Black Carrot Benefits: ਅਕਸਰ ਸੁਣਿਆ ਹੋਏਗਾ ਕਿ ਗਾਜਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਲਈ ਲੋਕ ਸਰਦੀਆਂ ਦੇ ਮੌਸਮ ਵਿੱਚ ਇਸ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰਦੇ ਹਨ। ਕੁਝ ਮਿੱਠੇ ਪਕਵਾਨ ਬਣਾਉਂਦੇ ਹਨ ਤੇ ਕੁਝ ਸਲਾਦ ਤੇ ਸਬਜ਼ੀ ਦੇ ਰੂਪ 'ਚ ਗਾਜਰ ਖਾਂਦੇ ਹਨ ਪਰ ਕੀ ਤੁਸੀਂ ਕਦੇ ਕਾਲੀ ਗਾਜਰ ਖਾਧੀ ਹੈ।
ਜੀ ਹਾਂ, ਗਾਜਰ ਸਿਰਫ਼ ਲਾਲ ਜਾਂ ਸੰਤਰੀ ਹੀ ਨਹੀਂ ਸਗੋਂ ਕਾਲੇ ਜਾਂ ਜਾਮਨੀ ਰੰਗ ਦੀ ਵੀ ਹੁੰਦੀ ਹੈ। ਕਾਲੀ ਗਾਜਰ ਨੂੰ ਦੇਸੀ ਗਾਜਰ ਵੀ ਕਿਹਾ ਜਾਂਦਾ ਹੈ। ਇਹ ਗਾਜਰ ਖਾਣ ਦੇ ਕਈ ਫਾਇਦੇ ਹੁੰਦੇ ਹਨ। ਗਾਜਰ ਸ਼ਕਤੀਸ਼ਾਲੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ ਜੋ ਕਈ ਸਿਹਤ ਸਥਿਤੀਆਂ ਨੂੰ ਲਾਭ ਪਹੁੰਚਾਉਣ ਲਈ ਜਾਣੀ ਜਾਂਦੀ ਹੈ। ਆਓ ਜਾਣਦੇ ਹਾਂ ਕਾਲੀ ਗਾਜਰ ਦੇ ਫਾਇਦਿਆਂ ਬਾਰੇ-
1. ਪਾਚਨ ਤੰਤਰ ਨੂੰ ਮਜ਼ਬੂਤ ਕਰੇ
ਸਰਦੀਆਂ ਵਿੱਚ ਕਾਲੀ ਗਾਜਰ ਖਾਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਨਾਲ ਭੋਜਨ ਦੇ ਪਚਣ 'ਚ ਸੁਧਾਰ ਹੁੰਦਾ ਹੈ। ਕਾਲੀ ਗਾਜਰ 'ਚ ਕਾਫੀ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਕਬਜ਼ ਤੇ ਐਸੀਡਿਟੀ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰ ਦਿੰਦਾ ਹੈ।
ਕੈਂਸਰ ਨਾਲ ਲੜਨ 'ਚ ਅਸਰਦਾਰ
ਕਈ ਖੋਜਾਂ ਦਰਸਾਉਂਦੀਆਂ ਹਨ ਕਿ ਕਾਲੀ ਗਾਜਰ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟਸ 'ਚ ਕੈਂਸਰ ਨਾਲ ਲੜਨ ਦੇ ਗੁਣ ਹੁੰਦੇ ਹਨ। ਇਹ ਖੁਲਾਸਾ ਚੂਹਿਆਂ 'ਤੇ ਕੀਤੀ ਗਈ ਖੋਜ ਵਿੱਚ ਹੋਇਆ। ਇਸ ਖੋਜ ਵਿੱਚ ਚੂਹਿਆਂ ਨੂੰ ਕੈਂਸਰ ਵਧਾਉਣ ਵਾਲੇ ਮਿਸ਼ਰਣ ਦੇ ਸੰਪਰਕ ਵਿੱਚ ਲਿਆਂਦਾ ਗਿਆ।
ਇਸ ਤੋਂ ਬਾਅਦ ਕੁਝ ਚੂਹਿਆਂ ਨੂੰ ਖੁਰਾਕ ਵਿੱਚ ਕਾਲੀ ਗਾਜਰ ਦਾ ਅਰਕ ਦਿੱਤਾ ਗਿਆ ਤੇ ਕੁਝ ਚੂਹਿਆਂ ਨੂੰ ਆਮ ਖੁਰਾਕ ਦਿੱਤੀ ਗਈ। ਅਧਿਐਨ ਦੇ ਨਤੀਜੇ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਚੂਹਿਆਂ ਨੂੰ ਕਾਲੀ ਗਾਜਰ ਖੁਆਈ ਗਈ ਸੀ, ਉਨ੍ਹਾਂ ਉਪਰ ਕੈਂਸਰ ਘੱਟ ਵਿਕਸਤ ਹੋਇਆ ਜਦੋਂਕਿ ਉਨ੍ਹਾਂ ਦੀ ਤੁਲਨਾ ਵਿੱਚ ਜਿਨ੍ਹਾਂ ਚੂਹਿਆਂ ਨੂੰ ਸਾਧਾਰਨ ਖੁਰਾਕ ਦਿੱਤੀ ਗਈ ਸੀ, ਉਨ੍ਹਾਂ ਅੰਦਰ ਇਸੇ ਸਮੇਂ ਦੌਰਾਨ ਵੱਧ ਕੈਂਸਰ ਵਿਕਸਿਤ ਹੋਇਆ।
ਭਾਰ ਘਟਾਉਣ 'ਚ ਮਦਦਗਾਰ
ਕਾਲੀ ਗਾਜਰ ਇੱਕ ਅਜਿਹੀ ਸਬਜ਼ੀ ਹੈ, ਜਿਸ 'ਚ ਕੈਲੋਰੀ ਘੱਟ ਹੁੰਦੀ ਹੈ ਪਰ ਇਹ ਸਭ ਤੋਂ ਜ਼ਿਆਦਾ ਪੌਸ਼ਟਿਕ ਹੁੰਦੀ ਹੈ, ਜਿਸ ਕਾਰਨ ਇਸ ਨੂੰ ਭਾਰ ਘਟਾਉਣ ਲਈ ਵਧੀਆ ਭੋਜਨ ਮੰਨਿਆ ਜਾਂਦਾ ਹੈ। ਕਾਲੀ ਗਾਜਰ 'ਚ ਘੁਲਣਸ਼ੀਲ ਫਾਈਬਰ ਹੁੰਦੇ ਹਨ, ਜੋ ਤੁਹਾਡੀ ਭੁੱਖ ਤੇ ਭੋਜਨ ਦੀ ਮਾਤਰਾ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।
ਅੱਖਾਂ ਲਈ ਸਭ ਤੋਂ ਵਧੀਆ
ਕਾਲੀ ਗਾਜਰ ਅੱਖਾਂ ਨੂੰ ਸਿਹਤਮੰਦ ਰੱਖਦੀ ਹੈ। ਇਸ ਵਿੱਚ ਵਿਟਾਮਿਨ ਏ ਤੇ ਬੀਟਾ ਕੈਰੋਟੀਨ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਧਾ ਕੇ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।
ਇਮਿਊਨ ਸਿਸਟਮ ਨੂੰ ਮਜ਼ਬੂਤ ਕਰੇ
ਸਰਦੀਆਂ 'ਚ ਕਾਲੀ ਗਾਜਰ ਖਾਣ ਨਾਲ ਇਮਿਊਨਿਟੀ ਮਜ਼ਬੂਤਹੁੰਦੀ ਹੈ। ਕਾਲੀ ਗਾਜਰ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਮੌਸਮੀ ਬੀਮਾਰੀਆਂ ਤੋਂ ਬਚਾਉਂਦਾ ਹੈ।
ਗਠੀਆ ਵਿੱਚ ਲਾਭਕਾਰੀ
ਕਾਲੀ ਗਾਜਰ ਵਿੱਚ ਇੱਕ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜਿਸ ਦਾ ਨਾਮ ਐਂਥੋਸਾਈਨਿਨ ਪੋਲੀਫੇਨੋਲ ਐਂਟੀਆਕਸੀਡੈਂਟ ਹੈ। ਇਸ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਇਸ ਐਂਟੀਆਕਸੀਡੈਂਟ ਨਾਲ ਭਰਪੂਰ ਕਾਲੀ ਗਾਜਰ ਗਠੀਏ ਲਈ ਬਹੁਤ ਫਾਇਦੇਮੰਦ ਹੈ। ਇਹ ਸੋਜ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
ਇਹ ਇੱਕ ਐਂਟੀ-ਇਨਫਲੇਮੇਟਰੀ ਏਜੰਟ ਦੇ ਰੂਪ ਵਿੱਚ ਕੰਮ ਕਰਦਾ ਹੈ, ਜੋ ਨੁਕਸਾਨਦੇਹ ਮਿਸ਼ਰਣ ਪ੍ਰੋ-ਇਨਫਲੇਮੇਟਰੀ ਸਾਈਟੋਕਾਈਨ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਕਾਲੀ ਗਾਜਰ ਦਾ ਇਹ ਗੁਣ ਸਰੀਰ ਵਿੱਚ ਆਕਸੀਡੇਟਿਵ ਤਣਾਅ ਨੂੰ ਘਟਾ ਕੇ ਗਠੀਏ ਦੇ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
ਦਿਲ ਲਈ ਫਾਇਦੇਮੰਦ
ਸਰਦੀਆਂ 'ਚ ਕਾਲੀ ਗਾਜਰ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ 'ਚ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਕੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਕਾਲੀ ਗਾਜਰ ਖਾਣ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।