Heart Attack and Death Risk: ਹਾਰਟ ਅਟੈਕ ਨਾਲ ਮੌਤ ਦਾ ਖਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਬਾਰੇ ਤਾਜ਼ਾ ਅਧਿਐਨ ਹੋਸ਼ ਉਡਾ ਦੇਣ ਵਾਲਾ ਹੈ। ਸਟੱਡੀ ਮੁਤਾਬਕ ਮਾਈਕ੍ਰੋਪਲਾਸਟਿਕ ਦਿਮਾਗ ਦੀ ਮੂਲ ਬਣਤਰ ਵਿੱਚ ਬਦਲਾਅ ਲਿਆ ਰਹੇ ਹਨ। ਇਸ ਲਈ ਦਿਲ ਦਾ ਦੌਰਾ ਪੈਣ, ਸਟ੍ਰੋਕ ਤੇ ਮੌਤ ਦਾ ਜੋਖਮ 4.5 ਗੁਣਾ ਵਧ ਗਿਆ ਹੈ। ਅਧਿਐਨ ਅਨੁਸਾਰ 1997 ਤੇ 2024 ਦੇ ਵਿਚਕਾਰ ਕੀਤੇ ਗਏ ਕਈ ਪੋਸਟਮਾਰਟਮ ਦੌਰਾਨ ਦਿਮਾਗ ਦੇ ਟਿਸ਼ੂ ਵਿੱਚ ਸੂਖਮ ਤੇ ਨੈਨੋ ਪਲਾਸਟਿਕ ਦੇ ਵਧੇ ਹੋਏ ਪੱਧਰ ਦਾ ਪਤਾ ਲਾਇਆ ਗਿਆ ਸੀ।
ਸਟੱਡੀ ਵਿੱਚ ਪਾਇਆ ਗਿਆ ਕਿ ਮਨੁੱਖੀ ਸਰੀਰ ਵਿੱਚ ਖਾਸ ਕਰਕੇ ਦਿਮਾਗ ਵਿੱਚ, ਮਾਈਕ੍ਰੋਪਲਾਸਟਿਕਸ ਦੀ ਮਾਤਰਾ ਤੇਜ਼ੀ ਨਾਲ ਵੱਧ ਰਹੀ ਹੈ। ਇਹ ਵਾਧਾ ਸਿਹਤ ਲਈ ਗੰਭੀਰ ਖਤਰੇ ਵੱਲ ਇਸ਼ਾਰਾ ਕਰਦਾ ਹੈ। ਜਿਗਰ ਤੇ ਗੁਰਦਿਆਂ ਨਾਲੋਂ ਦਿਮਾਗ ਵਿੱਚ ਬਹੁਤ ਜ਼ਿਆਦਾ ਮਾਤਰਾ ਵਿੱਚ ਸੂਖਮ ਪਲਾਸਟਿਕ ਦੇ ਕਣ ਇਕੱਠੇ ਹੋ ਰਹੇ ਹਨ। ਇਹ ਜਾਣਕਾਰੀ ਵੱਕਾਰੀ ਅੰਤਰਰਾਸ਼ਟਰੀ ਜਰਨਲ ਨੇਚਰ ਮੈਡੀਸਨ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵਿੱਚ ਸਾਹਮਣੇ ਆਈ ਹੈ।
ਅਧਿਐਨ ਮੁਤਾਬਕ ਮਾਈਕ੍ਰੋਪਲਾਸਟਿਕ ਦਿਮਾਗ ਦੀ ਮੂਲ ਬਣਤਰ ਵਿੱਚ ਬਦਲਾਅ ਲਿਆ ਰਹੇ ਹਨ। ਇਸ ਨਾਲ ਦਿਲ ਦਾ ਦੌਰਾ, ਸਟ੍ਰੋਕ ਤੇ ਮੌਤ ਦਾ ਖ਼ਤਰਾ 4.5 ਗੁਣਾ ਵੱਧ ਗਿਆ ਹੈ। ਅਧਿਐਨ ਅਨੁਸਾਰ 1997 ਤੇ 2024 ਦੇ ਵਿਚਕਾਰ ਕੀਤੇ ਗਏ ਕਈ ਪੋਸਟਮਾਰਟਮ ਦੌਰਾਨ ਦਿਮਾਗ ਦੇ ਟਿਸ਼ੂ ਵਿੱਚ ਸੂਖਮ ਤੇ ਨੈਨੋ ਪਲਾਸਟਿਕ ਦੇ ਵਧੇ ਹੋਏ ਪੱਧਰ ਦਾ ਪਤਾ ਲਗਾਇਆ ਗਿਆ। ਇਸੇ ਤਰ੍ਹਾਂ ਜਿਗਰ ਤੇ ਗੁਰਦੇ ਦੇ ਟਿਸ਼ੂਆਂ ਵਿੱਚ ਵੀ ਸੂਖਮ ਪਲਾਸਟਿਕ ਦੇ ਕਣ ਪਾਏ ਗਏ। ਜਿਗਰ, ਗੁਰਦੇ ਤੇ ਦਿਮਾਗ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰਨ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਗਈ। ਕੁੱਲ 52 ਦਿਮਾਗ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ 2016 ਦੇ 28 ਨਮੂਨੇ ਤੇ 2024 ਦੇ 24 ਨਮੂਨੇ ਸ਼ਾਮਲ ਹਨ। ਸਾਰੇ ਨਮੂਨਿਆਂ ਵਿੱਚ ਪਲਾਸਟਿਕ ਦੀ ਮੌਜੂਦਗੀ ਦੇ ਸਬੂਤ ਮਿਲੇ ਹਨ।
ਮਾਈਕ੍ਰੋਪਲਾਸਟਿਕਸ ਮਨੁੱਖੀ ਖੂਨ ਤੇ ਮਾਂ ਦੇ ਦੁੱਧ ਵਿੱਚ ਵੀ ਹੁੰਦੇ
ਖੋਜ ਨੇ ਮਨੁੱਖੀ ਖੂਨ, ਮਾਂ ਦੇ ਦੁੱਧ, ਪਲੈਸੈਂਟਾ ਤੇ ਸਰੀਰ ਦੇ ਹੋਰ ਹਿੱਸਿਆਂ ਵਿੱਚ ਮਾਈਕ੍ਰੋਪਲਾਸਟਿਕਸ ਦੇ ਸਬੂਤ ਵੀ ਪਾਏ ਹਨ। ਹਾਲਾਂਕਿ, ਇਹ ਪਤਾ ਲਾਉਣ ਲਈ ਹੋਰ ਖੋਜ ਦੀ ਲੋੜ ਹੈ ਕਿ ਇਹ ਸੂਖਮ ਕਣ ਸਿਹਤ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰ ਸਕਦੇ ਹਨ। ਫਿਰ ਵੀ ਵੱਖ-ਵੱਖ ਵਿਗਿਆਨਕ ਅਧਿਐਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਮਾਈਕ੍ਰੋਪਲਾਸਟਿਕਸ ਮਨੁੱਖੀ ਸਿਹਤ ਲਈ ਇੱਕ ਵੱਡਾ ਖ਼ਤਰਾ ਬਣ ਰਹੇ ਹਨ।
ਇਸ ਤਾਜ਼ਾ ਅਧਿਐਨ ਦੇ ਨਤੀਜੇ ਦਰਸਾਉਂਦੇ ਹਨ ਕਿ ਪਲਾਸਟਿਕ ਪ੍ਰਦੂਸ਼ਣ ਦਾ ਪ੍ਰਭਾਵ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਪਿਛਲੇ ਪੰਜ ਦਹਾਕਿਆਂ ਵਿੱਚ ਪਲਾਸਟਿਕ ਪ੍ਰਦੂਸ਼ਣ ਇੱਕ ਗੰਭੀਰ ਸਮੱਸਿਆ ਬਣ ਗਿਆ ਹੈ। ਉੱਚੇ ਪਹਾੜਾਂ ਤੋਂ ਲੈ ਕੇ ਸਮੁੰਦਰ ਦੀਆਂ ਡੂੰਘਾਈਆਂ ਤੱਕ, ਧਰਤੀ ਦਾ ਸ਼ਾਇਦ ਹੀ ਕੋਈ ਕੋਨਾ ਬਚਿਆ ਹੋਵੇ ਜਿੱਥੇ ਪਲਾਸਟਿਕ ਨਾ ਪਹੁੰਚਿਆ ਹੋਵੇ।
ਡਿਮੇਂਸ਼ੀਆ ਵਾਲੇ ਲੋਕਾਂ ਦੇ ਦਿਮਾਗ ਵਿੱਚ ਛੇ ਗੁਣਾ ਜ਼ਿਆਦਾ
ਸਿਹਤਮੰਦ ਲੋਕਾਂ ਦੇ ਮੁਕਾਬਲੇ ਡਿਮੈਂਸ਼ੀਆ ਦੇ ਮਰੀਜ਼ਾਂ ਦੇ ਦਿਮਾਗ ਵਿੱਚ ਮਾਈਕ੍ਰੋਪਲਾਸਟਿਕਸ ਦੀ ਮੌਜੂਦਗੀ ਬਹੁਤ ਜ਼ਿਆਦਾ ਪਾਈ ਗਈ। ਇਹ ਆਮ ਲੋਕਾਂ ਨਾਲੋਂ ਛੇ ਗੁਣਾ ਜ਼ਿਆਦਾ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ ਡਿਮੇਂਸ਼ੀਆ ਕਾਰਨ ਹੋਣ ਵਾਲੇ ਨਿਊਰੋਨਲ ਵਿਗਾੜ ਮਾਈਕ੍ਰੋਪਲਾਸਟਿਕਸ ਦੇ ਪੱਧਰ ਨੂੰ ਵਧਾ ਸਕਦਾ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਕੀ ਮਾਈਕ੍ਰੋਪਲਾਸਟਿਕਸ ਡਿਮੈਂਸ਼ੀਆ ਦਾ ਕਾਰਨ ਬਣਦੇ ਹਨ।
2016 ਵਿੱਚ ਇਕੱਠੇ ਕੀਤੇ ਗਏ ਜਿਗਰ ਤੇ ਗੁਰਦੇ ਦੇ ਨਮੂਨਿਆਂ ਵਿੱਚ ਪਲਾਸਟਿਕ ਦੀ ਮਾਤਰਾ ਲਗਪਗ ਇੱਕੋ ਜਿਹੀ ਸੀ, ਪਰ ਦਿਮਾਗ ਵਿੱਚ ਇਹ ਬਹੁਤ ਜ਼ਿਆਦਾ ਸੀ। 2016 ਦੇ ਮੁਕਾਬਲੇ 2024 ਵਿੱਚ ਜਿਗਰ ਤੇ ਦਿਮਾਗ ਦੇ ਨਮੂਨਿਆਂ ਵਿੱਚ ਜ਼ਿਆਦਾ ਬਾਰੀਕ ਪਲਾਸਟਿਕ ਦੇ ਕਣ ਪਾਏ ਗਏ। ਵਿਗਿਆਨੀਆਂ ਨੇ ਇਨ੍ਹਾਂ ਖੋਜਾਂ ਦੀ ਤੁਲਨਾ 1997 ਤੇ 2013 ਦੇ ਵਿਚਕਾਰ ਲਏ ਗਏ ਦਿਮਾਗ ਦੇ ਟਿਸ਼ੂ ਨਾਲ ਕੀਤੀ ਤੇ ਪਾਇਆ ਕਿ ਹਾਲ ਹੀ ਦੇ ਸਾਲਾਂ ਵਿੱਚ ਮਾਈਕ੍ਰੋਪਲਾਸਟਿਕ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।