Egg Freezing: ‘ਐੱਗ ਫ਼੍ਰੀਜ਼ਿੰਗ’ ਦੀ ਧਾਰਨਾ ਹੁਣ ਭਾਰਤ ’ਚ ਵੀ ਹੌਲੀ-ਹੌਲੀ ਵਧਦੀ ਜਾ ਰਹੀ ਹੈ। ਕਈ ਸੈਲੀਬ੍ਰਿਟੀਜ਼ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਹੁਣ 20 ਜਾਂ 30 ਸਾਲ ਦੀ ਉਮਰ ਵਿੱਚ ਆਪਣੇ ਆਂਡੇ ਫ਼੍ਰੀਜ਼ ਕਰਨ ਦਾ ਰਾਹ ਚੁਣ ਰਹੀਆਂ ਹਨ।


ਨੋਵਾ ਆਈਵੀਐਫ਼ ਫ਼ਰਟੀਲਿਟੀ ਹੈਦਰਾਬਾਦ ਦੇ ਡਾਕਟਰ ਸਰੋਜ ਕੋਪੱਲਾ ਅਨੁਸਾਰ ਹੁਣ ਬਹੁਤ ਸਾਰੀਆਂ ਔਰਤਾਂ ਐੱਗ ਫ਼੍ਰੀਜ਼ਿੰਗ ਦਾ ਵਿਕਲਪ ਤਲਾਸ਼ ਕਰ ਰਹੀਆਂ ਹਨ। ਦਰਅਸਲ, ਔਰਤਾਂ ਸੀਮਤ ਆਂਡਿਆਂ ਨਾਲ ਪੈਦਾ ਹੁੰਦੀਆਂ ਹਨ, ਜੋ ਉਨ੍ਹਾਂ ਦੀ ਉਮਰ ਨਾਲ ਖ਼ਤਮ ਹੋ ਜਾਂਦੇ ਹਨ, ਜਿਸ ਕਾਰਣ ਬਾਂਝਪਣ ਦੀ ਸੰਭਾਵਨਾ ਵਧਦੀ ਹੈ।


ਇੱਕ ਔਰਤ ਦੀ ਓਵਰੀ 20 ਤੋਂ 35 ਸਾਲ ਤੱਕ ਦੀ ਪ੍ਰਜਣਨ-ਉਮਰ ਵਿੱਚ ਮਿਆਰੀ ਆਂਡੇ ਪੈਦਾ ਕਰ ਸਕਦੀ ਹੈ।


35 ਸਾਲਾਂ ਪਿੱਛੋਂ ਆਂਡਿਆਂ ਦਾ ਮਿਆਰ ਤੇ ਉਨ੍ਹਾਂ ਦੀ ਮਾਤਰਾ ਘਟਣ ਲੱਗਦੇ ਹਨ। ਜੇ ਔਰਤ ਕਰੀਅਰ ਦੇ ਦਬਾਅ ਜਾਂ ਜ਼ਿੰਦਗੀ ਦੇ ਟੀਚਿਆਂ ਕਾਰਣ ਗਰਭ ਧਾਰਨ ਦਾ ਮਨਸੂਬਾ ਬਣਾਉਣ ਦੇ ਸਮਰੱਥ ਨਹੀਂ ਹੈ, ਤਾਂ ਐੱਗ ਫ਼੍ਰੀਜ਼ਿੰਗ ਇਸ ਹਾਲਤ ਵਿੱਚ ਸਭ ਤੋਂ ਵਿਵਹਾਰਕ ਵਿਕਲਪ ਹੋ ਸਕਦਾ ਹੈ।


ਐੱਗ ਫ਼੍ਰੀਜ਼ਿੰਗ ਪ੍ਰਕਿਰਿਆ ਵਿੱਚ ਔਰਤ ਦੇ ਪਰਪੱਕ ਤੇ ਪ੍ਰਜਣਿਤ ਹੋਣ ਯੋਗ ਆਂਡਿਆਂ ਨੂੰ ਓਵਰੀ ’ਚੋਂ ਕੱਢ ਕੇ ਫ਼੍ਰੀਜ਼ ਕਰ ਦਿੱਤਾ ਜਾਂਦਾ ਹੈ। ਇਹ ਪ੍ਰਕਿਰਿਆ ਕੁਦਰਤੀ ਤੌਰ ’ਤੇ ਮੁਸ਼ਕਿਲ ਗਰਭ ਧਾਰਨ ਸਮੇਂ ਵਰਤੀ ਜਾਂਦੀ ਹੈ।


ਕਈ ਖੋਜਾਂ ਵਿੱਚ ਐੱਗ ਫ਼੍ਰੀਜ਼ਿੰਗ ਪ੍ਰਕਿਰਿਆ ਦਾ ਅਸਰਦਾਰ ਤੇ ਸੁਰੱਖਿਅਤ ਹੋਣਾ ਸਿੱਧ ਹੋਇਆ ਹੈ। ਇਸ ਪ੍ਰਕਿਰਿਆ ਨੂੰ ਅਪਨਾਉਣ ਵਾਲੀ ਔਰਤ ਤੇ ਉਸ ਦੇ ਫ਼੍ਰੋਜ਼ਨ ਐੱਗ ਤੋਂ ਪੈਦਾ ਬੱਚਾ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਹੁੰਦੇ ਹਨ।


ਜਿਹੜੀਆਂ ਔਰਤਾਂ ਦੇ ਆਪਣੀ ਜ਼ਿੰਦਗੀ ਦੇ ਕੁਝ ਵੱਖਰੇ ਨਿਸ਼ਾਨੇ ਹਨ ਜਾਂ ਮਾਂ ਬਣਨ ਦੀ ਬਹੁਤੀ ਕਾਹਲੀ ਨਹੀਂ ਹੈ, ਉਨ੍ਹਾਂ ਲਈ ਐੱਗ ਫ਼੍ਰੀਜ਼ਿੰਗ ਇੱਕ ਵਧੀਆ ਵਿਕਲਪ ਹੈ। ਇਹ ਔਰਤਾਂ ਲਈ ਵਰਦਾਨ ਹੈ।