ਦੰਦਾਂ ਦੇ ਪੀਲੇ ਪੈਣ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਕਿਸੇ ਵਿਅਕਤੀ ਦੀ ਸੁੰਦਰਤਾ ਕਾਫ਼ੀ ਕੁਝ ਉਸ ਦੇ ਦੰਦਾਂ ਉੱਤੇ ਨਿਰਭਰ ਕਰਦੀ ਹੈ। ਇਸੇ ਲਈ ਲੋਕ ਦੰਦਾਂ ਨੂੰ ਚਿੱਟੇ ਤੇ ਦਿਲਕਸ਼ ਰੱਖਣ ਪ੍ਰਤੀ ਵਧੇਰੇ ਚੌਕਸ ਰਹਿੰਦੇ ਹਨ।

 

ਦੰਦ ਕਿਉਂ ਹੋ ਜਾਂਦੇ ਹਨ ਪੀਲੇ?
· ਪੀਲੇ ਦੰਦ ਦਰਅਸਲ ਗੈਰ ਸਿਹਤਮੰਦ ਜੀਵਨ-ਸ਼ੈਲੀ ਨਾਲ ਜੁੜੀਆਂ ਗਤੀਵਿਧੀਆਂ ਜਿਵੇਂ ਤਮਾਕੂਨੋਸ਼ੀ ਤੇ ਸ਼ਰਾਬ ਦੇ ਸੇਵਨ ਕਾਰਣ ਹੁੰਦੇ ਹਨ

· ਅਜਿਹੀ ਖ਼ੁਰਾਕ ਦੀ ਵਰਤੋਂ, ਜਿਸ ਵਿੱਚ ਜ਼ਿਆਦਾ ਕੌਫ਼ੀ ਤੇ ਕਾਰਬੋਹਾਈਡ੍ਰੇਟ ਵਾਲੀ ਸਮੱਗਰੀ ਹੋਵੇ

· ਦੰਦਾਂ ਦੀ ਲਗਾਤਾਰ ਵਰਤੋਂ ਕਾਰਣ ਦੰਦਾਂ ਦੀ ਬਾਹਰੀ ਪਰਤ ਪਤਲੀ ਹੋ ਜਾਂਦੀ ਹੈ।

· ਸਿਹਤ ਸਬੰਧੀ ਸਮੱਸਿਆਵਾਂ ’ਚੋਂ ਲੰਘਣਾ, ਜਿਸ ਵਿੱਚ ਦਵਾਈ ਦੀ ਲੋੜ ਪੈਂਦੀ ਹੈ।

· ਉਮਰ ਢਲਣ ਨਾਲ ਵੀ ਦੰਦਾਂ ਦਾ ਰੰਗ ਬਦਲਣ ਲੱਗਦਾ ਹੈ।

 
ਇੰਝ ਬਣਾਓ ਦੰਦ ਵਧੇਰੇ ਚਿੱਟੇ
ਸੇਬ ਦਾ ਸਿਰਕਾ: ਸੇਬ ਦਾ ਸਿਰਕਾ ਦੰਦਾਂ ਨੂੰ ਜ਼ਿਆਦਾ ਸਫ਼ੇਦ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਦੀ ਵਰਤੋਂ ਘੱਟ ਮਾਤਰਾ ’ਚ ਕਰਨੀ ਚਾਹੀਦੀ ਹੈ ਤੇ ਲਗਾਤਾਰ ਇਸ ਨੂੰ ਵਰਤਣਾ ਨਹੀਂ ਚਾਹੀਦਾ ਕਿਉਂਕਿ ਇਹ ਦੰਦਾਂ ਦੀ ਸਤ੍ਹਾ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਬ੍ਰੱਸ਼ਿੰਗ: ਦਿਨ ’ਚ ਘੱਟੋ-ਘੱਟ ਦੋ ਵਾਰ ਦੋ ਤੋਂ ਤਿੰਨ ਮਿੰਟਾਂ ਲਈ ਦੰਦਾਂ ਉੱਤੇ ਬ੍ਰੱਸ਼ ਜ਼ਰੂਰ ਕਰੋ। ਆਪਣੇ ਮੂੰਹ ਦਾ ਹਰ ਹਿੱਸਾ ਸਾਫ਼ ਕਰੋ, ਉਸੇ ਤਰ੍ਹਾਂ ਜੀਭ ਦਾ ਵੀ। ਆਪਣੇ ਦੰਦਾਂ ਨੂੰ ਵਧੇਰੇ ਚਿੱਟੇ ਬਣਾਉਣ ਲਈ ਦੰਦਾਂ ਵਾਸਤੇ ‘ਟੀਥ ਵ੍ਹਾਈਟਨਿੰਗ ਟੁੱਥਪੇਸਟ’ ਦਾ ਵਿਕਲਪ ਚੁਣ ਸਕਦੇ ਹੋ।

ਤੰਦਰੁਸਤ ਖ਼ੁਰਾਕ: ਵਿਟਾਮਿਨ ‘ਸੀ’, ਫ਼ਾਈਬਰ, ਫ਼ਲ ਤੇ ਸਬਜ਼ੀਆਂ ਨਾਲ ਭਰਪੂਰ ਖ਼ੁਰਾਕ ਦੀ ਵਰਤੋਂ ਕਰੋ। ਇਸ ਨਾਲ ਤੁਹਾਡੇ ਦੰਦਾਂ ਦੀ ਸਿਹਤ ਸਮੇਤ ਤੁਹਾਡੇ ਸਾਰੇ ਸਰੀਰ ਨੂੰ ਤੰਦਰੁਸਤ ਬਣਾ ਕੇ ਰੱਖਣ ਵਿੱਚ ਮਦਦ ਮਿਲ ਸਕਦੀ ਹੈ। ਕੌਫ਼ੀ ਚੁਕੰਦਰ ਤੇ ਜਾਮੁਣ ਦੀ ਵਰਤੋਂ ਕਰਨ ਤੋਂ ਬਚੋ ਕਿਉਂਕਿ ਉਨ੍ਹਾਂ ਨਾਲ ਦੰਦਾਂ ਦਾ ਰੰਗ ਖ਼ਰਾਬ ਹੋ ਸਕਦਾ ਹੈ।

ਹਾਈਡ੍ਰੋਜਨ ਪਰਆਕਸਾਈਡ ਤੇ ਬੇਕਿੰਗ ਸੋਡਾ: ਖਾਣ ਵਾਲਾ ਸੋਡਾ ਤੇ ਹਾਈਡ੍ਰੋਜਨ ਪਰਆੱਕਸਾਈਡ ਦਾ ਮਿਸ਼ਰਣ ਪੀਲੇ ਦੰਦਾਂ ਤੇ ਦਾਗ਼ ਤੋਂ ਛੁਟਕਾਰਾ ਦਿਵਾਉਣ ’ਚ ਫ਼ਾੲਦੇਮੰਦ ਹੈ। ਤੁਸੀਂ ਦੋ ਚੱਮਚਾ ਹਾਈਡ੍ਰੋਜਨ ਪਰਆੱਕਸਾਈਡ ਤੇ ਇੱਕ ਚਮਚਾ ਖਾਣ ਵਾਲੇ ਸੋਡੇ ਦਾ ਤਿਆਰ ਕਰ ਕੇ ਉਸ ਨੂੰ ਆਪਣੇ ਦੰਦਾਂ ਉੱਤੇ ਲਾ ਸਕਦੇ ਹੋ।