ਮਹਿਤਾਬ-ਉਦ-ਦੀਨ


ਚੰਡੀਗੜ੍ਹ: ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਹੁਣ ਆਪਣੇ ਉਦਯੋਗਾਂ ਵਿੱਚ ਦਸਤਾਰਧਾਰੀ ਸਿੱਖਾਂ ਵਾਸਤੇ ‘ਹਾਰਡ ਹੈਟ’ ਦੇ ਨਿਯਮ ਬਦਲ ਦਿੱਤੇ ਹਨ। ਪਹਿਲਾਂ ਹਰੇਕ ਉਦਯੋਗ ਵਿੱਚ ਮਰਦ ਸਿੱਖ ਵਰਕਰਾਂ ਨੂੰ ਆਪਣੀਆਂ ਦਸਤਾਰਾਂ ਲਾਹ ਕੇ ‘ਹਾਰਡ ਹੈਟ’ (ਸਖ਼ਤ ਹੈਲਮੈਟ ਵਰਗੀ ਟੋਪੀ) ਪਾ ਕੇ ਹੀ ਅੰਦਰ ਡਿਊਟੀ ’ਤੇ ਜਾਣਾ ਪੈਂਦਾ ਸੀ ਪਰ ਹੁਣ ‘ਵਰਕ-ਸੇਫ਼-ਬੀਸੀ’ (WorkSafeBC) ਨੇ ਸਿੱਖ ਵਰਕਰਾਂ ਵਾਸਤੇ ਆਪਣੇ ਨਿਯਮਾਂ ਵਿੱਚ ਤਬਦੀਲੀ ਕਰ ਦਿੱਤੀ ਹੈ। ਜ਼ਿਆਦਾਤਰ ਉਦਯੋਗਾਂ ਵਿੱਚ ਹੁਣ ਸਿੱਖ ਕਰਮਚਾਰੀ ਆਪਣੀਆਂ ਦਸਤਾਰਾਂ ਸਮੇਤ ਹੀ ਕੰਮ ਕਰ ਸਕਣਗੇ। ਇਸ ਫ਼ੈਸਲੇ ਤੋਂ ਸਿਰਫ਼ ਬ੍ਰਿਟਿਸ਼ ਕੋਲੰਬੀਆ ਹੀ ਨਹੀਂ, ਸਮੁੱਚੇ ਕੈਨੇਡਾ ਦੀ ਸਿੱਖ ਸੰਗਤ ਵਿੱਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ।


ਪ੍ਰਾਪਤ ਜਾਣਕਾਰੀ ਮੁਤਾਬਕ ਇਸੇ ਵਰ੍ਹੇ 1 ਸਤੰਬਰ ਤੋਂ ਸਾਰੇ ਉਦਯੋਗ ਆਪਣੇ ਪੱਧਰ ਉੱਤੇ ਆਪਣੇ ਹਰੇਕ ਖੇਤਰ ਦੀ ਸਮੀਖਿਆ ਕਰਨਗੇ ਤੇ ਇਹ ਨਿਰਧਾਰਤ ਕਰਨਗੇ ਕਿ ਕਿੱਥੇ ‘ਹਾਰਡ ਹੈਟ’ ਬਹੁਤ ਜ਼ਿਆਦਾ ਜ਼ਰੂਰੀ ਹੈ; ਸਿਰਫ਼ ਉੱਥੇ ਹੀ ਸਿੱਖ ਵਰਕਰਜ਼ ਨੂੰ ਉਸ ਦੀ ਵਰਤੋਂ ਕਰਨੀ ਪਵੇਗੀ। ਇਹ ਉਹ ਸਥਾਨ ਹੋਣਗੇ, ਜਿੱਥੇ ਉੱਪਰ ਕਿਤੇ ਚੱਲ ਰਹੇ ਕੰਮ ਦੌਰਾਨ ਕੋਈ ਭਾਰੀ ਜਾਂ ਲੋਹੇ ਜਾਂ ਕਿਸੇ ਹੋਰ ਧਾਤ ਵਾਲੀਆਂ ਵਸਤਾਂ ਅਚਾਨਕ ਹੇਠਾਂ ਡਿੱਗਦੀਆਂ ਰਹਿੰਦੀਆਂ ਹਨ।



ਦੱਸ ਦੇਈਏ ਕਿ ਪਿਛਲੇ ਲੰਮੇ ਸਮੇਂ ਤੋਂ ਸਿੱਖ ਮੁਲਾਜ਼ਮ ਆਪਣੇ ਰੋਜ਼ਗਾਰਦਾਤਿਆਂ/ਕੰਪਨੀਆਂ ਤੱਕ ਪਹੁੰਚ ਕਰ ਕੇ ਸਾਰੀਆਂ ਥਾਵਾਂ ਉੱਤੇ ‘ਹਾਰਡ ਹੈਟ’ ਪਹਿਨਣ ਨੂੰ ਤਬਦੀਲ ਕਰ ਕੇ ਕੁਝ ਸੀਮਤ ਕਰਨ ਦੀ ਮੰਗ ਕਰਦੇ ਆ ਰਹੇ ਸਨ। ਸਿੱਖ ਸੰਗਤ ਨੇ ਵੀ ਬਹੁਤ ਵਾਰ ਇਹ ਮੁੱਦਾ ਉਠਾਇਆ ਸੀ। ਕਈ ਕੰਪਨੀਆਂ ਇਸ ਮਾਮਲੇ ’ਚ ਕਾਨੂੰਨ ਦੇ ਹਵਾਲੇ ਨਾਲ ਸਿੱਖ ਕਰਮਚਾਰੀਆਂ ਨਾਲ ਜ਼ਿੱਦਬਾਜ਼ੀ ਵੀ ਕਰਦੀਆਂ ਰਹੀਆਂ ਹਨ।


ਹੁਣ WorkSafeBC ਸਾਰੇ ਰੋਜ਼ਗਾਰਦਾਤਿਆਂ ਨੂੰ ਇਸ ਨਵੀਂ ਤਬਦੀਲੀ ਬਾਰੇ ਜਾਗਰੂਕ ਕਰੇਗੀ। ਪਹਿਲੀ ਸਤੰਬਰ ਤੋਂ ਪਹਿਲਾਂ-ਪਹਿਲਾਂ ਦਸਤਾਰਧਾਰੀ ਸਿੱਖ ਕਰਮਚਾਰੀਆਂ ਲਈ ਤਬਦੀਲ ਕੀਤੇ ਇਸ ਨਿਯਮ ਬਾਰੇ ਪੂਰੀ ਜਾਣਕਾਰੀ ਦੇ ਦੇਣਗੇ। ਰਾਇਲ ਕੈਨੇਡਾ ਮਾਊਂਟਿਡਿ ਪੁਲਿਸ ਦੇ ਪਹਿਲੇ ਦਸਤਾਰਧਾਰੀ ਅਧਿਕਾਰੀ ਬਲਤੇਜ ਸਿੰਘ ਢਿਲੋਂ ਨੇ ਕਿਹਾ ਕਿ ਕਿਸੇ ਉਦਯੋਗ ਵਿੱਚ ਹਰ ਥਾਂ ‘ਹਾਰਡ ਹੈਟ’ ਦੀ ਲੋੜ ਨਹੀਂ ਹੁੰਦੀ। ‘ਸਿਟੀ ਨਿਊਜ਼ 1130’ ਵੱਲੋਂ ਪ੍ਰਕਾਸ਼ਿਤ ਬੇਲੀ ਨਿਕੋਲਸਨ ਦੀ ਰਿਪੋਰਟ ਅਨੁਸਾਰ ਹੁਣ ਨਿਯਮ ਬਦਲਣ ਨਾਲ ਪਹਿਲਾਂ ਦੇ ਮੁਕਾਬਲੇ ਵਧੇਰੇ ਦਸਤਾਰਧਾਰੀ ਸਿੱਖ ਕਰਮਚਾਰੀ ਉਦਯੋਗਾਂ ਵਿੱਚ ਕੰਮ ਲਈ ਉਪਲਬਧ ਹੋ ਸਕਣਗੇ।


ਬ੍ਰਿਟਿਸ਼ ਕੋਲੰਬੀਆ ਦੇ ਜੰਗਲਾਤ ਮਹਿਕਮੇ ’ਚੋਂ ਸੇਵਾਮੁਕਤ ਹੋਏ ਕਰਮਚਾਰੀ ਕੁਲਵੰਤ ਸਿੰਘ ਸਹੋਤਾ ਨੇ ਕਿਹਾ ਕਿ ਉਹ ਉਦਯੋਗਾਂ ਵਿੱਚ ਅਜਿਹੀ ਤਬਦੀਲੀ ਕਰਵਾਉਣ ਲਈ ਲਗਭਗ 15 ਸਾਲਾਂ ਤੱਕ ਕੋਸ਼ਿਸ਼ ਕਰਦੇ ਰਹੇ ਸਨ। ਉਨ੍ਹਾਂ ਜੰਗਲਾਤ ਮਹਿਕਮੇ ਵਿੱਚ 32 ਵਰ੍ਹੇ ਕੰਮ ਕੀਤਾ ਹੈ। ਉਨ੍ਹਾਂ ਇਸ ਤਾਜ਼ਾ ਫ਼ੈਸਲੇ ਉੱਤੇ ਖ਼ੁਸ਼ੀ ਪ੍ਰਗਟਾਈ ਹੈ।


ਇਹ ਵੀ ਪੜ੍ਹੋ: ਸਿੱਖ ਜਥੇਬੰਦੀਆਂ ਦਾ ਐਲਾਨ, ਪਹਿਲੀ ਜੁਲਾਈ ਤੋਂ ਮੁੜ ਬਰਗਾੜੀ ਮੋਰਚਾ, ਕੈਪਟਨ ਸਾਹਮਣੇ ਵੱਡੀ ਚੁਣੌਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904