ਚੰਡੀਗੜ੍ਹ: ਬਾਡੀ ਡਿਸਮਾਰਫਿਕ ਡਿਸਆਰਡਰ (BDD), ਇਹ ਹੈ ਖੂਬਸੂਰਤ ਹੁੰਦਿਆਂ ਬਦਸੂਰਤ ਦਿੱਸਣ ਦਾ ਭਰਮ ਹੋਣ ਵਾਲੇ ਲੋਕਾਂ ਨੂੰ ਲੱਗਣ ਵਾਲੀ ਬਿਮਾਰੀ। ਖੋਜ ਮੁਤਾਬਕ ਇਹ ਬਿਮਾਰੀ 50 'ਚੋਂ ਇੱਕ ਵਿਅਕਤੀ 'ਚ ਪਾਈ ਜਾਂਦੀ ਹੈ। ਇਸ ਬਿਮਾਰੀ ਦੀ ਲਪੇਟ ਵਿੱਚ ਆਏ ਇਨਸਾਨ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਉਹ ਬਦਸੂਰਤ ਦਿੱਸਦਾ ਹੈ, ਉਸ ਦੇ ਚਿਹਰੇ ਵਿੱਚ ਕੋਈ ਦੋਸ਼ ਹੈ। ਬੀ.ਡੀ.ਡੀ. ਪੀੜਤ ਵਿਅਕਤੀ ਨੂੰ ਵਾਰ-ਵਾਰ ਸ਼ੀਸ਼ਾ ਦੇਖਣ ਦੀ ਆਦਤ ਵੀ ਹੋ ਜਾਂਦੀ ਹੈ ਪਰ ਸਾਡੇ ਵਿੱਚੋਂ ਬਹੁਤੇ ਇਸ ਬਿਮਾਰੀ ਬਾਰੇ ਨਹੀਂ ਹਾਲਾਂਕਿ ਕੁਝ ਡਾਕਟਰਾਂ ਨੂੰ ਵੀ ਇਸ ਬਿਮਾਰੀ ਬਾਰੇ ਜਾਣਕਾਰੀ ਨਹੀਂ ਹੈ।


ਇਸ ਬਿਮਾਰੀ ਨਾਲ ਪੀੜਤ ਨੌਜਵਾਨ ਕੁੜੀਆਂ ਜਾਂ ਮੁੰਡੇ ਸ਼ੀਸ਼ਾ ਦੇਖਦਿਆਂ ਹੀ ਆਪਣੇ ਚਿਹਰੇ ਨੂੰ ਕਰੂਪ ਸਮਝਣ ਲੱਗ ਜਾਂਦੇ ਹਨ। ਪੀੜਤ ਨੂੰ ਮਹਿਸੂਸ ਹੁੰਦਾ ਹੈ ਕਿ ਉਸ ਦੇ ਚਿਹਰੇ 'ਤੇ ਦਾਗ ਹਨ। ਚਮੜੀ ਉਬੜ-ਖਾਬੜ ਲੱਗਦੀ ਹੈ, ਨੱਕ ਦੀ ਸ਼ੇਪ ਸਹੀ ਨਹੀਂ ਲੱਗਦੀ, ਅੱਖਾਂ ਧੱਸੀਆਂ ਹੋਈਆਂ ਲੱਗਦੀਆਂ ਹਨ। ਗੱਲ ਕੀ ਚਿਹਰੇ ਦਾ ਹਰ ਅੰਗ ਟੇਢਾ-ਮੇਢਾ ਦਿੱਸਦਾ ਹੈ। ਪੀੜਤ ਨੂੰ ਆਪਣੀ ਖੂਬਸੂਰਤੀ ਦਾ ਅਹਿਸਾਸ ਹੀ ਨਹੀਂ ਹੁੰਦਾ।


ਇਸ ਬਿਮਾਰੀ ਦੇ ਰੋਗੀ ਬਾਹਰ ਨਿਕਲਣ ਤੋਂ ਕਤਰਾਉਂਦੇ ਹਨ, ਉਨ੍ਹਾਂ ਨੂੰ ਜਨਤਕ ਥਾਵਾਂ 'ਤੇ ਜਾਣ ਦੀ ਬਜਾਏ ਘਰ 'ਚ ਹੀ ਰਹਿਣਾ ਚੰਗਾ ਲੱਗਦਾ ਹੈ। ਸਕੂਲ ਜਾਣਾ ਬੰਦ ਕਰ ਦਿੰਦੇ ਹਨ। ਵਾਰ-ਵਾਰ ਸ਼ੀਸ਼ਾ ਦੇਖਣ ਦੇ ਨਾਲ ਬਹੁਤ ਜ਼ਿਆਦਾ ਮੇਕਅਪ ਕਰਨਾ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ। ਜੇ ਉਹ ਬਾਹਰ ਲੋਕਾਂ ਵਿੱਚ ਵਿਚਰਦੇ ਹਨ ਤਾਂ ਉਨ੍ਹਾਂ ਦਾ ਧਿਆਨ ਸਿਰਫ ਇਸ ਗੱਲ ਵੱਲ ਰਹਿੰਦਾ ਹੈ ਕਿ ਕੌਣ ਉਸ ਵੱਲ ਦੇਖ ਰਿਹਾ ਹੈ, ਕੌਣ ਦੇਖ ਕੇ ਹੱਸ ਰਿਹਾ ਹੈ ਤੇ ਕੌਣ ਉਸ ਬਾਰੇ ਗੱਲ ਕਰ ਰਿਹਾ ਹੈ।


ਅਜਿਹੇ ਪੀੜਤ ਫੋਟੋ ਖਿਚਵਾਉਣ ਤੋਂ ਵੀ ਕੰਨੀਂ ਕਤਰਾਉਂਦੇ ਹਨ। ਸੋ, ਧਿਆਨ ਰੱਖੋ ਕਿਧਰੇ ਤੁਹਾਨੂੰ ਜਾਂ ਤੁਹਾਡੇ ਆਸ-ਪਾਸ ਰਹਿੰਦੇ ਦੋਸਤਾਂ-ਮਿੱਤਰਾਂ 'ਚ ਅਜਿਹੇ ਲੱਛਣ ਦੇਖੇ ਜਾ ਰਹੇ ਨੇ ਤਾਂ ਤੁਰੰਤ ਸਪੈਸ਼ਲਿਸਟ ਕੋਲ ਚੈਕਅਪ ਜ਼ਰੂਰ ਕਰਵਾਓ। ਕੋਸ਼ਿਸ਼ ਕਰੋ ਕਿ ਜ਼ਿਆਦਾ ਸ਼ੀਸ਼ਾ ਦੇਖਣ ਤੋਂ ਪਰਹੇਜ਼ ਕਰੀਏ ਤੇ ਸਭ ਤੋਂ ਵੱਡੀ ਗੱਲ ਚਮੜੀ ਦੀ ਸੁੰਦਰਤਾ ਨਾਲੋਂ ਸ਼ੁਭ ਗੁਣਾਂ ਦੀ ਸੁੰਦਰਤਾ ਦਾ ਖਿਆਲ ਕਰੀਏ।