Medicine’s QR Code: ਹੁਣ ਮੈਡੀਕਲ ਸਟੋਰ ਜਾਂ ਆਨਲਾਈਨ (Online) ਖਰੀਦੀ ਗਈ ਦਵਾਈ ਬਾਰੇ ਸਾਰੀ ਜਾਣਕਾਰੀ ਇੱਕ ਸਕੈਨ ਰਾਹੀਂ ਤੁਰੰਤ ਸਾਹਮਣੇ ਆਵੇਗੀ। ਦਰਅਸਲ, ਸਰਕਾਰ ਨੇ ਦਵਾਈਆਂ ਦੇ ਨਿਰਮਾਣ ਵਿੱਚ ਵਰਤੇ ਜਾਣ ਵਾਲੇ ਐਕਟਿਵ ਫਾਰਮਾਸਿਊਟੀਕਲ ਇੰਗਰੀਡੇਂਟਸ (API) ਉੱਤੇ QR ਕੋਡ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਹੁਣ ਇਸ ਫੈਸਲੇ ਤਹਿਤ ਡਰੱਗ ਪ੍ਰਾਈਸਿੰਗ ਅਥਾਰਟੀ (Drug Pricing Authority) ਨੇ 300 ਦਵਾਈਆਂ 'ਤੇ QR ਕੋਡ ਲਗਾਉਣ ਦੀ ਤਿਆਰੀ ਕਰ ਲਈ ਹੈ।


ਰਿਪੋਰਟਾਂ ਮੁਤਾਬਕ ਇਸ ਨਾਲ ਦਵਾਈਆਂ ਦੀਆਂ ਕੀਮਤਾਂ 'ਚ ਪਾਰਦਰਸ਼ਤਾ ਆਵੇਗੀ ਅਤੇ ਕਾਲਾਬਾਜ਼ਾਰੀ 'ਤੇ ਰੋਕ ਲੱਗੇਗੀ। QR ਕੋਡ ਲਈ ਜਿਨ੍ਹਾਂ ਦਵਾਈਆਂ ਦੀ ਚੋਣ ਕੀਤੀ ਗਈ ਹੈ ਉਨ੍ਹਾਂ ਵਿੱਚ ਦਰਦ ਨਿਵਾਰਕ, ਵਿਟਾਮਿਨ ਸਪਲੀਮੈਂਟ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਗਰਭ ਨਿਰੋਧਕ ਦਵਾਈਆਂ ਸ਼ਾਮਲ ਹਨ।


QR ਕੋਡ ਦਾ ਕੀ ਫਾਇਦਾ ਹੋਵੇਗਾ?


ਏਪੀਆਈ ਵਿੱਚ QR ਕੋਡ ਦੇ ਆਉਣ ਨਾਲ ਇਹ ਪਤਾ ਲਗਾਉਣਾ ਆਸਾਨ ਹੋ ਜਾਵੇਗਾ ਕਿ ਇਸਦੀ ਰਚਨਾ ਵਿੱਚ ਗਲਤ ਫਾਰਮੂਲੇ ਦੀ ਵਰਤੋਂ ਤਾਂ ਨਹੀਂ ਕੀਤੀ ਗਈ ਹੈ। ਇਸ ਤੋਂ ਇਲਾਵਾ ਦਵਾਈ ਬਣਾਉਣ ਵਿੱਚ ਵਰਤਿਆ ਜਾਣ ਵਾਲਾ ਕੱਚਾ ਮਾਲ ਕਿੱਥੋਂ ਆਇਆ ਅਤੇ ਦਵਾਈ ਕਿੱਥੇ ਜਾ ਰਹੀ ਹੈ, ਇਹ ਵੀ ਕਿਊਆਰ ਕੋਡ ਤੋਂ ਪਤਾ ਲੱਗ ਸਕੇਗਾ। ਇਸ ਦੀ ਮਨਜ਼ੂਰੀ ਡਰੱਗਜ਼ ਟੈਕਨੀਕਲ ਐਡਵਾਈਜ਼ਰੀ ਬੋਰਡ ਨੇ 2019 ਵਿੱਚ ਦਿੱਤੀ ਸੀ।


ਇਨ੍ਹਾਂ ਕਾਰੋਬਾਰੀਆਂ ਨੂੰ ਪ੍ਰੇਸ਼ਾਨੀ ਹੋਵੇਗੀ


ਫਾਰਮਾ ਉਦਯੋਗ ਦੇ ਮਾਹਰਾਂ ਦਾ ਕਹਿਣਾ ਹੈ ਕਿ ਛੋਟੇ ਜਾਂ ਦਰਮਿਆਨੇ ਆਕਾਰ ਦੇ ਕਾਰੋਬਾਰੀਆਂ ਲਈ ਇਸ ਬਦਲਾਅ ਦਾ ਪਾਲਣ ਕਰਨਾ ਮੁਸ਼ਕਲ ਹੋਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੈਕੇਜਿੰਗ 'ਚ ਇਹ ਬਦਲਾਅ ਕਰਨਾ ਥੋੜ੍ਹਾ ਮੁਸ਼ਕਿਲ ਹੋਵੇਗਾ। ਇਸ ਵਿੱਚ ਬਹੁਤ ਮਿਹਨਤ ਅਤੇ ਪੈਸਾ ਲੱਗੇਗਾ। ਹਾਲਾਂਕਿ, ਫਾਰਮਾ ਕੰਪਨੀਆਂ ਦਾ ਕਹਿਣਾ ਹੈ ਕਿ ਸਿੰਗਲ QR ਸਿਸਟਮ ਹੋਣਾ ਜ਼ਿਆਦਾ ਸੁਵਿਧਾਜਨਕ ਹੋਵੇਗਾ। ਫਿਲਹਾਲ ਵੱਖ-ਵੱਖ ਵਿਭਾਗਾਂ ਤੋਂ ਦਵਾਈਆਂ ਦੀ ਟਰੇਸਿੰਗ ਹੁੰਦੀ ਹੈ। 


ਰਿਪੋਰਟਾਂ ਅਨੁਸਾਰ, ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (NPPA) ਨੇ ਡੋਲੋ, ਸੈਰੀਡੋਨ, ਫੈਬੀਫਲੂ, ਈਕੋਸਪ੍ਰੀਨ, ਲਿਮਸੀ, ਸੂਮੋ, ਕੈਲਪੋਲ, ਥਾਈਰੋਨੋਰਮ, ਅਣਵਾਂਟੇਡ 72 ਅਤੇ ਕੋਰੈਕਸ ਸੀਰਪ ਵਰਗੇ ਵੱਡੇ ਬ੍ਰਾਂਡਾਂ ਨੂੰ ਸ਼ਾਮਲ ਕੀਤਾ ਹੈ। ਇਹ ਦਵਾਈਆਂ ਬੁਖਾਰ, ਸਿਰ ਦਰਦ, ਗਰਭ ਅਵਸਥਾ ਤੋਂ ਬਚਣ, ਖੰਘ, ਵਿਟਾਮਿਨ ਦੀ ਕਮੀ ਆਦਿ ਵਿੱਚ ਵਰਤੀਆਂ ਜਾਂਦੀਆਂ ਹਨ। ਮਨੀਕੰਟਰੋਲ ਦੀ ਖਬਰ ਮੁਤਾਬਕ ਇਨ੍ਹਾਂ ਦਵਾਈਆਂ ਦੀ ਚੋਣ ਉਨ੍ਹਾਂ ਦੇ ਸਾਲ ਭਰ ਦੇ ਟਰਨਓਵਰ (Turnover) 'ਤੇ ਮਾਰਕੀਟ ਰਿਸਰਚ ਤੋਂ ਬਾਅਦ ਕੀਤੀ ਗਈ ਹੈ। ਇਨ੍ਹਾਂ ਦਵਾਈਆਂ ਦੀ ਸੂਚੀ ਸਿਹਤ ਮੰਤਰਾਲੇ (Health Ministry) ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਇਨ੍ਹਾਂ ਨੂੰ QR ਕੋਡ ਦੇ ਅਧੀਨ ਲਿਆਉਣ ਲਈ ਜ਼ਰੂਰੀ ਬਦਲਾਅ ਕੀਤੇ ਜਾਣ।