New Virus Alert: ਕੋਰੋਨਾ ਮਗਰੋਂ ਇੱਕ ਹੋਰ ਮਹਾਮਾਰੀ ਫੈਲਣ ਦਾ ਖਤਰਾ ਹੈ। ਅਗਲੀ ਮਹਾਮਾਰੀ ਦਾ ਵਾਇਰਸ ਵੀ ਚੀਨ ਵਿੱਚ ਪਣਪ ਰਿਹਾ ਹੈ। ਦਰਅਸਲ ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ SARS-CoV-2 (ਨੋਵਲ ਕੋਰੋਨਾਵਾਇਰਸ) ਚੀਨ ਤੋਂ ਫੈਲਿਆ ਸੀ। ਹੁਣ ਇੱਕ ਵਾਰ ਫਿਰ ਚੀਨ ਤੋਂ ਡਰਾਉਣੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇੱਕ ਤਾਜ਼ਾ ਅਧਿਐਨ ਨੇ ਚੀਨ ਦੇ ਫਰ ਫਾਰਮਾਂ ਵਿੱਚ ਸੈਂਕੜੇ ਵਾਇਰਸਾਂ ਦੀ ਪਛਾਣ ਕੀਤੀ ਹੈ ਜੋ ਮਨੁੱਖਾਂ ਲਈ ਗੰਭੀਰ ਖ਼ਤਰਾ ਬਣ ਸਕਦੇ ਹਨ।
ਖੋਜਕਰਤਾਵਾਂ ਨੇ ਫਰ ਫਾਰਮਾਂ ਤੋਂ ਜਾਨਵਰਾਂ ਵਿੱਚ ਲਗਪਗ 125 ਕਿਸਮਾਂ ਦੇ ਵਾਇਰਸਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ 36 ਵਾਇਰਸ ਬਿੱਲਕੁਲ ਨਵੇਂ ਹਨ। ਇਨ੍ਹਾਂ ਬਾਰੇ ਵਿਗਿਆਨੀ ਵੀ ਅਣਜਾਣ ਹਨ। ਇਸ ਤੋਂ ਇਲਾਵਾ 39 ਕਿਸਮਾਂ ਦੇ ਅਜਿਹੇ ਵਾਇਰਸ ਪਾਏ ਗਏ ਹਨ ਜਿਨ੍ਹਾਂ ਨਾਲ ਜਾਨਵਰਾਂ ਤੇ ਮਨੁੱਖਾਂ ਨੂੰ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ।
ਚੀਨੀ ਖੋਜਕਰਤਾਵਾਂ ਦੀ ਅਗਵਾਈ ਵਿੱਚ ਕੀਤੇ ਗਏ ਇਸ ਅਧਿਐਨ ਦੇ ਆਧਾਰ 'ਤੇ ਵਾਇਰਸ ਵਿਗਿਆਨੀ ਐਡਵਰਡ ਹੋਮਜ਼ ਨੇ ਵਾਇਰਸ ਦੀ ਨਿਗਰਾਨੀ ਵਧਾਉਣ ਦੀ ਫੌਰੀ ਲੋੜ 'ਤੇ ਜ਼ੋਰ ਦਿੱਤਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜੇਕਰ ਇਹ ਵਾਇਰਸ ਫੈਲਦੇ ਹਨ ਤਾਂ ਇਹ ਵਿਸ਼ਵ ਪੱਧਰ 'ਤੇ ਵੱਡੀਆਂ ਸਮੱਸਿਆਵਾਂ ਪੈਦਾ ਕਰ ਸਕਦੇ ਹਨ। ਇਸ ਨਾਲ ਕੋਰੋਨਾ ਵਾਇਰਸ ਤੋਂ ਬਾਅਦ ਚੀਨ ਇੱਕ ਵਾਰ ਫਿਰ ਦੁਨੀਆ ਦੇ ਨਿਸ਼ਾਨੇ 'ਤੇ ਆ ਗਿਆ ਹੈ।
ਕਈ ਨਵੀਆਂ ਕਿਸਮਾਂ ਦੇ ਵਾਇਰਸਾਂ ਦਾ ਪਤਾ ਲੱਗਾ
ਨੇਚਰ ਜਰਨਲ ਵਿੱਚ ਪ੍ਰਕਾਸ਼ਿਤ ਇਸ ਖੋਜ ਵਿੱਚ 2021 ਤੋਂ 2024 ਤੱਕ ਕਰੀਬ 461 ਜਾਨਵਰਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ ਪਾਲਤੂ ਤੇ ਜੰਗਲੀ ਜਾਨਵਰ ਵੀ ਸ਼ਾਮਲ ਹਨ। ਵਿਗਿਆਨੀਆਂ ਨੇ ਦੱਸਿਆ ਕਿ ਫਾਰਮਾਂ ਵਿੱਚ ਪਾਏ ਗਏ ਵਾਇਰਸਾਂ ਵਿੱਚ ਹੈਪੇਟਾਈਟਸ ਈ, ਜਾਪਾਨੀ ਇਨਸੇਫਲਾਈਟਿਸ ਤੇ 13 ਨਵੀਆਂ ਕਿਸਮਾਂ ਦੇ ਵਾਇਰਸ ਸ਼ਾਮਲ ਹਨ।
ਵਾਇਰਲੋਜਿਸਟ ਐਡਵਰਡ ਹੋਮਸ ਨੇ ਖਤਰਨਾਕ ਵਾਇਰਸ ਦੇ ਫੈਲਣ ਵਿੱਚ ਫਰ ਫਾਰਮਾਂ ਦੀ ਭੂਮਿਕਾ 'ਤੇ ਚਿੰਤਾ ਜ਼ਾਹਰ ਕੀਤੀ ਹੈ ਤੇ ਇਸ ਉਦਯੋਗ ਨੂੰ ਤੁਰੰਤ ਬੰਦ ਕਰਨ ਦੀ ਸਲਾਹ ਦਿੱਤੀ ਹੈ। ਹੋਮਸ ਨੇ ਕਿਹਾ ਹੈ ਕਿ ਭਵਿੱਖ ਦੇ ਪ੍ਰਕੋਪ ਨੂੰ ਰੋਕਣ ਲਈ ਸਖ਼ਤ ਉਪਾਵਾਂ ਦੀ ਲੋੜ ਹੈ।
ਖਤਰਨਾਕ ਵਾਇਰਸ ਫੈਲ ਰਿਹਾ
ਅਧਿਐਨ ਰਿਪੋਰਟਾਂ ਮੁਤਾਬਕ ਪਛਾਣੇ ਗਏ ਵਾਇਰਸਾਂ ਵਿੱਚ ਪਿਪਿਸਟ੍ਰੇਲਸ ਬੈਟ HKU5-ਲਾਇਕ ਵਾਇਰਸ, ਜੋ ਪਹਿਲਾਂ ਚਮਗਿੱਦੜਾਂ ਵਿੱਚ ਪਾਇਆ ਜਾਂਦਾ ਸੀ, ਹੁਣ ਮਿੰਕ ਵਿੱਚ ਵੀ ਪਾਇਆ ਗਿਆ ਹੈ। ਇਹ ਮਿਡਲ ਈਸਟ ਰੈਸਪੀਰੇਟਰੀ ਸਿੰਡਰੋਮ (MERS) ਕੋਰੋਨਾਵਾਇਰਸ ਵਰਗਾ ਹੈ, ਜੋ ਮਨੁੱਖਾਂ ਲਈ ਘਾਤਕ ਸਾਬਤ ਹੋ ਸਕਦਾ ਹੈ।
ਹੋਮਜ਼ ਨੇ ਚੇਤਾਵਨੀ ਦਿੱਤੀ ਹੈ ਕਿ ਚਮਗਿੱਦੜ ਤੋਂ ਮਿੰਕ ਤੱਕ ਇਸ ਦੇ ਪ੍ਰਸਾਰ ਨੂੰ ਇੱਕ ਗੰਭੀਰ ਚੇਤਾਵਨੀ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਜੇਕਰ ਸਮੇਂ ਸਿਰ ਪ੍ਰਭਾਵੀ ਉਪਾਅ ਨਾ ਕੀਤੇ ਗਏ ਤਾਂ ਸਾਨੂੰ ਕਰੋਨਾ ਤੋਂ ਵੀ ਵੱਧ ਖਤਰਨਾਕ ਇਨਫੈਕਸ਼ਨ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੀ ਕਹਿੰਦੀ ਰਿਪੋਰਟ ?
ਅਧਿਐਨ ਦੇ ਨਤੀਜੇ ਸੁਝਾਅ ਦਿੰਦੇ ਹਨ ਕਿ ਫਰ ਫਾਰਮ ਜਾਨਵਰਾਂ ਤੇ ਮਨੁੱਖਾਂ ਵਿਚਕਾਰ ਵਾਇਰਸ ਸੰਚਾਰ ਲਈ ਇੱਕ ਸੁਵਿਧਾਜਨਕ ਮਾਧਿਅਮ ਬਣਾ ਸਕਦੇ ਹਨ। ਖੋਜਕਰਤਾਵਾਂ ਨੇ ਬਰਡ ਫਲੂ ਦੇ ਵਾਇਰਸਾਂ ਦੇ ਨਾਲ-ਨਾਲ ਗਿਨੀ ਪਿਗ, ਮਿੰਕ ਤੇ ਮਸਕਰੈਟ ਵਰਗੇ ਜਾਨਵਰਾਂ ਵਿੱਚ ਸੱਤ ਕਿਸਮ ਦੇ ਕੋਰੋਨਵਾਇਰਸ ਦਾ ਪਤਾ ਲਗਾਇਆ ਹੈ। ਹਾਲਾਂਕਿ ਉਨ੍ਹਾਂ ਵਿੱਚੋਂ ਕੋਈ ਵੀ ਸਾਰਸ-ਕੋਵੀ 2 ਨਾਲ ਸਬੰਧਤ ਨਹੀਂ। ਵਿਗਿਆਨੀ ਰੈਕੂਨ ਕੁੱਤਿਆਂ ਤੇ ਮਿੰਕ ਨੂੰ ਵਾਇਰਸ ਦੇ ਪ੍ਰਸਾਰ ਦੇ ਸਭ ਤੋਂ ਸੰਭਾਵੀ ਤੌਰ 'ਤੇ ਖਤਰਨਾਕ ਸਾਧਨ ਮੰਨਦੇ ਹਨ।
ਅਗਲੇ ਵਿਸ਼ਵਵਿਆਪੀ ਪ੍ਰਕੋਪ ਦਾ ਖਤਰਾ
ਇਹ ਧਿਆਨ ਦੇਣ ਯੋਗ ਹੈ ਕਿ ਡੈਨਮਾਰਕ ਨੇ ਕੋਵਿਡ-19 ਦੀਆਂ ਚਿੰਤਾਵਾਂ ਕਾਰਨ 2020 ਵਿੱਚ ਪੂਰੀ ਮਿੰਕ ਆਬਾਦੀ ਨੂੰ ਖਤਮ ਕਰ ਦਿੱਤਾ ਸੀ, ਪਰ ਬਾਅਦ ਵਿੱਚ ਮਿੰਕ ਫਾਰਮਿੰਗ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਸੀ। ਹੋਮਜ਼ ਤੇ ਹੋਰ ਮਾਹਿਰ ਜ਼ੋਰ ਦਿੰਦੇ ਹਨ ਕਿ ਫਰ ਫਾਰਮ ਅਗਲੇ ਵਿਸ਼ਵ ਪ੍ਰਕੋਪ ਦਾ ਕਾਰਨ ਬਣ ਸਕਦੇ ਹਨ।
ਇਸ ਚੇਤਾਵਨੀ ਨੂੰ ਗਲੋਬਲ ਪੱਧਰ 'ਤੇ ਗੰਭੀਰਤਾ ਨਾਲ ਲੈਣਾ ਤੇ ਫਰ ਦੀ ਖੇਤੀ ਨਾਲ ਪੈਦਾ ਹੋਣ ਵਾਲੇ ਖਤਰਿਆਂ ਨੂੰ ਘੱਟ ਕਰਨ ਲਈ ਨੀਤੀਆਂ ਨੂੰ ਲਾਗੂ ਕਰਨਾ ਜ਼ਰੂਰੀ ਹੈ, ਨਹੀਂ ਤਾਂ ਭਵਿੱਖ ਵਿੱਚ ਦੁਨੀਆ ਨੂੰ ਕਈ ਮਹਾਂਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।