ਸਫ਼ੋਕ, ਨਿਊ ਯਾਰਕ: ਅਮਰੀਕੀ ਮਹਾਂਨਗਰ ਨਿਊ ਯਾਰਕ ’ਚ 13 ਸਾਲਾਂ ਦੇ ਇੱਕ ਸਿੱਖ ਲੜਕੇ ਚੈਜ਼ ਬੇਦੀ ਉੱਤੇ ਨਸਲੀ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਹਮਲਾਵਰਾਂ ਨੇ ਉਸ ਉੱਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਿਊ ਯਾਰਕ ਦੇ ਸਫ਼ੋਕ ਇਲਾਕੇ ’ਚ ਬੀਤੀ 29 ਮਈ ਨੂੰ ਵਾਪਰੀ, ਜਦੋਂ ਹਮਉਮਰ ਲੜਕਿਆਂ ਦੇ ਇੱਕ ਝੁੰਡ ਨੇ ਸਿੱਖ ਲੜਕੇ ਨਾਲ ਕੁੱਟਮਾਰ ਕੀਤੀ ਤੇ ਭੱਦੀਆਂ ਟਿੱਪਣੀਆਂ ਕੀਤੀਆਂ।

 

ਅਮਰੀਕੀ ਅਖ਼ਬਾਰ ‘ਪੀਪਲ’ ਵੱਲੋਂ ਪ੍ਰਕਾਸ਼ਿਤ ਕ੍ਰਿਸਟੀਨ ਪੇਲੀਸੇਕ ਦੀ ਰਿਪੋਰਟ ਅਨੁਸਾਰ ‘ਵਾਲਟ ਵ੍ਹਿਟਮੈਨ ਸ਼ੌਪਸ’ ਨਾਂ ਦੇ ਇੱਕ ਮਾੱਲ ਵਿਖੇ ਵਾਪਰੀ ਇਸ ਘਟਨਾ ਦੀ ਜਾਂਚ ਪੁਲਿਸ ਵੱਲੋਂ ਇੱਕ ‘ਨਸਲੀ ਹਮਲਾ’ ਮੰਨ ਕੇ ਹੀ ਕੀਤੀ ਜਾ ਰਹੀ ਹੈ। ਅਮਰੀਕਾ ਵਿੱਚ ਨਸਲੀ ਹਮਲਾ ਬਹੁਤ ਘਿਨਾਉਣ ਤੇ ਸੰਗੀਨ ਅਪਰਾਧ ਹੈ; ਇਸ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਕਾਨੂੰਨੀ ਵਿਵਸਥਾ ਹੈ।

 

ਪੁਲਿਸ ਅਧਿਕਾਰੀ ਨੇ ਇਸ ਤਾਜ਼ਾ ਘਟਨਾ ਬਾਰੇ ਦੱਸਿਆ ਕਿ ਸਿੱਖ ਲੜਕੇ ਦੇ ਘਸੁੰਨ ਮਾਰੇ ਗਏ ਅਤੇ ਨਸਲੀ ਤੇ ਪੱਖਪਾਤੀ ਟਿੱਪਣੀਆਂ ਕੀਤੀਆਂ ਹਨ। ਸਿੱਖ ਲੜਕੇ ਉੱਤੇ ਹਮਲਾ ਸਿਰਫ਼ ਉਸ ਦੇ ਬਾਹਰੀ ਸਿੱਖ ਸਰੂਪ ਕਾਰਣ ਹੋਇਆ ਹੈ। ਇਸ ਮਾਮਲੇ ਦੀ ਜਾਂਚ ਇੱਕ ‘ਨਸਲੀ ਅਪਰਾਧ’ ਵਜੋਂ ਹੀ ਕੀਤੀ ਜਾ ਰਹੀ ਹੈ।

 

ਪੀੜਤ ਲੜਕੇ ਚੈਜ਼ ਬੇਦੀ ਨੇ ‘ਨਿਊਜ਼ 12’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਸਿੱਖ ਧਰਮ ਨਾਲ ਸਬੰਧਤ ਹੈ ਤੇ ਜਿਸ ਕਰਕੇ ਉਹ ਦਸਤਾਰ ਸਜਾਉਂਦਾ ਹੈ। ਉਸ ਦੇ ਸਿਰਫ਼ ਇਸ ਸਿੱਖੀ ਸਰੂਪ ਕਾਰਣ ਹੀ ਉਸ ਉੱਤੇ ਇਹ ਨਸਲੀ ਹਮਲਾ ਹੋਇਆ ਹੈ। ਉਸ ਨੇ ਕਿਹਾ ਕਿ ਸਿਰਫ਼ ਕਿਸੇ ਦੀ ਬਾਹਰੀ ਦਿੱਖ ਕਾਰਣ ਉਸ ਉੱਤੇ ਅਜਿਹਾ ਹਮਲਾ ਨਹੀਂ ਕੀਤਾ ਜਾ ਸਕਦਾ।

 

ਇਸ ਦੌਰਾਨ ‘ਨਿਊਯਾਰਕ ਚੈਪਟਰ ਆੱਫ਼ ਦਿ ਕੌਂਸਲ ਆੱਨ ਅਮੈਰਿਕਨ–ਇਸਲਾਮਿਕ ਰਿਲੇਸ਼ਨਜ਼’ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਲਤਾਫ਼ ਨਾਸ਼ਰ ਨੇ ਕਿਹਾ, ਇਹ ਰਾਹਤ ਵਾਲੀ ਗੱਲ ਹੈ ਕਿ ਸਿੱਖ ਬੱਚਾ ਗੰਭੀਰ ਜ਼ਖ਼ਮੀ ਨਹੀਂ ਹੋਇਆ। ਅਸੀਂ ਸਫ਼ੋਕ ਕਾਊਂਟੀ ਦੀ ਪੁਲਿਸ ਦੀ ਜਾਂਚ ਦਾ ਸੁਆਗਤ ਕਰਦੇ ਹਨ। ਇਸ ਹਿੰਸਕ ਘਟਨਾ ਦੀ ਸਖ਼ਤ ਤੋਂ ਸਖ਼ਤ ਨਿਖੇਧੀ ਕੀਤੀ ਜਾਣੀ ਚਾਹੀਦੀ ਹੈ। ਸਾਡੇ ਸਿੱਖ ਭੈਣਾਂ ਤੇ ਭਰਾਵਾਂ ਨੂੰ ਅਕਸਰ ਨਸਲੀ ਹਮਲਿਆਂ ਤੇ ਵਿਤਕਰਿਆਂ ਦੇ ਸ਼ਿਕਾਰ ਹੋਣਾ ਪੈਂਦਾ ਹੈ। ਇਸ ਦੌਰਾਨ ਚੈਜ਼ ਬੇਦੀ ਨੇ ਮੀਡੀਆ ਸਾਹਮਣੇ ਇਹ ਵੀ ਦਾਅਵਾ ਕੀਤਾ ਕਿ ਸਕੂਲ ਵਿੱਚ ਵੀ ਅਕਸਰ ਧੱਕੇਸ਼ਾਹੀ ਦਾ ਸ਼ਿਕਾਰ ਹੁੰਦਾ ਰਿਹਾ ਹੈ।