Panjiri Benefits In Winter: ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤੇ ਠੰਢ ਵੀ ਕੜਾਕੇ ਦੀ ਪੈਣੀ ਸ਼ੁਰੂ ਹੋ ਚੁੱਕੀ ਹੈ। ਉੱਤਰ ਭਾਰਤ ਦੇ ਵਿੱਚ ਸੀਤ ਲਹਿਰ ਨੇ ਵੀ ਜ਼ੋਰ ਫੜਿਆ ਹੋਇਆ ਹੈ। ਜਿਸ ਕਰਕੇ ਸਰਦੀਆਂ ਵਿੱਚ ਖੁਰਾਕ ਵਿੱਚ ਬਦਲਾਅ ਕਰਨਾ ਬਹੁਤ ਜ਼ਰੂਰੀ ਹੈ। ਸਰੀਰ ਨੂੰ ਠੰਡ ਤੋਂ ਬਚਾਉਣ ਲਈ ਅਤੇ ਮੌਸਮੀ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਚੰਗੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ। ਜਿਸ ਵਿੱਚੋਂ ਆਟੇ ਵਾਲੀ ਪੰਜੀਰੀ (Panjiri) ਵੀ ਇੱਕ ਹੈ।
ਜੀ ਹਾਂ ਉੱਤਰ ਭਾਰਤ ਦੇ ਵਿੱਚ ਆਟੇ ਵਾਲੀ ਪੰਜੀਰੀ ਸਰਦੀਆਂ ਦੇ ਵਿੱਚ ਖੂਬ ਸ਼ੌਕ ਦੇ ਨਾਲ ਖਾਈ ਜਾਂਦੀ ਹੈ। ਜੇ ਗੱਲ ਕਰੀਏ ਪੰਜਾਬ ਦੀ ਤਾਂ ਸਰਦੀਆਂ ਦੀ ਸ਼ੁਰੂਆਤ ਦੇ ਵਿੱਚ ਹੀ ਲਗਭਗ ਹਰ ਘਰ ਦੇ ਵਿੱਚ ਪੰਜੀਰੀ ਤਿਆਰ ਕਰ ਲਈ ਜਾਂਦੀ ਹੈ। ਵਿਦੇਸ਼ ਦੇ ਵਿੱਚ ਵੱਸਦੇ ਪੰਜਾਬੀ ਵੀ ਪੰਜੀਰੀ ਨੂੰ ਬਹੁਤ ਹੀ ਸ਼ੌਕ ਦੇ ਨਾਲ ਖਾਂਦੇ ਹਨ।
ਪੰਜੀਰੀ ਨੂੰ ਬਣਾਉਣ ਲਈ ਆਟਾ, ਘਿਓ ਅਤੇ ਸੁੱਕੇ ਮੇਵੇ ਦੀ ਵਰਤੋਂ ਕੀਤੀ ਜਾਂਦੀ ਹੈ। ਆਟੇ ਦੀ ਪੰਜੀਰੀ ਵਿੱਚ ਪ੍ਰੋਟੀਨ, ਕੈਲਸ਼ੀਅਮ, ਫਾਸਫੋਰਸ, ਆਇਰਨ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਲਈ ਜ਼ਰੂਰੀ ਹਨ। ਤੁਸੀਂ ਆਪਣੀ ਸਰਦੀਆਂ ਦੀ ਖੁਰਾਕ 'ਚ ਪੰਜੀਰੀ ਜ਼ਰੂਰ ਸ਼ਾਮਲ ਕਰੋ, ਰੋਜ਼ਾਨਾ ਇਸ ਨੂੰ ਖਾਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਇਹ ਤੁਹਾਡੇ ਸਰੀਰ ਨੂੰ ਗਰਮੀ ਦਿੰਦੀ ਹੈ।
ਸਰਦੀਆਂ ਵਿੱਚ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ। ਅਜਿਹੇ 'ਚ ਆਟੇ ਦੇ ਨਾਲ ਤਿਆਰ ਕੀਤੀ ਪੰਜੀਰੀ ਦਾ ਸੇਵਨ ਕਰਨਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ। ਇਹ ਇਮਿਊਨਿਟੀ ਵਧਾਉਣ 'ਚ ਸਹਾਇਤਾ ਕਰਦੀ ਹੈ। ਪੰਜੀਰੀ 'ਚ ਮੌਜੂਦ ਘਿਓ, ਗੂੰਦ ਅਤੇ ਸੁੱਕੇ ਮੇਵੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਜੋ ਤੁਹਾਨੂੰ ਸਰਦੀਆਂ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ।
ਪੰਜੀਰੀ ਵਿੱਚ ਘਿਓ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਘਰਾਂ ਦੇ ਵਿੱਚ ਘਿਓ ਇਸ ਲਈ ਜੋੜਿਆ ਜਾਂਦਾ ਹੈ ਕਿ ਠੰਡ ਦੇ ਮੌਸਮ ਦੇ ਵਿੱਚ ਪਾਈ ਜਾਣ ਵਾਲੀ ਪੰਜੀਰੀ (Panjiri ) ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾ ਸਕੇ। ਪੰਜੀਰੀ ਵਿੱਚ ਵਿਟਾਮਿਨ-ਏ, ਵਿਟਾਮਿਨ-ਬੀ, ਵਿਟਾਮਿਨ-ਈ ਅਤੇ ਵਿਟਾਮਿਨ-ਕੇ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਜੋ ਪਾਚਨ ਕਿਰਿਆ ਨੂੰ ਵਧਾਉਂਦੇ ਹਨ। ਜੇਕਰ ਤੁਸੀਂ ਪਾਚਨ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਸਰਦੀਆਂ ਦੇ ਮੌਸਮ 'ਚ ਪੰਜੀਰੀ ਜ਼ਰੂਰ ਖਾਣੀ ਚਾਹੀਦੀ ਹੈ।
ਸਰਦੀਆਂ ਵਿੱਚ ਭਾਰ ਵਧਣ ਦੀ ਸਮੱਸਿਆ ਆਮ ਹੋ ਜਾਂਦੀ ਹੈ, ਅਜਿਹੀ ਸਥਿਤੀ ਵਿੱਚ ਤੁਸੀਂ ਆਪਣਾ ਭਾਰ ਬਰਕਰਾਰ ਰੱਖਣ ਲਈ ਪੰਜੀਰੀ ਨੂੰ ਆਪਣੀ ਭਾਰ ਘਟਾਉਣ ਵਾਲੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਇਸ ਨੂੰ ਖਾਣ ਨਾਲ ਪੇਟ ਜ਼ਿਆਦਾ ਦੇਰ ਤੱਕ ਭਰਿਆ ਰਹਿੰਦਾ ਹੈ ਜਿਸ ਕਰਕੇ ਤੁਹਾਨੂੰ ਵਾਰ-ਵਾਰ ਖਾਣ ਦੀ ਜ਼ਰੂਰਤ ਨਹੀਂ ਪੈਂਦੀ ਅਤੇ ਇਸ ਤਰ੍ਹਾਂ ਇਹ ਤੁਹਾਡੀ ਭਾਰ ਘੱਟ ਵਿੱਚ ਵੀ ਮਦਦ ਕਰਦੀ ਹੈ।
ਸਰਦੀਆਂ ਵਿੱਚ ਅਕਸਰ ਲੋਕ ਜੋੜਾਂ ਅਤੇ ਸਰੀਰ ਦੇ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹਨ। ਇਸ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਕੁਦਰਤੀ ਉਪਾਅ ਅਪਣਾਉਂਦੇ ਹਨ। ਪੰਜੀਰੀ ਵਿੱਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਫਾਈਬਰ ਅਤੇ ਹੋਰ ਚਰਬੀ ਪਾਈ ਜਾਂਦੀ ਹੈ। ਇਸ ਨਾਲ ਤੁਹਾਡੀਆਂ ਹੱਡੀਆਂ ਸਿਹਤਮੰਦ ਰਹਿੰਦੀਆਂ ਹਨ।
ਸਰਦੀਆਂ ਵਿੱਚ ਜੇਕਰ ਤੁਸੀਂ ਰੋਜ਼ਾਨਾ ਪੰਜੀਰੀ ਖਾਂਦੇ ਹੋ ਤਾਂ ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ। ਇਸ ਵਿੱਚ ਪ੍ਰੋਟੀਨ ਅਤੇ ਹੈਲਦੀ ਫੈਟ ਪਾਏ ਜਾਂਦੇ ਹਨ। ਇਸ ਨੂੰ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਪੰਜੀਰੀ ਨੂੰ ਸਰਦੀ ਦੇ ਵਿੱਚ ਕਿਸੇ ਵੀ ਸਮੇਂ ਖਾਇਆ ਜਾ ਸਕਦਾ ਹੈ। ਪਰ ਜ਼ਿਆਦਾਤਰ ਇਸ ਦਾ ਸੇਵਨ ਸਵੇਰੇ-ਸਵੇਰੇ ਚਾਹ ਦੇ ਨਾਲ ਕੀਤਾ ਜਾਂਦਾ ਹੈ। ਇਸ ਨਾਲ ਸਰੀਰ ਨੂੰ ਕਾਫੀ ਊਰਜ ਹਾਸਿਲ ਹੁੰਦੀ ਹੈ।
ਹੋਰ ਪੜ੍ਹੋ : ਸਵੇਰੇ ਖਾਲੀ ਪੇਟ ਭੁੱਲ ਕੇ ਵੀ ਨਾ ਖਾਓ-ਪੀਓ ਇਹ 6 ਚੀਜ਼ਾਂ, ਸਿਹਤ ਲਈ ਘਾਤਕ!
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।