World AIDS Vaccine Day 2023: ਵਿਸ਼ਵ ਏਡਜ਼ ਵੈਕਸੀਨ ਦਿਵਸ, ਜਿਸ ਨੂੰ ਐੱਚਆਈਵੀ ਵੈਕਸੀਨ ਜਾਗਰੂਕਤਾ ਦਿਵਸ ਵੀ ਕਿਹਾ ਜਾਂਦਾ ਹੈ, ਹਰ ਸਾਲ 18 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਨ HIV/AIDS ਨੂੰ ਰੋਕਣ ਲਈ ਇੱਕ ਟੀਕੇ ਦੀ ਫੌਰੀ ਲੋੜ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ। ਦੱਸ ਦੇਈਏ ਕਿ ਏਡਜ਼ ਇਕ ਅਜਿਹੀ ਬੀਮਾਰੀ ਹੈ ਜੋ ਸਿੱਧੇ ਤੌਰ 'ਤੇ ਮਰੀਜ਼ ਦੀ ਇਮਿਊਨ ਸਿਸਟਮ 'ਤੇ ਹਮਲਾ ਕਰਦੀ ਹੈ ਅਤੇ ਇਸ ਨੂੰ ਇੰਨੀ ਕਮਜ਼ੋਰ ਕਰ ਦਿੰਦੀ ਹੈ ਕਿ ਸਰੀਰ ਕਿਸੇ ਹੋਰ ਬੀਮਾਰੀ ਤੋਂ ਬਚਾਅ ਕਰਨ 'ਚ ਅਸਮਰੱਥ ਹੋ ਜਾਂਦਾ ਹੈ। ਏਡਜ਼ ਦੀ ਪਛਾਣ 42 ਸਾਲ ਪਹਿਲਾਂ ਭਾਵ 1981 ਵਿੱਚ ਅਮਰੀਕਾ ਵਿੱਚ ਹੋਈ ਸੀ।


18 ਮਈ 1998 ਨੂੰ ਪਹਿਲਾ ਮਨਾਇਆ ਗਿਆ ਸੀ ਵਿਸ਼ਵ ਏਡਜ਼ ਵੈਕਸੀਨ ਦਿਵਸ


ਵਿਸ਼ਵ ਏਡਜ਼ ਵੈਕਸੀਨ ਦਿਵਸ ਦਾ ਸੰਕਲਪ ਉਸ ਸਮੇਂ ਦੇ ਰਾਸ਼ਟਰਪਤੀ ਬਿਲ ਕਲਿੰਟਨ ਦੁਆਰਾ 18 ਮਈ, 1997 ਨੂੰ ਮੋਰਗਨ ਸਟੇਟ ਯੂਨੀਵਰਸਿਟੀ ਵਿਖੇ ਦਿੱਤੇ ਗਏ ਭਾਸ਼ਣ ਤੋਂ ਆਇਆ ਹੈ। ਬਿਲ ਕਲਿੰਟਨ ਦੇ ਭਾਸ਼ਣ ਦੀ ਵਰ੍ਹੇਗੰਢ ਨੂੰ ਮਨਾਉਣ ਲਈ 18 ਮਈ 1998 ਨੂੰ ਪਹਿਲਾ ਵਿਸ਼ਵ ਏਡਜ਼ ਵੈਕਸੀਨ ਦਿਵਸ ਮਨਾਇਆ ਗਿਆ ਸੀ।


ਇਸ ਲਈ ਨਹੀਂ ਬਣ ਸਕੀ ਵੈਕਸੀਨ 


 ਏਡਜ਼ ਦਾ ਟੀਕਾ ਅਜੇ ਤੱਕ ਨਹੀਂ ਬਣਾਇਆ ਗਿਆ ਹੈ ਕਿਉਂਕਿ ਐੱਚਆਈਵੀ ਇੱਕ ਗੁੰਝਲਦਾਰ ਵਾਇਰਸ ਹੈ ਜੋ ਜਲਦੀ ਪਰਿਵਰਤਨ ਕਰਦਾ ਹੈ, ਜਿਸ ਨਾਲ ਨਿਸ਼ਾਨਾ ਬਣਾਉਣਾ ਮੁਸ਼ਕਲ ਹੋ ਜਾਂਦਾ ਹੈ। ਦੱਸ ਦੇਈਏ ਕਿ ਐੱਚਆਈਵੀ ਦੇ ਵਿਰੁੱਧ ਲੰਬੇ ਸਮੇਂ ਤੱਕ ਪ੍ਰਤੀਰੋਧਕ ਸਮਰੱਥਾ ਬਣਾਉਣਾ ਵੀ ਚੁਣੌਤੀਪੂਰਨ ਹੈ।


ਉਮੀਦ ਕੀਤੀ ਜਾ ਰਹੀ ਹੈ ਕਿ ਜਲਦੀ ਹੀ ਤਿਆਰ ਹੋ ਜਾਵੇਗੀ ਵੈਕਸੀਨ


ਹਾਲਾਂਕਿ, ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਵਿਗਿਆਨੀ ਇਸ 'ਤੇ ਕੰਮ ਕਰ ਰਹੇ ਹਨ ਤੇ ਵੱਖ-ਵੱਖ ਤਰੀਕਿਆਂ ਦੀ ਖੋਜ ਕਰ ਰਹੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਇੱਕ ਦਿਨ HIV/AIDS ਨੂੰ ਰੋਕਣ ਲਈ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਜਿੰਨੀ ਜਲਦੀ ਸੰਭਵ ਹੋ ਸਕੇ ਵਿਕਸਤ ਕੀਤਾ ਜਾਵੇਗਾ।


ਕੀ ਹਨ ਏਡਜ਼ ਦੇ ਲੱਛਣ 


- ਤੇਜ਼ ਬੁਖਾਰ ਅਤੇ ਲਗਾਤਾਰ ਖੰਘ


- ਮੂੰਹ ਵਿੱਚ ਚਿੱਟੇ ਧੱਬਿਆਂ ਦਿਖਾਈ ਦੇਣ, ਅਚਾਨਕ ਭਾਰ ਘਟਣਾ ਬਹੁਤ ਜ਼ਿਆਦਾ ਥਕਾਵਟ ਬਹੁਤ ਜ਼ਿਆਦਾ ਸਰੀਰ ਨੂੰ ਪਸੀਨਾ ਆਉਣਾ ਵਾਰ-ਵਾਰ ਦਸਤ ਲਗਣਾ। 


ਇੰਝ ਕੀਤਾ ਜਾ ਸਕਦੈ ਐੱਚਆਈਵੀ ਨੂੰ ਕੰਟਰੋਲ 


ਚਾਹੇ ਐੱਚਆਈਵੀ ਦੇ ਇਲਾਜ ਲਈ ਇਸ ਦੀ ਵੈਕਸੀਨ ਨਹੀਂ ਬਣੀ ਹੈ। ਹਾਲਾਂਕਿ ਕੁਝ ਅਜਿਹੀਆਂ ਦਵਾਈਆਂ ਜ਼ਰੂਰ ਆਈਆਂ ਹਨ। ਤਾਂ ਜੋ ਇਸ ਖਤਰਨਾਕ ਬਿਮਾਰੀ ਤੋਂ ਪੀੜਤ ਲੋਕਾਂ ਦਾ ਇਲਾਜ ਕੀਤਾ ਜਾ ਸਕੇ। ਦੱਸ ਦੇਈਏ ਕਿ ਇਨ੍ਹਾਂ ਦਵਾਈਆਂ ਨਾਲ ਸਰੀਰ ਵਿੱਚ ਐੱਚਆਈਵੀ ਵਾਇਰਸ ਦੀ ਮਾਤਰਾ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਨ੍ਹਾਂ ਦਵਾਈਆਂ ਨੂੰ ਏਆਰਟੀ ਭਾਵ ਐਂਟੀਰੇਟਰੋਵਾਇਰਲ ਥੈਰੇਪੀ ਕਿਹਾ ਜਾਂਦਾ ਹੈ। ਦੱਸ ਦੇਈਏ ਕਿ ਐਂਟੀਰੇਟਰੋਵਾਇਰਲ ਥੈਰੇਪੀ ਰਾਹੀਂ ਐੱਚਆਈਵੀ ਵਾਇਰਸ ਨੂੰ ਲਗਭਗ ਛੇ ਮਹੀਨਿਆਂ ਦੇ ਅੰਦਰ ਕੰਟਰੋਲ ਕੀਤਾ ਜਾ ਸਕਦਾ ਹੈ।