ਚੰਡੀਗੜ੍ਹ: ਮੋਬਾਈਲ ਫੋਨ ਦਾ ਜ਼ਿਆਦਾ ਇਸਤੇਮਾਲ ਕਰਨਾ ਵੀ ਮੋਟਾਪਾ ਵਧਣ ਦਾ ਇੱਕ ਕਾਰਨ ਹੋ ਸਕਦਾ ਹੈ। ਕੈਲੀਫੋਰਨੀਆ ਦੀ ਸੀਮੋਨ ਬੋਲੀਵਰ ਯੂਨੀਵਰਸਿਟੀ ਦੁਆਰਾ ਹਾਲ ਹੀ ਵਿੱਚ ਕੀਤੀ ਖੋਜ ਅਨੁਸਾਰ ਸਾਰੇ ਦਿਨ ਵਿੱਚ 5 ਘੰਟੇ ਮੋਬਾਈਲ ਦੀ ਵਰਤੋਂ ਨਾਲ ਮੋਟਾਪਾ ਵਧਣ ਦਾ ਖ਼ਤਰਾ 43 ਫੀਸਦੀ ਤਕ ਵਧ ਜਾਂਦਾ ਹੈ। ਖੋਜ ਵਿੱਚ ਇਸ ਦਾ ਕਾਰਨ ਮੋਬਾਈਲ ਵਿੱਚ ਵਿਅਸਤ ਰਹਿਣ ਕਰਕੇ ਸਰੀਰਕ ਗਤੀਵਿਧੀ ਦੀ ਘਾਟ ਤੇ ਵਧੇਰੇ ਖਾਣਾ ਦੱਸਿਆ ਗਿਆ ਹੈ।

ਖੋਜੀਆਂ ਨੇ ਖੋਜ ਵਿੱਚ 1000 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ। ਜੂਨ ਤੋਂ ਦਸੰਬਰ 2018 ਦਰਮਿਆਨ ਕੀਤੀ ਗਈ ਖੋਜ ਵਿੱਚ ਇਹ ਸਾਹਮਣੇ ਆਇਆ ਹੈ ਕਿ ਫੋਨ ਦੀ ਜ਼ਿਆਦਾ ਵਰਤੋਂ ਕਰਨ ਵਾਲੇ ਵਿਦਿਆਰਥੀ ਮਿੱਠੇ ਪੀਣ ਵਾਲੇ ਪਦਾਰਥ, ਫਾਸਟ ਫੂਡ ਤੇ ਕੈਂਡੀ ਖਾਂਦੇ ਹਨ। ਕਸਰਤ ਘੱਟ ਕੀਤੀ ਜਾਂਦੀ ਹੈ। ਖੋਜੀਆਂ ਦਾ ਕਹਿਣਾ ਹੈ ਕਿ ਇਹ ਆਦਤ ਪਾਚਕ ਸ਼ਕਤੀ ਨੂੰ ਘਟਾਉਂਦੀ ਹੈ ਤੇ ਨੀਂਦ ਨਾ ਆਉਣ ਦੀ ਸਮੱਸਿਆ ਨੂੰ ਵਧਾਉਂਦੀ ਹੈ। ਇਸ ਨਾਲ ਵਜ਼ਨ ਵਧਣ ਲੱਗਦਾ ਹੈ।

ਖੋਜਕਰਤਾ ਤੇ ਦਿਲ ਦੇ ਰੋਗਾਂ ਦੇ ਮਾਹਰ ਪ੍ਰੋ. ਮਿਰੇਰੀ ਮੈਂਟੀਲਾ-ਮੋਰੋਨ ਦੇ ਅਨੁਸਾਰ ਖੋਜ ਤੋਂ ਸਮਝ ਆਉਂਦਾ ਹੈ ਕਿ ਮਰੀਜ਼ ਦੇ ਹੱਥਾਂ ਵਿੱਚ ਫੋਨ ਹੀ ਖਰਾਬ ਸਿਹਤ ਦਾ ਮੁੱਖ ਕਾਰਨ ਕਿਉਂ ਹੈ? ਲਗਾਤਾਰ ਮੋਟਾਪਾ ਵਧਣ ਨਾਲ ਦਿਲ ਦੇ ਰੋਗਾਂ ਦਾ ਖਤਰਾ ਵਾ ਵਧਾਉਂਦਾ ਹੈ।