ਮੋਟਾਪਾ ਆਪਣੇ-ਆਪ ’ਚ ਹੀ ਇੱਕ ਵੱਡਾ ਰੋਗ ਹੁੰਦਾ ਹੈ। ਲੋਕ ਇਸ ਨੂੰ ਘਟਾਉਣ ਲਈ ਕਈ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ, ਜਿਮ ਦਾ ਸਹਾਰਾ ਲੈਂਦੇ ਹਨ ਪਰ ਹੱਦ ਤੋਂ ਵੱਧ ਤੇਜ਼ੀ ਨਾਲ ਤੇ ਜ਼ਿਆਦਾ ਵਜ਼ਨ ਘਟਾਉਣ ਨਾਲ ਡਿਪ੍ਰੈਸ਼ਨ ਤੇ ਹੱਡੀਆਂ ਦੇ ਰੋਗ ਦਾ ਖ਼ਤਰਾ ਵੀ ਵਧ ਜਾਂਦਾ ਹੈ। ਘੱਟ ਸਮੇਂ ’ਚ ਤੇਜ਼ੀ ਨਾਲ ਵਜ਼ਨ ਘਟਾਉਣ ਨਾਲ ਸਿਹਤ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ।
ਤੇਜ਼ੀ ਨਾਲ ਵਜ਼ਨ ਘਟਾਉਣ ਦੇ ਚੱਕਰ ਵਿੱਚ ਕਈ ਵਾਰ ਸਰੀਰ ਅੰਦਰ ਪਾਣੀ ਦੀ ਕਮੀ ਪੈਦਾ ਹੋ ਜਾਂਦਾ ਹੈ; ਜਿਸ ਨਾਲ ਕਬਜ਼, ਸਿਰਦਰਦ, ਮਾਸਪੇਸ਼ੀਆਂ ਵਿੱਚ ਖਿਚਾਅ ਤੇ ਊਰਜਾ ਦੀ ਕਮੀ ਹੋਣ ਲੱਗਦੀ ਹੈ। ਚਮੜੀ ਵੀ ਖ਼ੁਸ਼ਕ ਹੋ ਜਾਂਦੀ ਹੈ।
ਅਚਾਨਕ ਵਜ਼ਨ ਘਟਾਉਣ ਨਾਲ ਪੱਠਿਆਂ ਨੂੰ ਬਹੁਤ ਨੁਕਸਾਨ ਹੁੰਦਾ ਹੈ। ਸਰੀਰ ਵਿੱਚ ਥਕਾਵਟ ਤੇ ਆਲਸ ਵਧ ਜਾਂਦੇ ਹਨ। ਕੁਪੋਸ਼ਣ ਵੀ ਹੋ ਸਕਦਾ ਹੈ। ਹੱਦ ਤੋਂ ਵੱਧ ਵਜ਼ਨ ਘਟਾਉਣ ਦੇ ਚੱਕਰ ਵਿੱਚ ਵਿਵਹਾਰ ਵਿੱਚ ਚਿੜਚਿੜਾਪਣ ਆਉਣ ਲੱਗਦਾ ਹੈ। ਸਿਰਦਰਦ ਹੁੰਦਾ ਰਹਿੰਦਾ ਹੈ।
ਅੰਤੜੀਆਂ ਵਿੱਚ ਖ਼ੂਨ ਨਾਲ ਜੁੜੇ ਕਈ ਤਰ੍ਹਾਂ ਦੇ ਬੈਕਟੀਰੀਆ ਹੁੰਦੇ ਹਨ; ਜੋ ਬਲੱਡ ਪ੍ਰੈਸ਼ਰ, ਬਲੱਡ ਸ਼ੂਗਰ ਤੇ ਕੋਲੈਸਟ੍ਰੌਲ ਉੱਤੇ ਅਸਰ ਪਾਉਂਦੇ ਹਨ।
ਇੱਕ ਅਧਿਐਨ ਮੁਤਾਬਕ ਡਾਇਟਿੰਗ ਦਾ ਸਭ ਤੋਂ ਭੈੜਾ ਅਸਰ ਮੈਟਾਬੋਲਿਜ਼ਮ ਉੱਤੇ ਪੈਂਦਾ ਹੈ। ਮੈਟਾਬੋਲਿਜ਼ਮ ਖ਼ਰਾਬ ਹੋਣ ਨਾਲ ਸਿੱਧਾ ਅਸਰ ਸਿਹਤ ਉੱਤੇ ਹੀ ਹੁੰਦਾ ਹੈ। ਉਨ੍ਹਾਂ ਨੂੰ ਲੋੜੀਂਦੀ ਊਰਜਾ ਨਹੀਂ ਮਿਲਦੀ ਤੇ ਚਿਕਨਾਈ, ਪ੍ਰੋਟੀਨ ਤੇ ਹੋਰ ਪੌਸ਼ਟਿਕ ਪਦਾਰਥਾਂ ਦੀ ਕਮੀ ਪੈਦਾ ਹੋਣ ਲੱਗਦੀ ਹੈ।