International Labour Day: ਇੰਟਰਨੈਸ਼ਨਲ ਲੇਬਰ ਡੇਅ ਨੂੰ ਮਜ਼ਦੂਰ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਦੇ ਅੰਗਰੇਜ਼ੀ 'ਚ ਲੇਬਰ ਡੇਅ, ਮਈ ਡੇਅ ਤੇ ਵਰਕਰਸ ਡੇਅ ਦੇ ਨਾਂ ਵੀ ਹਨ। ਇਹ ਦਿਨ ਹਰ ਸਾਲ 1 ਮਈ ਨੂੰ ਜ਼ਿਆਦਾਤਰ ਦੇਸ਼ਾਂ 'ਚ ਮਨਾਇਆ ਜਾਂਦਾ ਹੈ। ਇਹ ਦਿਨ ਪੂਰੀ ਦੁਨੀਆਂ 'ਚ ਮਜ਼ਦੂਰਾਂ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਮਜ਼ਦੂਰ ਸੰਘ ਅੰਦੋਲਨ ਕਰਕੇ ਇਸ ਦਿਨ ਦੀ ਸ਼ੁਰੂਆਤ ਹੋਈ ਹੈ। ਖ਼ਾਸ ਤੌਰ 'ਤੇ ਇਸ ਦਨ ਹੀ 8 ਘੰਟੇ ਕੰਮ ਦਾ ਹੱਕ ਮਿਲਿਆ ਸੀ। ਇਹ ਦਿਨ ਮਈ ਦਿਵਸ ਵਜੋਂ ਪ੍ਰਸਿੱਧ ਹੈ। ਇਹ ਭਾਰਤ, ਕਿਊਬਾ ਤੇ ਚੀਨ ਵਰਗੇ ਹੋਰ ਦੇਸ਼ਾਂ 'ਚ ਵੀ ਮਨਾਇਆ ਜਾਂਦਾ ਹੈ।



ਮਜ਼ਦੂਰ ਦਿਵਸ ਦੀ ਸ਼ੁਰੂਆਤ ਕਿਵੇਂ ਹੋਈ?
ਮਜ਼ਦੂਰ ਦਿਵਸ ਮਜ਼ਦੂਰਾਂ ਦੇ ਹੱਕਾਂ ਦੀ ਉਲੰਘਣਾ ਖ਼ਿਲਾਫ਼ ਪਿਛਲੇ ਮਜ਼ਦੂਰ ਸੰਘਰਸ਼ਾਂ ਦੀ ਯਾਦ ਦਿਵਾਉਂਦਾ ਹੈ, ਜਿਸ 'ਚ ਕੰਮ ਕਰਨ ਦੇ ਦਿਨ ਲੰਬੇ ਹੁੰਦੇ ਸਨ, ਮਾੜੀ ਸਥਿਤੀ ਤੇ ਬਾਲ ਮਜ਼ਦੂਰੀ ਵੀ ਇਸ 'ਚ ਸ਼ਾਮਲ ਹੈ। ਮਈ ਦੇ ਪਹਿਲੇ ਦਿਨ ਕਈ ਦੇਸ਼ਾਂ 'ਚ ਅਧਿਕਾਰਕ ਛੁੱਟੀ ਦਾ ਦਿਨ ਹੁੰਦਾ ਹੈ।

1 ਮਈ ਦਾ ਦਿਨ 19ਵੀਂ ਸਦੀ ਦੇ ਅੰਤ 'ਚ ਮਜ਼ਦੂਰ ਅੰਦੋਲਨ ਨਾਲ ਜੁੜ ਗਿਆ, ਜਦੋਂ ਟਰੇਡ ਯੂਨੀਅਨਾਂ ਤੇ ਸਮਾਜਵਾਦੀ ਸੰਗਠਨਾਂ ਨੇ ਇਸ ਨੂੰ ਮਜ਼ਦੂਰਾਂ ਦੇ ਸਮਰਥਨ 'ਚ ਇੱਕ ਦਿਨ ਵਜੋਂ ਨਾਮਜ਼ਦ ਕੀਤਾ। ਮੂਲ ਰੂਪ 'ਚ ਮਈ ਦੇ ਪਹਿਲੇ ਦਿਨ ਨੂੰ ਇੱਕ ਪ੍ਰਾਚੀਨ ਉੱਤਰੀ ਗੋਲਿਸਫਾਇਰ ਬਸੰਤ ਤਿਉਹਾਰ ਵਜੋਂ ਮਨਾਇਆ ਜਾਂਦਾ ਸੀ।

ਅਮਰੀਕਾ ਦੇ ਸ਼ਿਕਾਗੋ ਸ਼ਹਿਰ 'ਚ ਸਾਲ 1886 'ਚ ਹੇਮਾਰਕੇਟ ਦੰਗਿਆਂ ਦੀ ਯਾਦ 'ਚ ਕੌਮਾਂਤਰੀ ਮਜ਼ਦੂਰ ਦਿਵਸ ਵਜੋਂ ਮਨਾਉਣ ਲਈ ਇਹ ਦਿਨ ਚੁਣਿਆ ਗਿਆ ਸੀ। 1886 'ਚ ਮਜ਼ਦੂਰਾਂ ਦੇ ਸਮਰਥਨ 'ਚ ਇੱਕ ਸ਼ਾਂਤਮਈ ਰੈਲੀ 'ਚ ਪੁਲਿਸ ਨਾਲ ਹਿੰਸਕ ਝੜਪਾਂ ਹੋਈਆਂ, ਜਿਸ 'ਚ ਘੱਟੋ-ਘੱਟ 38 ਨਾਗਰਿਕ ਤੇ 7 ਪੁਲਿਸ ਅਧਿਕਾਰੀ ਮਾਰੇ ਗਏ ਸਨ।

ਮਜ਼ਦੂਰ ਦਿਵਸ ਬਾਰੇ ਤੱਥ
1. ਭਾਰਤ 'ਚ 'ਮਈ ਦਿਵਸ' ਜਾਂ 'ਮਜ਼ਦੂਰ ਦਿਵਸ' ਨੂੰ ਹਿੰਦੀ 'ਚ ਕਾਮਿਆਂ ਦਾ ਦਿਨ ਜਾਂ ਕੌਮਾਂਤਰੀ ਮਜ਼ਦੂਰ ਦਿਵਸ, ਅੰਤਰਰਾਸ਼ਟਰੀ ਮਜ਼ਦੂਰ ਦਿਵਸ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਤਾਮਿਲ 'ਚ 'ਉਜ਼ਾਓਪਾਲਰ ਨਾਲ' ਤੇ ਮਰਾਠੀ 'ਚ 'ਕਾਮਗਰ ਦਿਵਸ' ਕਿਹਾ ਜਾਂਦਾ ਹੈ।

2. ਭਾਰਤ ਨੇ ਪਹਿਲੀ ਵਾਰ ਸਾਲ 1923 'ਚ ਚੇਨਈ (ਉਦੋਂ ਮਦਰਾਸ ਕਿਹਾ ਜਾਂਦਾ ਸੀ) 'ਚ ਮਜ਼ਦੂਰ ਦਿਵਸ ਮਨਾਇਆ।

3. ਭਾਰਤ ਸਮੇਤ 80 ਤੋਂ ਵੱਧ ਦੇਸ਼ਾਂ 'ਚ ਮਜ਼ਦੂਰ ਦਿਵਸ ਵਾਲੇ ਦਿਨ ਛੁੱਟੀ ਮਨਾਈ ਜਾਂਦੀ ਹੈ।

4. ਸਾਰੇ ਦੇਸ਼ਾਂ ਦੇ ਸੰਗਠਨਾਂ ਲਈ ਮਈ ਦਿਵਸ 'ਤੇ ਕੰਮ ਨਾ ਕਰਨਾ ਲਾਜ਼ਮੀ ਕੀਤਾ ਗਿਆ ਸੀ।

5. 1 ਮਈ ਨੂੰ ਮਹਾਰਾਸ਼ਟਰ ਦਿਵਸ ਤੇ ਗੁਜਰਾਤ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ।

6. ਲੇਬਰ ਕਿਸਾਨ ਪਾਰਟੀ ਆਫ਼ ਹਿੰਦੋਸਤਾਨ ਪਹਿਲਾ ਸੰਗਠਨ ਸੀ, ਜਿਸ ਨੇ ਭਾਰਤ 'ਚ ਮਈ ਦਿਵਸ ਦਾ ਆਯੋਜਨ ਕੀਤਾ ਸੀ।