ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (WHO) ਨੇ ਵੀਰਵਾਰ ਨੂੰ ਕੋਵਿਡ-19 ਟੀਕੇ ਲਈ ਫਾਈਜ਼ਰ (Pfizer) ਤੇ ਬਾਇਓਨਟੈਕ (BioNTech) ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ, ਪਹਿਲਾਂ ਇਹ ਉਮੀਦ ਕੀਤੀ ਜਾ ਰਹੀ ਸੀ ਕਿ WHO ਚੀਨ ਦੀ ਵੈਕਸੀਨ ਨੂੰ ਮਨਜ਼ੂਰੀ ਦੇ ਸਕਦਾ ਹੈ। ਸਭ ਤੋਂ ਪਹਿਲਾਂ, ਬ੍ਰਿਟੇਨ ਨੇ ਫਾਈਜ਼ਰ ਟੀਕੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਤੋਂ ਬਾਅਦ ਉਥੇ ਟੀਕਾਕਰਨ ਦੀ ਮੁਹਿੰਮ ਸ਼ੁਰੂ ਹੋਈ।ਬ੍ਰਿਟੇਨ ਤੋਂ ਬਾਅਦ ਅਮਰੀਕਾ, ਕੈਨੇਡਾ ਤੇ ਯੂਰਪੀਅਨ ਸੰਘ ਦੇ ਹੋਰ ਦੇਸ਼ਾਂ ਨੇ ਵੀ ਫਾਈਜ਼ਰ ਟੀਕੇ ਦੀ ਵਰਤੋਂ ਦੀ ਆਗਿਆ ਦੇ ਦਿੱਤੀ ਹੈ।

WHO ਦੀ ਮੈਰੀਆਏਂਗੇਲਾ ਸਿਮਾਓ ਨੇ ਕਿਹਾ, “ਵਿਸ਼ਵਵਿਆਪੀ ਕੋਰੋਨਾਵਾਇਰਸ ਟੀਕੇ ਦੀ ਵਿਸ਼ਵਵਿਆਪੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਇਹ ਬਹੁਤ ਲਾਭਦਾਇਕ ਪਹਿਲ ਹੈ। ਵਿਸ਼ਵ ਦੀ ਆਬਾਦੀ ਦੀ ਲੋੜ ਨੂੰ ਧਿਆਨ ਵਿੱਚ ਰੱਖਦਿਆਂ, ਟੀਕਿਆਂ ਦੀ ਕਾਫੀ ਮਾਤਰਾ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਿਸ਼ਵ ਪੱਧਰ ਤੇ ਬਹੁਤ ਸਾਰੇ ਉਪਰਾਲੇ ਕਰਨ ਦੀ ਲੋੜ ਹੈ।ਇਸ ਦਿਸ਼ਾ ਵੱਲ ਵੀ ਗੰਭੀਰਤਾ ਨਾਲ ਵਿਚਾਰ ਕੀਤਾ ਜਾਣਾ ਚਾਹੀਦਾ ਹੈ।"

ਜ਼ਿਕਰਯੋਗ ਹੈ ਕਿ WHO ਨੇ ਪੂਰੀ ਜਾਂਚ ਤੋਂ ਬਾਅਦ ਹੀ ਫਾਈਜ਼ਰ ਟੀਕੇ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੰਸਥਾ ਨੇ ਦੁਨੀਆ ਭਰ ਦੇ ਮਾਹਰਾਂ ਵਲੋਂ ਫਾਈਜ਼ਰ ਟੀਕੇ ਦੀ ਸੁਰੱਖਿਆ, ਪ੍ਰਭਾਵਸ਼ੀਲਤਾ ਤੇ ਗੁਣਵੱਤਾ ਵਾਲੇ ਅੰਕੜਿਆਂ ਦੀ ਸਮੀਖਿਆ ਕੀਤੀ ਸੀ।