Lung Cancer in Non-Smokers : ਲੰਗ ਕੈਂਸਰ (Lung Cancer) ਯਾਨੀ ਫੇਫੜਿਆਂ ਦੇ ਕੈਂਸਰ ਦਾ ਨਾਂ ਸੁਣਦੇ ਹੀ ਦਿਮਾਗ 'ਚ ਇਸ ਦੀ ਸਭ ਤੋਂ ਪਹਿਲੀ ਵਜ੍ਹਾ ਆਉਂਦੀ ਹੈ ਸਮੋਕਿੰਗ। ਸਿਗਰਟਨੋਸ਼ੀ ਕਰਨ ਨਾਲ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ, ਇਸ ਬਾਰੇ ਅਸੀਂ ਅਕਸਰ ਹੀ ਗੱਲ ਕਰਦੇ ਹਾਂ ਪਰ ਹਾਲ ਹੀ 'ਚ ਮੈਡੀਕਲ ਜਰਨਲ 'ਦਿ ਲਾਂਸੇਰਟ' 'ਚ ਆਈ ਇਕ ਸਟੱਡੀ ਇਸ ਦੇ ਬਿਲਕੁਲ ਉਲਟ ਗੱਲ ਕਹਿ ਰਹੀ ਹੈ।


ਇਸ ਸਟੱਡੀ ਮੁਤਾਬਕ, ਭਾਰਤ 'ਚ ਲੰਗ ਕੈਂਸਰ ਦੇ 50 ਫੀਸਦੀ ਮਰੀਜ਼ ਉਹ ਲੋਕ ਹਨ, ਜੋ ਨਾਨ ਸਮੋਕਰਜ਼ (Non-Smokers) ਹਨ, ਯਾਨੀ ਉਹ ਸਿਗਰਟਨੋਸ਼ੀ ਨਹੀਂ ਕਰਦੇ। ਇਸ ਸਟੱਡੀ ਤੋਂ ਇਹ ਗੱਲ ਸਾਫ਼ ਹੋ ਰਹੀ ਹੈ ਕਿ ਲੰਗ ਕੈਂਸਰ ਤੋਂ ਬਚਾਅ ਲਈ ਸਿਰਫ਼ ਤੰਬਾਕੂ ਦੇ ਸੇਵਨ ਤੋਂ ਪਰਹੇਜ਼ ਕਰਨਾ ਹੀ ਕਾਪੀ ਨਹੀਂ, ਬਲਕਿ ਇਸ ਦੇ ਹੋਰ ਰਿਸਕ ਫੈਕਟਰਜ਼ ਬਾਰੇ ਵੀ ਗੰਭੀਰਤ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ।



ਫੇਫੜਿਆਂ ਦੇ ਕੈਂਸਰ ਲਈ ਹੋਰ ਰਿਸਕ ਫੈਕਟਰਜ਼ਡ 'ਚ ਪ੍ਰਦੂਸ਼ਣ, ਜੈਨੇਟਿਕਸ, ਹਾਨੀਕਾਰਕ ਰਸਾਇਣ ਤੇ ਪੈਸਿਵ ਸਮੋਕਿੰਗ ਸ਼ਾਮਲ ਹਨ। ਇਸ ਲਈ, ਫੇਫੜਿਆਂ ਦੇ ਕੈਂਸਰ ਦੇ ਖਤਰੇ ਤੋਂ ਬਚਣ ਲਈ ਇਸਦੇ ਕਾਰਨਾਂ ਨੂੰ ਡੂੰਘਾਈ ਨਾਲ ਸਮਝਣਾ ਤੇ ਉਨ੍ਹਾਂ ਨਾਲ ਨਜਿੱਠਣ ਲਈ ਉਪਾਅ ਕਰਨਾ ਜ਼ਰੂਰੀ ਹੈ।


ਲੰਗ ਕੈਂਸਰ ਦੇ ਹੋਰ ਕਾਰਨ 


ਹਵਾ ਪ੍ਰਦੂਸ਼ਣ
ਹਵਾ ਪ੍ਰਦੂਸ਼ਣ ਭਾਰਤ ਲਈ ਬਹੁਤ ਗੰਭੀਰ ਸਮੱਸਿਆ ਹੈ। ਹਰ ਸਾਲ ਸਰਦੀਆਂ ਦੇ ਮੌਸਮ 'ਚ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਤਕ ਪਹੁੰਚਣ ਦੀਆਂ ਖਬਰਾਂ ਸਾਹਮਣੇ ਆਉਣ ਲੱਗਦੀਆਂ ਹਨ। ਪ੍ਰਦੂਸ਼ਣ ਦੀ ਸਮੱਸਿਆ ਸ਼ਹਿਰੀ ਖੇਤਰਾਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਹਵਾ 'ਚ ਮੌਜੂਦ PM 2.5 ਫੇਫੜਿਆਂ ਦੇ ਟਿਸ਼ੂਜ਼ ਨੂੰ ਡੂੰਘਾ ਨੁਕਸਾਨ ਪਹੁੰਚਾਉਂਦੇ ਹਨ ਜਿਸ ਨਾਲ ਸੋਜ ਜਾਂ ਸੈੱਲਾਂ 'ਚ ਬਦਲਾਅ ਹੁੰਦਾ ਹੈ ਜਿਸ ਨਾਲ ਫੇਫੜਿਆਂ ਦਾ ਕੈਂਸਰ ਹੋ ਸਕਦਾ ਹੈ। ਇਸ ਲਈ ਹਵਾ ਪ੍ਰਦੂਸ਼ਣ ਨੂੰ ਘਟਾਉਣ ਤੇ ਇਸ ਤੋਂ ਬਚਣ ਵੱਲ ਧਿਆਨ ਦੇਣਾ ਜ਼ਰੂਰੀ ਹੈ।


ਟੀਬੀ
Tuberculosis ਯਾਨੀ ਟੀਬੀ ਫੇਫੜਿਆਂ 'ਚ ਹੋਣ ਵਾਲੀ ਬਹੁਤ ਹੀ ਗੰਭੀਰ ਬਿਮਾਰੀ ਹੈ ਜਿਸ ਨੂੰ ਸ਼ੁਰੂ ਵਿਚ ਲੋਕ ਅਕਸਰ ਮਾਮੂਲੀ ਖੰਘ ਸਮਝ ਕੇ ਅਣਡਿੱਠ ਕਰ ਦਿੰਦੇ ਹਨ। ਭਾਰਤ 'ਚ ਟੀਬੀ ਦੇ ਮਾਮਲੇ ਵੀ ਬਹੁਤ ਜ਼ਿਆਦਾ ਹਨ, ਜੋ ਬਾਅਦ 'ਚ ਫੇਫੜਿਆਂ ਦੇ ਕੈਂਸਰ ਦਾ ਕਾਰਨ ਬਣ ਸਕਦੇ ਹਨ। ਇਸ ਲਈ ਟੀਬੀ ਦਾ ਜਲਦੀ ਤੇ ਵਧੀਆ ਇਲਾਜ ਕਰਵਾਉਣਾ ਬਹੁਤ ਜ਼ਰੂਰੀ ਹੈ।


ਹਾਨੀਕਾਰਕ ਕੈਮੀਕਲ
ਭਾਰਤ 'ਚ ਬਹੁਤ ਸਾਰੇ ਲੋਕ ਆਪਣੇ ਕਿੱਤੇ ਕਾਰਨ ਹਰ ਰੋਜ਼ ਕੁਝ ਹਾਨੀਕਾਰਕ ਰਸਾਇਣਾਂ ਨਾਲ ਭਰੀ ਹਵਾ 'ਚ ਕੰਮ ਕਰਦੇ ਹਨ। ਕੋਲ ਮਾਈਨਿੰਗ, ਲੱਕੜ ਦਾ ਕੰਮ, ਉਸਾਰੀ ਆਦਿ ਖੇਤਰਾਂ 'ਚ ਹਵਾ 'ਚ ਆਰਸੈਨਿਕ, ਐਸਬੈਸਟਸ, ਕ੍ਰੋਮੀਅਮ, ਕੈਡਮੀਅਮ ਤੇ ਕੋਲੇ ਦੇ ਕਣ ਵੱਡੀ ਮਾਤਰਾ 'ਚ ਮੌਜੂਦ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਥਾਵਾਂ ’ਤੇ ਕੰਮ ਕਰਨ ਵਾਲੇ ਕਾਰੀਗਰਾਂ ਨੂੰ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ ਰਹਿੰਦਾ ਹੈ।



ਪੈਸਿਵ ਸਮੋਕਿੰਗ
ਸਿਰਫ਼ ਸਮੋਕ ਕਰਨਾ ਹੀ ਫੇਫੜਿਆਂ ਲਈ ਹਾਨੀਕਾਰਕ ਨਹੀਂ ਹੈ ਬਲਕਿ ਕਿਸੀ ਹੋਰ ਵੱਲੋਂ ਸਿਗਰਟ ਦਾ ਛੱਡਿਆ ਧੁੰਆ ਵੀ ਫੇਫੜਿਆਂ ਲਈ ਨੁਕਸਾਨਦੇਹ ਹੁੰਦਾ ਹੈ। ਇਸ ਨੂੰ ਪੈਸਿਵ ਸਮੋਕਿੰਗ ਜਾਂ ਸੈਕੰਡ ਹੈਂਡ ਸਮੋਕ ਕਿਹਾ ਜਾਂਦਾ ਹੈ। ਭਾਰਤ ਵਿਚ ਕਈ ਲੋਕ ਪੈਸਿਵ ਸਮੋਕ ਵੀ ਕਰਦੇ ਹਨ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਵਿਚ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਇਸ ਤੋਂ ਵੀ ਬਚਣ ਦੀ ਲੋੜ ਹੈ।


ਜੈਨੇਟਿਕਸ
ਕੁਝ ਲੋਕਾਂ ਨੂੰ ਉਨ੍ਹਾਂ ਦੇ ਜੈਨੇਟਿਕਸ ਕਾਰਨ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਫੇਫੜਿਆਂ ਦਾ ਕੈਂਸਰ ਆਸਾਨੀ ਨਾਲ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ ਜੇਕਰ ਪਰਿਵਾਰ 'ਚ ਕਿਸੇ ਨੂੰ ਪਹਿਲਾਂ ਜਾਂ ਕਿਸੇ ਜੈਨੇਟਿਕ ਪਰਿਵਰਤਨ ਕਾਰਨ ਕੈਂਸਰ ਹੋਇਆ ਹੋਵੇ।


ਭਾਰਤ 'ਚ ਫੇਫੜਿਆਂ ਦੇ ਕੈਂਸਰ ਦੇ ਕੇਸ ਪੱਛਮੀ ਦੇਸ਼ਾਂ ਦੇ ਮੁਕਾਬਲੇ 10 ਸਾਲ ਪਹਿਲਾਂ ਸਾਹਮਣੇ ਆਉਂਦੇ ਹਨ ਯਾਨੀ ਇੱਥੇ ਫੇਫੜਿਆਂ ਦੇ ਕੈਂਸਰ ਦੇ ਮਰੀਜ਼ ਮੁਕਾਬਲਤਨ ਘੱਟ ਉਮਰ ਦੇ ਹਨ। ਅਜਿਹੇ 'ਚ ਜ਼ਰੂਰੀ ਹੈ ਕਿ ਲੋਕਾਂ ਨੂੰ ਫੇਫੜਿਆਂ ਦੇ ਕੈਂਸਰ ਬਾਰੇ ਜਾਗਰੂਕ ਕੀਤਾ ਜਾਵੇ, ਇਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਜਾਵੇ, ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਤੇ ਨਾਲ ਹੀ ਫੇਫੜਿਆਂ ਦੇ ਕੈਂਸਰ ਦੇ ਬਿਹਤਰ ਇਲਾਜ ਲਈ ਸਹੂਲਤਾਂ ਮੁਹੱਈਆ ਕਰਵਾਉਣ ਦੀ ਜ਼ਰੂਰਤ ਹੈ।