ਪ੍ਰਯਾਗਰਾਜ: ਅੱਜਕਲ੍ਹ ਦੇ ਦੌਰ ਵਿੱਚ ਮੋਬਾਈਲ ਫੋਨ ਦਾ ਨਸ਼ਾ ਡਰੱਗਜ਼ ਤੇ ਸ਼ਰਾਬ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਹੋ ਰਿਹਾ ਹੈ ਜੋ ਲੋਕਾਂ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਬਿਮਾਰ ਕਰ ਰਿਹਾ ਹੈ। ਮੋਬਾਈਲ ਫੋਨ ਦੀ ਗ੍ਰਿਫ਼ਤ ਵਿੱਚ ਆਏ ਲੋਕਾਂ ਨੂੰ ਇਸ ਬੁਰੀ ਆਦਤ ਤੋਂ ਛੁਟਕਾਰਾ ਦਿਵਾਉਣ ਲਈ ਯੂਪੀ ਦੇ ਸਿਹਤ ਵਿਭਾਗ ਨੇ ਨਵੀਂ ਪਹਿਲ ਕੀਤੀ ਹੈ। ਇਸ ਦੇ ਤਹਿਤ ਪ੍ਰਯਾਗਰਾਜ ਦੇ ਮੋਤੀਲਾਲ ਨਹਿਰੂ ਮੰਡਲੀ ਹਸਪਤਾਲ ਵਿੱਚ ਮੋਬਾਈਲ ਨਸ਼ਾ ਮੁਕਤੀ ਕੇਂਦਰ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।


ਇਸ ਕੇਂਦਰ ਵਿੱਚ ਪੰਜ ਮਾਹਰ ਡਾਕਟਰਾਂ ਦੀ ਟੀਮ ਹਫ਼ਤੇ ਵਿੱਚ ਤਿੰਨ ਦਿਨ ਓਪੀਡੀ ਕਰੇਗੀ। ਗੰਭੀਰ ਤੌਰ 'ਤੇ ਬਿਮਾਰ ਯਾਨੀ ਮੋਬਾਈਲ ਦੇ ਆਦੀਆਂ ਦਾ ਖ਼ਾਸ ਤੌਰ 'ਤੇ ਬਣਾਏ ਮਾਈਂਡ ਚੈਂਬਰ, ਯਾਨੀ ਮਨ ਕਕਸ਼ ਵਿੱਚ ਇਲਾਜ ਕੀਤਾ ਜਾਏਗਾ। ਲੋਕਾਂ ਦੀ ਕਾਊਂਸਲਿੰਗ ਵੀ ਕੀਤੀ ਜਾਏਗੀ। ਇਸ ਤੋਂ ਇਲਾਵਾ ਲੋਕਾਂ ਨੂੰ ਇਸ ਬਿਮਾਰੀ ਦੇ ਹਿਸਾਬ ਨਾਲ ਦਵਾਈਆਂ ਵੀ ਦਿੱਤੀਆਂ ਜਾਣਗੀਆਂ।

ਪੰਜ ਮਾਹਰ ਡਾਕਟਰਾਂ ਦੀ ਟੀਮ ਦੇ ਇਲਾਵਾ ਅੱਖਾਂ, ਦਿਮਾਗ ਤੇ ਜਨਰਲ ਫਿਜ਼ੀਸ਼ਿਅਨ ਤੋਂ ਵੱਖਰੇ ਤੌਰ 'ਤੇ ਮੁਆਇਨਾ ਕਰਵਾਇਆ ਜਾਏਗਾ। ਮੋਬਾਈਲ ਦੇ ਨਸ਼ੇ ਦੀ ਆਦਤ ਤਿੰਨ ਗੇੜਾਂ ਵਿੱਚ ਹੌਲੀ-ਹੌਲੀ ਛੁਡਾਈ ਜਾਏਗੀ। ਦੇਸ਼ ਵਿੱਚ ਇਸ ਤਰ੍ਹਾਂ ਦੇ ਕੇਂਦਰਾਂ ਬਾਰੇ ਤਾਂ ਜਾਣਕਾਰੀ ਨਹੀਂ, ਪਰ ਯੂਪੀ ਵਿੱਚ ਮੋਬਾਈਲ ਦੇ ਨਸ਼ੇ ਤੋਂ ਮੁਕਤੀ ਦਿਵਾਉਣ ਦਾ ਆਪਣੀ ਤਰ੍ਹਾਂ ਦਾ ਇਹ ਪਹਿਲਾ ਕੇਂਦਰ ਹੈ।