Phone Addiction Warning Signs: ਅੱਜਕੱਲ੍ਹ ਜ਼ਿਆਦਾਤਰ ਲੋਕਾਂ ਦੇ ਹੱਥਾਂ ਵਿੱਚ ਸਮਾਰਟਫ਼ੋਨ ਦੇਖਿਆ ਜਾ ਸਕਦਾ ਹੈ। ਸਮਾਰਟਫੋਨ ਦੀ ਵਰਤੋਂ ਕਰਕੇ ਘਰ ਬੈਠੇ ਜ਼ਿਆਦਾਤਰ ਕੰਮ ਆਨਲਾਈਨ ਕੀਤੇ ਜਾ ਸਕਦੇ ਹਨ। ਇਹੀ ਕਾਰਨ ਹੈ ਕਿ ਇਸ ਦੀ ਵਰਤੋਂ ਬਹੁਤ ਵਧ ਗਈ ਹੈ।


ਦੁਨੀਆ ਭਰ ਵਿੱਚ ਵੱਡੀ ਗਿਣਤੀ ਲੋਕ ਸਮਾਰਟਫੋਨ ਦੇ ਆਦੀ ਬਣ ਚੁੱਕੇ ਹਨ। ਸਮਾਰਟਫੋਨ ਦੀ ਜ਼ਿਆਦਾ ਵਰਤੋਂ ਸਾਡੀਆਂ ਅੱਖਾਂ ਨੂੰ ਕਮਜ਼ੋਰ ਕਰਦੀ ਹੈ ਤੇ ਕਈ ਮਾਨਸਿਕ ਸਿਹਤ ਸਬੰਧੀ ਸਮੱਸਿਆਵਾਂ ਪੈਦਾ ਕਰਦੀ ਹੈ। ਫ਼ੋਨ ਸਾਡੇ ਤਣਾਅ ਦੇ ਪੱਧਰ ਨੂੰ ਵਧਾ ਸਕਦਾ ਹੈ ਤੇ ਚਿੰਤਾ ਤੇ ਉਦਾਸੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਅਜਿਹੇ 'ਚ ਸਾਰਿਆਂ ਨੂੰ ਇਸ ਦੀ ਜ਼ਿਆਦਾ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।



ਯੂਨੀਵਰਸਿਟੀ ਆਫ ਰੋਚੈਸਟਰ ਮੈਡੀਕਲ ਸੈਂਟਰ (ਅਮਰੀਕਾ) ਦੀ ਰਿਪੋਰਟ ਅਨੁਸਾਰ, ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਸਮਾਰਟਫੋਨ ਦੀ ਵਰਤੋਂ ਵਿੱਚ ਥੋੜ੍ਹੀ ਜਿਹੀ ਕਮੀ ਵੀ ਮਾਨਸਿਕ ਸਿਹਤ 'ਤੇ ਮਹੱਤਵਪੂਰਣ ਪ੍ਰਭਾਵ ਪਾ ਸਕਦੀ ਹੈ। ਜਰਮਨੀ ਵਿੱਚ ਅਪ੍ਰੈਲ 2019 ਤੋਂ ਨਵੰਬਰ 2020 ਤੱਕ ਕੀਤੇ ਗਏ ਇੱਕ ਅਧਿਐਨ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਹਫ਼ਤੇ ਲਈ ਪ੍ਰਤੀ ਦਿਨ ਇੱਕ ਘੰਟਾ ਸਮਾਰਟਫ਼ੋਨ ਦੀ ਵਰਤੋਂ ਘਟਾਉਣ ਨਾਲ ਡਿਪਰੈਸ਼ਨ ਤੇ ਚਿੰਤਾ ਦਾ ਪੱਧਰ ਘਟਿਆ ਹੈ। ਇਸ ਤੋਂ ਇਲਾਵਾ ਫੋਨ ਦੀ ਘੱਟ ਵਰਤੋਂ ਕਰਨ ਨਾਲ ਲੋਕਾਂ ਦੀ ਸਰੀਰਕ ਗਤੀਵਿਧੀ ਵਿੱਚ ਵੀ ਸੁਧਾਰ ਹੁੰਦਾ ਹੈ। ਇਸ ਦੇ ਆਧਾਰ 'ਤੇ ਇਹ ਕਿਹਾ ਜਾ ਸਕਦਾ ਹੈ ਕਿ ਫ਼ੋਨ ਦੀ ਲਤ ਸਾਡੀ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ।


ਹੁਣ ਸਵਾਲ ਇਹ ਹੈ ਕਿ ਸਮਾਰਟਫੋਨ ਦੀ ਆਦਤ ਦਾ ਪਤਾ ਕਿਵੇਂ ਲਾਇਆ ਜਾਵੇ? ਖੋਜ ਮੁਤਾਬਕ ਤੁਹਾਡੀਆਂ ਕੁਝ ਆਦਤਾਂ ਤੇ ਲੱਛਣਾਂ ਦੇ ਆਧਾਰ 'ਤੇ ਇਹ ਪਤਾ ਲਾਇਆ ਜਾ ਸਕਦਾ ਹੈ ਕਿ ਤੁਸੀਂ ਫ਼ੋਨ ਦੀ ਲਤ ਦੇ ਸ਼ਿਕਾਰ ਹੋ ਗਏ ਹੋ ਜਾਂ ਨਹੀਂ। ਕਈ ਵਾਰ ਲੋਕ ਬਾਹਰ ਨਿਕਲਦੇ ਸਮੇਂ ਆਪਣੇ ਫੋਨ ਘਰ ਵਿੱਚ ਛੱਡ ਦਿੰਦੇ ਹਨ ਤੇ ਫਿਰ ਉਨ੍ਹਾਂ ਨੂੰ ਚਿੰਤਾ ਹੋਣ ਲੱਗਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। 


ਸਿਹਤ ਮਾਹਿਰਾਂ ਮੁਤਾਬਕ ਆਪਣੇ ਫ਼ੋਨ ਤੋਂ ਬਿਨਾਂ ਬੇਚੈਨੀ ਤੇ ਬੇਵੱਸ ਮਹਿਸੂਸ ਕਰਨ ਦੀ ਸਥਿਤੀ ਇਹ ਵੀ ਦਰਸਾਉਂਦੀ ਹੈ ਕਿ ਤੁਸੀਂ ਆਪਣੇ ਫ਼ੋਨ ਦੇ ਆਦੀ ਹੋ ਗਏ ਹੋ ਤੇ ਇਹ ਤੁਹਾਡੀ ਸਿਹਤ 'ਤੇ ਬੁਰਾ ਪ੍ਰਭਾਵ ਪਾ ਰਿਹਾ ਹੈ। ਇਸ ਤੋਂ ਇਲਾਵਾ ਕਈ ਸੰਕੇਤ ਫੋਨ ਦੀ ਲਤ ਵੱਲ ਇਸ਼ਾਰਾ ਕਰਦੇ ਹਨ।


ਜਦੋਂ ਫੋਨ ਦੀ ਲਤ ਹੋਏ ਤਾਂ ਇਹ ਸੰਕੇਤ ਦਿਖਾਈ ਦਿੰਦੇ


1. ਬਿਨਾਂ ਸੋਚੇ ਸਮਝੇ ਆਪਣੇ ਫ਼ੋਨ 'ਤੇ ਐਪਸ ਦੀ ਜਾਂਚ ਕਰਨਾ ਜਾਂ ਇੰਟਰਨੈੱਟ ਬ੍ਰਾਊਜ਼ ਕਰਨਾ।


2. ਜਦੋਂ ਤੁਸੀਂ ਆਪਣੇ ਫ਼ੋਨ ਤੱਕ ਪਹੁੰਚ ਨਹੀਂ ਕਰ ਸਕਦੇ ਤਾਂ ਬੇਚੈਨ ਜਾਂ ਬੇਵੱਸ ਮਹਿਸੂਸ ਕਰਨਾ।
3. ਫ਼ੋਨ ਦੀ ਵਰਤੋਂ ਕਰਨ ਕਾਰਨ ਦਫ਼ਤਰ ਜਾਂ ਘਰ ਦਾ ਕੰਮ ਅਧੂਰਾ ਰਹਿਣਾ।


4. ਡਰਾਈਵਿੰਗ ਜਾਂ ਸੜਕ ਪਾਰ ਕਰਨ ਵਰਗੀਆਂ ਖਤਰਨਾਕ ਸਥਿਤੀਆਂ ਵਿੱਚ ਫੋਨ ਦੀ ਵਰਤੋਂ ਕਰਨਾ।


5. ਫੋਨ 'ਤੇ ਕਿਸੇ ਵੀ ਤਰ੍ਹਾਂ ਦੇ ਮੈਸੇਜ ਜਾਂ ਨੋਟੀਫਿਕੇਸ਼ਨ ਨੂੰ ਤੁਰੰਤ ਦੇਖਣ ਦੀ ਆਦਤ।


6. ਕੰਮ ਵਿੱਚ ਰੁੱਝੇ ਹੋਣ ਦੇ ਬਾਵਜੂਦ ਬਿਨਾਂ ਕਿਸੇ ਕਾਰਨ ਵਾਰ-ਵਾਰ ਫ਼ੋਨ ਚੈੱਕ ਕਰਨਾ।