ਹਵਾਬਾਜ਼ੀ ਸੁਰੱਖਿਆ ਉਤੇ ਨਜ਼ਰ ਰੱਖਣ ਵਾਲੀ ਸੰਸਥਾ ਬਿਊਰੋ ਆਫ ਸਿਵਲ ਐਵੀਏਸ਼ਨ ਸਕਿਓਰਿਟੀ (BCAS) ਨੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਮੁਤਾਬਕ ਹੁਣ ਲੰਬੇ ਸਮੇਂ ਤੱਕ ਉਡਾਣ ਨਾ ਭਰਨ ਦੀ ਸਥਿਤੀ ਵਿਚ ਯਾਤਰੀ ਜਹਾਜ਼ ਵਿਚ ਸਵਾਰ ਹੋਣ ਤੋਂ ਬਾਅਦ ਵੀ ਬਾਹਰ ਆ ਸਕਣਗੇ। 
ਦਰਅਸਲ, ਕਈ ਵਾਰ ਅਜਿਹਾ ਹੁੰਦਾ ਹੈ ਕਿ ਜਹਾਜ਼ 'ਚ ਸਵਾਰ ਹੋਣ ਤੋਂ ਬਾਅਦ ਵੀ ਫਲਾਈਟ ਕਾਫੀ ਦੇਰੀ ਨਾਲ ਉਡਾਣ ਨਹੀਂ ਭਰਦੀ ਹੈ। ਇਸ ਦੌਰਾਨ ਯਾਤਰੀਆਂ ਨੂੰ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਪਰ ਹੁਣ ਇਹ ਨਿਯਮ ਬਦਲ ਗਿਆ ਹੈ।


ਇਸ ਸਬੰਧੀ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸਨ ਕਿ ਯਾਤਰੀ ਜਹਾਜ਼ 'ਚ ਚੜ੍ਹਨ ਤੋਂ ਬਾਅਦ ਕਾਫੀ ਦੇਰ ਤੱਕ ਜਹਾਜ਼ 'ਚ ਫਸੇ ਰਹਿੰਦੇ ਹਨ। ਇਸ ਦੌਰਾਨ ਕਈ ਵਾਰ ਯਾਤਰੀਆਂ ਦੀ ਫਲਾਈਟ ਸਟਾਫ ਨਾਲ ਝੜਪ ਵੀ ਹੋਈ। ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।



ਬੀਸੀਏਐਸ ਦੇ ਡਾਇਰੈਕਟਰ ਜਨਰਲ ਜ਼ੁਲਫਿਕਾਰ ਹਸਨ ਨੇ ਸੋਮਵਾਰ ਨੂੰ ਕਿਹਾ ਕਿ ਏਅਰਲਾਈਨਾਂ ਅਤੇ ਏਅਰਪੋਰਟ ਆਪਰੇਟਰਾਂ ਲਈ ਨਵੇਂ ਦਿਸ਼ਾ-ਨਿਰਦੇਸ਼ 30 ਮਾਰਚ ਨੂੰ ਜਾਰੀ ਕੀਤੇ ਗਏ ਸਨ ਅਤੇ ਹੁਣ ਪ੍ਰਭਾਵੀ ਹੋ ਗਏ ਹਨ। 



ਉਨ੍ਹਾਂ ਕਿਹਾ ਕਿ ਇਹ ਦਿਸ਼ਾ-ਨਿਰਦੇਸ਼ ਇਹ ਯਕੀਨੀ ਬਣਾਉਣਗੇ ਕਿ ਯਾਤਰੀਆਂ ਨੂੰ ਘੱਟ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਅਤੇ ਉਨ੍ਹਾਂ ਨੂੰ ਜਹਾਜ਼ ਵਿਚ ਚੜ੍ਹਨ ਤੋਂ ਬਾਅਦ ਜ਼ਿਆਦਾ ਦੇਰ ਤੱਕ ਬੈਠਣ ਦੀ ਲੋੜ ਨਾ ਪਵੇ। ਦੇਸ਼ ਵਿੱਚ ਘਰੇਲੂ ਹਵਾਈ ਆਵਾਜਾਈ ਤੇਜ਼ੀ ਨਾਲ ਵਧ ਰਹੀ ਹੈ ਅਤੇ ਹਰ ਰੋਜ਼ ਲਗਭਗ 3,500 ਉਡਾਣਾਂ ਚੱਲਦੀਆਂ ਹਨ। BCAS ਅਤੇ ਹੋਰ ਅਥਾਰਟੀਆਂ ਨੇ ਵਧਦੀ ਹਵਾਈ ਆਵਾਜਾਈ ਦੇ ਵਿਚਕਾਰ ਹਵਾਈ ਅੱਡਿਆਂ 'ਤੇ ਭੀੜ-ਭੜੱਕੇ ਨਾਲ ਨਜਿੱਠਣ ਲਈ ਕਈ ਕਦਮ ਚੁੱਕੇ ਹਨ।


ਇਸ ਸਾਲ ਜਨਵਰੀ 'ਚ ਇੰਡੀਗੋ ਫਲਾਈਟ (6E-2175) ਦੇ ਇਕ ਯਾਤਰੀ ਨੇ ਫਲਾਈਟ 'ਚ ਲੰਬੀ ਦੇਰੀ ਕਾਰਨ ਪਾਇਲਟ ਨੂੰ ਥੱਪੜ ਮਾਰ ਦਿੱਤਾ ਸੀ। ਥੱਪੜ ਮਾਰਨ ਤੋਂ ਬਾਅਦ ਉਸ ਨੇ ਕਿਹਾ ਸੀ- ਉਡਾਣ ਭਰੋ, ਨਹੀਂ ਤਾਂ ਗੇਟ ਖੋਲ੍ਹੋ। ਇਸ ਤੋਂ ਬਾਅਦ ਕਾਫੀ ਵਿਵਾਦ ਭਖਿਆ ਸੀ।