'ਅੰਗੂਠਾ ਹਥੇਲੀ ਟੈਸਟ' ਨਾਲ ਦਿਲ ਦੇ ਕੁਝ ਰੋਗਾਂ  ਨੂੰ ਜਾਂਚਣ ਵਿੱਚ ਸਹਾਇਤਾ ਮਿਲਦੀ ਹੈ। ਇਹ ਖੁਲਾਸਾ ਤਾਜ਼ਾ ਖੋਜ ਵਿੱਚ ਹੋਇਆ ਹੈ। ਖੋਜ ਮੁਤਾਬਕ ਇਸ ਆਸਾਨ ਜਿਹੇ ਟੈਸਟ ਨਾਲ ਦਿਲ ਦੀ ਵੱਡੀ ਧਮਨੀ ਦੀ ਹੱਦੋਂ ਵੱਧ ਲੰਮਾ ਹੋਣਾ ਅਤੇ ਜਾਂ ਵੱਡੀ ਧਮਨੀ ਵਿੱਚ ਗੁਬਾਰਾ-ਨੁਮਾ ਬੁਲਬੁਲਾ ਬਣਨ ਦਾ ਪਤਾ ਲਾਇਆ ਜਾ ਸਕਦਾ ਹੈ।


ਯੇਲ ਯੂਨੀਵਰਸਿਟੀ ਦੇ ਖੋਜਕਾਰਾਂ ਮੁਤਾਬਕ ਜਿਨ੍ਹਾਂ ਲੋਕਾਂ ਦੀ ਪਰਿਵਾਰਕ ਪੀੜ੍ਹੀ ਵਿੱਚ ਦਿਲ ਦੇ ਰੋਗਾਂ ਦਾ ਇਤਿਹਾਸ ਹੋਵੇ, ਉਨ੍ਹਾਂ ਲਈ ਇਹ ਕਾਫੀ ਕਾਰਗਰ ਸਾਬਤ ਹੋ ਸਕਦਾ ਹੈ। ਇਸੇ ਹਫ਼ਤੇ ਅਮੈਰੀਕਨ ਜਨਰਲ ਆਫ਼ ਕਾਰਡੀਓਲੌਜੀ ਵਿੱਚ ਛਪੀ ਇਸ ਖੋਜ ਵਿੱਚ ਦਿਲ ਦਾ ਆਪ੍ਰੇਸ਼ਨ ਕਰਵਾਉਣ ਵਾਲੇ 305 ਮਰੀਜ਼ਾਂ ਰਾਹੀਂ ਖੋਜ ਦੇ ਨਤੀਜੇ ਤਿਆਰ ਕੀਤੇ ਗਏ ਹਨ।


 






 


ਖੋਜਕਾਰਾਂ ਦਾ ਦਾਅਵਾ ਹੈ ਕਿ ਜੇਕਰ 'ਅੰਗੂਠਾ ਹਥੇਲੀ ਟੈਸਟ' ਪਾਜ਼ੇਟਿਵ ਹੁੰਦਾ ਹੈ ਜਾਂ 'ਅੰਗੂਠਾ ਹਥੇਲੀ ਤੋਂ ਪਾਰ ਜਾਂਦਾ ਹੈ' ਤਾਂ ਹੋ ਸਕਦਾ ਹੈ ਕਿ ਉਸ ਵਿਅਕਤੀ ਦੀ ਵੱਡੀ ਧਮਨੀ ਵਿੱਚ ਸਮੱਸਿਆਵਾਂ ਹੋਣ। ਖੋਜਕਾਰਾਂ ਮੁਤਾਬਕ ਅਜਿਹਾ ਕਰਨ ਵਾਲੇ ਵਿਅਕਤੀ ਦੀਆਂ ਹੱਡੀਆਂ ਲੰਮੀਆਂ ਅਤੇ ਜੋੜ ਬੇਹੱਦ ਲਚਕੀਲੇ ਹੋਣ ਦੀ ਨਿਸ਼ਾਨੀ ਹਨ ਜੋ ਕਿ ਵੱਡੀ ਧਮਨੀ ਸਮੇਤ ਸੰਪਰਕ ਤੰਤੂਆਂ (ਕੁਨੈਕਟਿਵ ਟਿਸ਼ੂ) ਸਬੰਧੀ ਬਿਮਾਰੀਆਂ ਦੇ ਲੱਛਣ ਹੋ ਸਕਦੇ ਹਨ।


ਖੋਜ ਦੇ ਲੇਖਕ ਡਾ. ਜੌਹਨ ਏ. ਏਲਫਟ੍ਰੀਏਡਸ ਤੇ ਪ੍ਰੋ. ਵਿਲੀਅਮ ਡਬਲਿਊ.ਐਲ. ਗਲੈਨ ਮੁਤਾਬਕ ਕਿ ਪਾਜ਼ੇਟਿਵ ਅੰਗੂਠਾ-ਹਥੇਲੀ ਟੈਸਟ ਵਾਲੇ ਜ਼ਿਆਦਾਤਰ ਮਰੀਜ਼ਾਂ ਵਿੱਚ ਕਮਜ਼ੋਰ ਅਤੇ ਹੱਦੋਂ ਵੱਧ ਲੰਮੀ ਧਮਨੀ ਦੀ ਸਮੱਸਿਆ ਪਾਈ ਗਈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਵਿੱਚ ਇਸ ਰੋਗ ਦਾ ਪਤਾ ਉਦੋਂ ਲੱਗਦਾ ਸੀ ਜਦ ਧਮਨੀ ਪਾਟ ਜਾਂਦੀ ਸੀ ਭਾਵ ਉਸ ਵਿੱਚੋਂ ਖ਼ੂਨ ਦਾ ਰਿਸਾਅ ਹੋਣ ਲੱਗ ਜਾਂਦਾ ਸੀ। ਉਸ ਸਮੇਂ ਇਨਸਾਨ ਨੂੰ ਬਚਾਉਣ ਦਾ ਸਮਾਂ ਕਾਫੀ ਸੀਮਤ ਹੋ ਜਾਂਦਾ ਹੈ। ਪਰ ਹੁਣ ਇਸ ਆਸਾਨ ਟੈਸਟ ਨਾਲ ਕਿਸੇ ਦੀ ਵੱਡੀ ਧਮਨੀ ਦੀ ਸਿਹਤ ਬਾਰੇ ਸੌਖਿਆਂ ਹੀ ਪਤਾ ਲਾਇਆ ਜਾ ਸਕਦਾ ਹੈ।


ਨੋਟ: ਇਹ ਖੋਜ ਦੇ ਨਤੀਜੇ ਹਨ ਅਤੇ ਏਬੀਪੀ ਸਾਂਝਾ ਇਸ ਦੀ ਪੁਸ਼ਟੀ ਨਹੀਂ ਕਰਦਾ।