ਲੁਧਿਆਣਾ: ਪੂਰੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਹਰ ਸ਼ਖ਼ਸ ਪ੍ਰੇਸ਼ਾਨ ਹੈ ਅਤੇ ਹਰ ਕੋਈ ਇਸ ਦੁੱਖ ਦੀ ਘੜੀ 'ਚ ਇਕ ਦੂਜੇ ਦੀ ਮਦਦ ਕਰ ਰਿਹਾ ਹੈ ਉਥੇ ਹੀ ਫਿਲਮ ਸਟਾਰ ਅਮਿਤਾਭ ਬੱਚਨ ਵੱਲੋਂ ਦਿੱਲੀ ਰਕਾਬਗੰਜ ਗੁਰਦੁਆਰਾ ਸਾਹਿਬ ਨੂੰ ਦੋ ਕਰੋੜ ਰਾਸ਼ੀ ਕੋਰੋਨਾ ਮਰੀਜ਼ਾਂ ਨੂੰ ਦਿੱਤੀ ਗਈ।
ਇਸ ਨੂੰ ਲੈ ਕੇ ਲੁਧਿਆਣਾ 'ਚ 1984 ਦੰਗਾ ਪੀੜਤਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਪ੍ਰਧਾਨ ਸੁਰਜੀਤ ਸਿੰਘ ਅਤੇ ਬੀਬੀ ਗੁਰਦੀਪ ਕੌਰ ਦਾ ਕਹਿਣਾ ਹੈ ਕਿ 1984 'ਚ ਹੋਏ ਕਤਲੇਆਮ ਵਿੱਚ ਅਮਿਤਾਭ ਬੱਚਨ ਵੀ ਸ਼ਾਮਲ ਸੀ। ਇਸ ਕਰਕੇ ਉਸ ਦੇ ਦਿੱਤੇ ਗਏ ਪੈਸੇ ਸਿੱਖ ਕੌਮ ਨੂੰ ਨਹੀਂ ਲੈਣੇ ਚਾਹੀਦੇ।
ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਪੈਸੇ ਵਾਪਸ ਕਰੇ ਅਤੇ ਅਕਾਲ ਤਖ਼ਤ ਤੋਂ ਮੁਆਫੀ ਮੰਗੇ। ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਅਮਿਤਾਭ ਬੱਚਨ ਪੰਜਾਬ ਆਉਂਦਾ ਹੈ ਤਾਂ ਉਸ ਦਾ ਪੁਰਜ਼ੋਰ ਤਰੀਕੇ ਨਾਲ ਵਿਰੋਧ ਕੀਤਾ ਜਾਵੇਗਾ।
ਅਮਿਤਾਭ ਬੱਚਨ ਨੇ ਇਹ ਦਾਨ ਦਿੱਲੀ ਦੇ ਗੁਰਦੁਆਰਾ ਸ਼੍ਰੀ ਰਕਾਬ ਗੰਜ ਸਾਹਿਬ ਵਿੱਚ ਬਣ ਰਹੇ ਕੋਵਿਡ ਸੈਂਟਰ ਦੇ ਨਿਰਮਾਣ ਲਈ ਦਿੱਤਾ ਹੈ। 300 ਬੈੱਡਸ ਵਾਲੇ ਇਸ ਕੋਵਿਡ ਸੈਂਟਰ ਨੂੰ 'ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ ਫ਼ੈਸੇਲਿਟੀ' ਦਾ ਨਾਂ ਦਿੱਤਾ ਗਿਆ ਹੈ।
ਇਸ ਕੋਵਿਡ ਕੇਅਰ ਵਿੱਚ, ਕੋਰੋਨਾ ਦੇ ਮਰੀਜ਼ਾਂ ਲਈ ਡਾਕਟਰਾਂ, ਪੈਰਾ ਮੈਡੀਕਲ ਤੋਂ ਇਲਾਵਾ ਐਂਬੂਲੈਂਸ ਤੇ ਆਕਸੀਜਨ ਵਰਗੀਆਂ ਸਹੂਲਤਾਂ ਤੋਂ ਇਲਾਵਾ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ। ਕੋਰੋਨਾ ਦੇ ਮਰੀਜ਼ਾਂ ਨੂੰ ਹਰ ਕਿਸਮ ਦੀਆਂ ਸਹੂਲਤਾਂ ਬਿਲਕੁਲ ਫਰੀ ਮਿਲਣਗੀਆਂ।
ਦਿੱਲੀ ਸਿੱਖ ਗੁਰਦਵਾਰਾ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਪਣੇ ਬਿਆਨ ਵਿਚ ਅਮਿਤਾਭ ਬੱਚਨ ਦੀ ਤਾਰੀਫ ਕੀਤੀ ਤੇ ਕਿਹਾ 'ਜਦੋਂ ਦਿੱਲੀ ਵਿੱਚ ਰੋਜ਼ਾਨਾ ਆਕਸੀਜਨ ਦੀ ਘਾਟ ਹੁੰਦੀ ਸੀ, ਤਾਂ ਅਮਿਤਾਭ ਬੱਚਨ ਹਰ ਰੋਜ਼ ਫੋਨ ਕਰਕੇ ਕੋਰੋਨਾ ਸੈਂਟਰ ਦੀ ਜਾਣਕਾਰੀ ਲੈਂਦੇ ਸਨ। ਇਸ ਤੋਂ ਪਹਿਲਾਂ ਅਮਿਤਾਭ ਬਚਨ ਨੇ 2 ਕਰੋੜ ਦਾ ਦਾਨ ਦਿੰਦੇ ਹੋਏ ਕਿਹਾ ''ਸ੍ਰੀ ਗੁਰੂ ਤੇਗ ਬਹਾਦੁਰ ਕੋਵਿਡ ਕੇਅਰ' ਦੇ ਨਿਰਮਾਣ ਲਈ ਸਿੱਖ ਕੌਮ ਦੀ ਸੇਵਾ ਨੂੰ ਸਲਾਮ।