ਨਿਊਯਾਰਕ : ਅਲਕੋਹਲ ਦੀ ਮਾਤਰਾ ਦਾ ਪਤਾ ਲਗਾਉਣ ਲਈ ਨਵਾਂ ਤਰੀਕਾ ਈਜਾਦ ਕੀਤਾ ਗਿਆ ਹੈ। ਅਮਰੀਕੀ ਖੋਜਕਰਤਾਵਾਂ ਨੇ ਇਸ ਤਰ੍ਹਾਂ ਦਾ ਸਮਾਰਟ ਟੈਟੂ ਵਿਕਸਤ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਜਿਸ ਦੀ ਮਦਦ ਨਾਲ ਪਸੀਨੇ 'ਚ ਅਲਕੋਹਲ ਦੀ ਮਾਤਰਾ ਦਾ ਪਤਾ ਲਗਾਉਣਾ ਸੰਭਵ ਹੋ ਸਕੇਗਾ। ਉਪਕਰਣ ਦੇਖਣ 'ਚ ਟੈਟੂ ਵਰਗਾ ਹੀ ਲੱਗਦਾ ਹੈ ਪਰ ਅਸਲ 'ਚ ਇਹ ਇਕ ਬਾਇਓ ਸੈਂਸਰ ਪੈਚ ਹੁੰਦਾ ਹੈ। ਇਹ ਵਾਇਰਲੈੱਸ ਉਪਕਰਣਾਂ ਨਾਲ ਜੁੜਿਆ ਹੁੰਦਾ ਹੈ।
ਹੁਣ ਅਲਕੋਹਲ ਦਾ ਪਤਾ ਲਗਾਉਣ ਲਈ ਦਿਮਾਗ ਨਹੀਂ ਖਪਾਉਣਾ ਪਵੇਗਾ। ਮਾਹਿਰਾਂ ਮੁਤਾਬਕ ਵਿਅਰੇਬਲ ਸਕਿਨ ਟੈਟੂ ਪਸੀਨੇ 'ਚ ਅਲਕੋਹਲ ਦੀ ਮਾਤਰਾ ਦਾ ਪਤਾ ਲਗਾ ਕੇ ਇਸ ਨਾਲ ਜੁੜੀ ਜਾਣਕਾਰੀ ਸਮਾਰਟ ਫੋਨ 'ਤੇ ਭੇਜ ਦੇਵੇਗਾ। ਇਸ ਨਾਲ ਸ਼ਰਾਬ ਪੀਣ ਵਾਲੇ ਵਿਅਕਤੀ ਨੂੰ ਇਸ ਦੀ ਮਾਤਰਾ ਦੀ ਜਾਣਕਾਰੀ ਮਿਲ ਸਕੇਗੀ।
ਨਵੇਂ ਉਪਕਰਣ ਦੀ ਮਦਦ ਨਾਲ ਜ਼ਿਆਦਾ ਸ਼ਰਾਬ ਦੀ ਵਰਤੋਂ ਅਤੇ ਇਸ ਦੇ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਨੂੰ ਟਾਲਿਆ ਜਾ ਸਕੇਗਾ। ਇਸ ਦੇ ਇਲਾਵਾ ਨਸ਼ੇ 'ਚ ਹਿੰਸਾਤਮਕ ਵਿਵਹਾਰ, ਸਿਹਤ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇਗਾ।