ਚੰਡੀਗੜ੍ਹ :ਆਸਟਰੇਲੀਆਈ ਤੇ ਅਮਰੀਕੀ ਵਿਗਿਆਨੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਇੱਕ ਅਜਿਹੀ ਇਲਾਸਟਿਕ ਸਰਜੀਕਲ ਗਲੂ ਤਿਆਰ ਕੀਤੀ ਹੈ ਜਿਹੜੀ ਖਰਾਬ ਤੋਂ ਖਰਾਬ ਸੱਟ ਤੇ ਜ਼ਖ਼ਮ ਨੂੰ ਵੀ ਤੇਜ਼ੀ ਨਾਲ ਸੀਲ ਕਰ ਸਕਦੀ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਗਲੂ ਦੀ ਵਰਤੋਂ ਕਰਨ ਦੌਰਾਨ ਜ਼ਖ਼ਮ ਉੱਤੇ ਸਟੇਪਲ ਜਾਂ ਟਾਂਕੇ ਲਾਉਣ ਦੀ ਲੋੜ ਵੀ ਨਹੀਂ ਪਵੇਗੀ।
ਇਹ ਨਵੀਂ ਗਲੂ ਮੁਸ਼ਕਲ ਨਾਲ ਸੀਲ ਹੋਣ ਵਾਲੇ ਜ਼ਖ਼ਮਾਂ ਜਾਂ ਅਕਸਰ ਵੱਧ ਜਾਣ ਵਾਲੇ ਜ਼ਖ਼ਮਾਂ ਜਿਵੇਂ ਕਿ ਫੇਫੜਿਆਂ, ਦਿਲ ਤੇ ਆਰਟਰੀਜ਼ ਆਦਿ ਲਈ ਕਾਫੀ ਕਾਰਗਰ ਮੰਨੀ ਜਾ ਰਹੀ ਹੈ। ਟਿਸ਼ੂਜ਼ ਨੂੰ ਜੋੜਨ ਵਾਲੀ ਗਲੂ ਕੋਈ ਨਵੀਂ ਨਹੀਂ ਹੈ ਤੇ ਜ਼ਖ਼ਮਾਂ ਨੂੰ ਬੰਦ ਕਰਨ ਲਈ ਟਾਂਕਿਆਂ ਜਾਂ ਸਟੇਪਲਜ਼ ਦੀ ਥਾਂ ਉੱਤੇ ਅਕਸਰ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਖ਼ਮਾਂ ਨੂੰ ਸੀਲ ਕਰਨ ਲਈ ਟਾਂਕਿਆਂ ਦੀ ਥਾਂ ਉੱਤੇ ਇਨ੍ਹਾਂ ਦੀ ਵਰਤੋਂ ਆਸਾਨੀ ਤੇ ਜਲਦੀ ਨਾਲ ਕੀਤੀ ਜਾ ਸਕਦੀ ਹੈ। ਇਸ ਨਾਲ ਕਿਸੇ ਕਿਸਮ ਦੇ ਨਿਸ਼ਾਨ ਵੀ ਨਹੀਂ ਪੈਂਦੇ।
ਇਸ ਸਮੇਂ ਮਾਰਕਿਟ ਵਿੱਚ ਮੌਜੂਦ ਕਈ ਤਰ੍ਹਾਂ ਦੇ ਜ਼ਖ਼ਮਾਂ ਨੂੰ ਜੋੜਨ ਵਾਲੇ ਗਲੂ ਵਰਗੇ ਪਦਾਰਥ ਸੌਖਿਆਂ ਹੀ ਮੁੜ ਖੁੱਲ੍ਹ ਸਕਦੇ ਹਨ, ਉਹ ਚੰਗੀ ਤਰ੍ਹਾਂ ਜ਼ਖ਼ਮ ਨੂੰ ਵੀ ਨਹੀਂ ਜੋੜਦੇ ਤੇ ਉਹ ਐਨੇ ਲਚੀਲੇ ਵੀ ਨਹੀਂ ਹੁੰਦੇ ਕਿ ਪਸਾਰ ਨੂੰ ਬਰਦਾਸਤ ਕਰ ਸਕਣ। ਯੂਨੀਵਰਸਿਟੀ ਆਫ ਸਿਡਨੀ ਦੇ ਬਾਇਓਮੈਡੀਕਲ ਇੰਜੀਨੀਅਰਜ਼ ਤੇ ਬੋਸਟਨ, ਮੈਸਾਚਿਊਸੈਟਸ ਦੇ ਤਿੰਨ ਮੈਡੀਕਲ ਇੰਸਟੀਚਿਊਸ਼ਨਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚਮੜੀ ਨੂੰ ਆਪਸ ਵਿੱਚ ਜੋੜਨ ਵਾਲੇ ਮਟੀਰੀਅਲ ਦੀਆਂ ਸਮੱਸਿਆਵਾਂ ਖ਼ਤਮ ਕਰ ਦਿੱਤੀਆਂ ਹਨ। ਉਨ੍ਹਾਂ ਵੱਲੋਂ ਹੁਣ ਇਸ ਤਰ੍ਹਾਂ ਦੀ ਗਲੂ ਤਿਆਰ ਕੀਤੀ ਗਈ ਹੈ ਜਿਹੜੀ ਅੰਦਰੂਨੀ ਜ਼ਖ਼ਮਾਂ ਨੂੰ ਜੋੜ ਦਿਆ ਕਰੇਗੀ। ਪਹਿਲਾਂ ਅਜਿਹੇ ਜ਼ਖ਼ਮਾਂ ਨੂੰ ਜੋੜਨ ਲਈ ਸਟੇਪਲਜ਼ ਜਾਂ ਟਾਂਕਿਆਂ ਦੀ ਲੋੜ ਪੈਂਦੀ ਸੀ।
ਇਸ ਗਲੂ ਨੂੰ “ਮੀ ਟਰੋ” ਦਾ ਨਾਂ ਦਿੱਤਾ ਗਿਆ ਹੈ ਤੇ ਇਸ ਨੂੰ ਜ਼ਖ਼ਮ ਵਿੱਚ ਭਰ ਦਿੱਤਾ ਜਾਂਦਾ ਹੈ ਤੇ ਯੂਵੀ ਲਾਈਟ ਦੇ ਇਸਤੇਮਾਲ ਮਗਰੋਂ ਇਹ ਸਿਰਫ 60 ਸੈਕਿੰਡ ਵਿੱਚ ਹੀ ਸੈੱਟ ਹੋ ਜਾਂਦੀ ਹੈ। ਇਸ ਹਫਤੇ ਛਪੇ “ਸਾਇੰਸ ਟਰਾਂਸਲੇਸ਼ਨਲ ਮੈਡੀਸਿਨਜ਼” ਨਾਂ ਦੇ ਪੇਪਰ ਵਿੱਚ ਖੋਜਕਾਰੀਆਂ ਨੇ ਆਖਿਆ ਕਿ ਉਨ੍ਹਾਂ ਦਾ ਇਹ ਜੈੱਲ ਨੁਮਾ ਪਦਾਰਥ ਤੇਜ਼ੀ ਨਾਲ ਤੇ ਸਫਲਤਾ ਨਾਲ ਜ਼ਖ਼ਮਾਂ ਨੂੰ ਸੀਲ ਕਰਦਾ ਹੈ। ਇਸ ਦਾ ਤਜਰਬਾ ਰੋਡੈਂਟਸ ਤੇ ਸੂਰਾਂ ਉੱਤੇ ਕੀਤਾ ਜਾ ਚੁੱਕਿਆ ਹੈ। ਪਰ ਅਜੇ ਤੱਕ ਮਨੁੱਖਾਂ ਉੱਤੇ ਇਸ ਨੂੰ ਨਹੀਂ ਅਜਮਾਇਆ ਗਿਆ।