ਨਵੀਂ ਦਿੱਲੀ: ਬਿਊਟੀ ਪ੍ਰੋਡਕਟ ਬਣਾਉਣ ਵਾਲੀ ਫਰਾਂਸ ਦੀ ਕੰਪਨੀ ਲੌਰੀਅਲ ਦੀ ਮਾਲਕਨ ਲਿਲੀਅਨ ਬੈਟਨਕੋਰਟ ਦੀ 94 ਸਾਲ ਦੀ ਉਮਰ 'ਚ ਮੌਤ ਹੋ ਗਈ ਹੈ। ਲਿਲੀਅਨ ਬੈਟਨਕੋਰਟ ਦੁਨੀਆ ਦੀ ਸਭ ਤੋਂ ਅਮੀਰ ਔਰਤ ਸੀ। 2017 'ਚ ਉਨ੍ਹਾਂ ਦੀ ਜਾਇਦਾਦ 33 ਬਿਲੀਅਨ ਯੂਰੋ (ਕਰੀਬ 25 ਖਰਬ ਰੁਪਏ) ਸੀ।
ਫੋਰਬਸ ਮੈਗਜ਼ੀਨ ਨੇ 2017 'ਚ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਲਿਸਟ 'ਚ ਉਨ੍ਹਾਂ ਨੂੰ 14ਵੇਂ ਨੰਬਰ 'ਤੇ ਰੱਖਿਆ ਸੀ। 2012 'ਚ ਕੰਪਨੀ ਦੇ ਬੋਰਡ ਤੋਂ ਅਲੱਗ ਹੋਣ ਤੋਂ ਬਾਅਦ ਉਹ ਸੁਰਖੀਆਂ 'ਚ ਸਨ। ਅੱਠ ਲੋਕਾਂ ਨੂੰ ਉਨ੍ਹਾਂ ਦੀ ਖਰਾਬ ਸਿਹਤ ਦਾ ਫਾਇਦਾ ਚੁੱਕਣ ਦਾ ਦੋਸ਼ੀ ਪਾਇਆ ਗਿਆ ਸੀ।
ਲੌਰੀਅਲ ਦੇ ਚੇਅਰਮੈਨ ਤੇ ਸੀਈਓ ਜਯਾਂ-ਪੌਲ ਆਗੌਨ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ, "ਅਸੀਂ ਸਾਰੇ ਲਿਲੀਅਨ ਬੈਟਨਕੋਰਟ ਨੂੰ ਪਿਆਰ ਕਰਦੇ ਸੀ। ਉਨ੍ਹਾਂ ਹਮੇਸ਼ਾ ਕੰਪਨੀ ਤੇ ਮੁਲਾਜ਼ਮਾਂ ਦੀ ਦੇਖਭਾਲ ਕੀਤੀ। ਕੰਪਨੀ ਦੀ ਕਾਮਯਾਬੀ ਤੇ ਤਰੱਕੀ 'ਚ ਉਨ੍ਹਾਂ ਦਾ ਸਿੱਧਾ ਨਾਤਾ ਸੀ। ਉਨ੍ਹਾਂ ਨੇ ਖੁਦ ਕਈ ਸਾਲ ਤੱਕ ਲੌਰੀਅਲ ਨੂੰ ਕਾਮਯਾਬ ਬਣਾਉਣ 'ਚ ਯੋਗਦਾਨ ਦਿੱਤਾ। ਇਕ ਮਹਾਨ ਔਰਤ ਸਾਨੂੰ ਛੱਡ ਕੇ ਚਲੀ ਗਈ ਹੈ, ਅਸੀਂ ਉਨ੍ਹਾਂ ਨੂੰ ਕਦੇ ਨਹੀਂ ਭੁੱਲਾਂਗੇ।"
ਲਿਲੀਅਨ ਬੇਟਨਕੋਰਟ ਦੇ ਪਿਤਾ ਉਜ਼ੇਨ ਸ਼ਲੇਵਰ ਨੇ 1909 'ਚ ਇੱਕ ਕੰਪਨੀ ਸ਼ੁਰੂ ਕੀਤੀ ਸੀ ਜੋ ਅੱਜ ਲੌਰੀਅਲ ਗਰੁੱਪ 'ਚ ਬਦਲ ਗਈ ਹੈ।