਵਿੱਚ ਫਾਇਦੇਮੰਦ-
ਸਰੀਰ ਵਿੱਚ ਲਾਲ ਰਕਤਾਣੂਆਂ ਦੀ ਕਮੀ ਕਾਰਨ ਵਿਅਕਤੀ ਨੂੰ ਅਨੀਮੀਆ ਦੀ ਸ਼ਿਕਾਇਤ ਹੋਣ ਲੱਗਦੀ ਹੈ। ਅਜਿਹੀ ਸਥਿਤੀ ਵਿੱਚ ਮੱਕੀ ਦੀ ਰੋਟੀ ਦਾ ਸੇਵਨ ਸਰੀਰ ਵਿੱਚ ਅਨੀਮੀਆ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਜੇਕਰ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਹੈ ਤਾਂ ਮੱਕੀ ਦੀ ਰੋਟੀ ਖਾਓ।
ਕਬਜ਼-
ਮੱਕੀ ਦੇ ਆਟੇ ਦਾ ਸੇਵਨ ਕਰਨ ਨਾਲ ਸਰੀਰ ਨੂੰ ਫਾਈਬਰ ਦੀ ਕਾਫੀ ਮਾਤਰਾ ਮਿਲਦੀ ਹੈ, ਜਿਸ ਨਾਲ ਨਾ ਸਿਰਫ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਸਗੋਂ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
ਭਾਰ ਘਟਾਉਣਾ-
ਮੱਕੀ ਦੇ ਆਟੇ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਐਨਰਜੀ ਦਾ ਪੱਧਰ ਠੀਕ ਰਹਿੰਦਾ ਹੈ। ਇਸ 'ਚ ਮੌਜੂਦ ਫਾਈਬਰ ਦੇ ਕਾਰਨ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ ਅਤੇ ਵਿਅਕਤੀ ਨੂੰ ਭੁੱਖ ਨਹੀਂ ਲੱਗਦੀ। ਜਿਸ ਕਾਰਨ ਭਾਰ ਵਧਣ ਦੀ ਸਮੱਸਿਆ ਨਹੀਂ ਹੁੰਦੀ ਹੈ। ਇਹ ਪਾਚਨ ਪ੍ਰਣਾਲੀ ਨੂੰ ਹੁਲਾਰਾ ਦੇ ਕੇ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ।
ਜੋੜਾਂ ਦੀ ਸਮੱਸਿਆ-
ਜ਼ਿੰਕ, ਮੈਗਨੀਸ਼ੀਅਮ, ਆਇਰਨ, ਫਾਸਫੋਰਸ ਵਰਗੇ ਪੌਸ਼ਟਿਕ ਤੱਤ ਵਾਲੀਆਂ ਮੱਕੀ ਦੀ ਰੋਟੀ ਦਾ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇੰਨਾ ਹੀ ਨਹੀਂ, ਮੱਕੀ ਦੀ ਰੋਟੀ ਦਾ ਸੇਵਨ ਨਾ ਸਿਰਫ ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਬਲਕਿ ਗਠੀਆ ਅਤੇ ਓਸਟੀਓਪੋਰੋਸਿਸ ਵਰਗੀਆਂ ਗੰਭੀਰ ਸਮੱਸਿਆਵਾਂ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ।
ਦਿਲ ਦੀ ਸਿਹਤ-
ਮੱਕੀ ਦੀ ਰੋਟੀ ਦਾ ਸੇਵਨ ਤੁਹਾਡੇ ਦਿਲ ਦੀ ਸਿਹਤ ਦਾ ਵੀ ਧਿਆਨ ਰੱਖਦਾ ਹੈ। ਸਰਦੀਆਂ ਵਿੱਚ ਇਸ ਦਾ ਸੇਵਨ ਸਰੀਰ ਵਿੱਚ ਖ਼ਰਾਬ ਕੋਲੈਸਟ੍ਰਾਲ ਨੂੰ ਘਟਾ ਕੇ ਚੰਗੇ ਕੋਲੈਸਟ੍ਰਾਲ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਮੱਕੀ ਦੀ ਰੋਟੀ 'ਚ ਪਾਇਆ ਜਾਣ ਵਾਲਾ ਓਮੇਗਾ 3 ਫੈਟੀ ਐਸਿਡ ਨਾ ਸਿਰਫ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ ਸਗੋਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਕਰਦਾ ਹੈ। ਜਿਸ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਘੱਟ ਹੋ ਜਾਂਦਾ ਹੈ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।