ਨਵੀਂ ਦਿੱਲੀ: ਦਿੱਲੀ ਦੇ ਗਾਰਗੀ ਕਾਲੇਜ 'ਚ 6 ਫਰਵਰੀ ਨੂੰ ਫੇਸਟ 'ਚ ਕਾਲੇਜ ਦੀਆਂ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ 'ਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਆਰੋਪੀਆਂ ਦੀ ਉਮਰ 18 ਤੋਂ 25 ਸਾਲ ਦੀ ਹੈ। ਇਨ੍ਹਾਂ 'ਚੋਂ ਕਈ ਆਰੋਪੀ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਤਾਂ ਕਈ ਪ੍ਰਾਇਵੇਟ ਯੂਨੀਵਰਸਿਟੀ ਤੇ ਕਾਲੇਜ ਦੇ ਵਿਿਦਆਰਥੀ ਹਨ।

ਗ੍ਰਿਫ਼ਤਾਰੀ ਤੋਂ ਬਾਅਦ ਸਾਰੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਸਾਰਿਆਂ ਨੂੰ ਜੂਡੀਸ਼ੀਅਲ ਕਸਟਡੀ 'ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਘਟਨਾ ਸਾਹਮਣੇ ਆਉਣ ਤੋਂ ਬਾਅਦ 11 ਵੱਖ-ਵੱਖ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਸੀ, ਜਿਨ੍ਹਾਂ ਕਾਲਜ ਕੈਂਪਸ ਦੇ ਗ੍ਰਾਉਂਡ ਫਲੋਰ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ।

ਕਰੀਬ 23 ਕੈਮਰਿਆਂ ਨੂੰ ਖੰਗਾਲਣ ਤੋਂ ਬਾਅਦ ਮੁਲਜ਼ਮਾਂ ਦੀ ਪਛਾਣ ਹੋ ਸਕੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪਿੱਛੇ ਕਾਲੇਜ ਪ੍ਰਸ਼ਾਸਨ ਦੀ ਵੀ ਗਲਤੀ ਹੈ, ਜਿਨ੍ਹਾਂ ਘਟਨਾ ਬਾਰੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ। ਸੋਸ਼ਲ ਮੀਡੀਆ 'ਤੇ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਨੇ ਤੂਲ ਫੜ੍ਹਿਆ, ਜਿਸ ਤੋਂ ਬਾਅਦ ਪੁਲਿਸ ਵਲੋਂ ਕਾਰਵਾਈ ਕੀਤੀ ਗਈ।