ਨਵੀਂ ਦਿੱਲੀ: ਭਾਰਤ ’ਚ ਸਿਹਤ ਕਰਮਚਾਰੀਆਂ ਦਾ ਕੋਰੋਨਾ ਟੀਕਾਕਰਨ ਚਾਰ ਮਹੀਨੇ ਪਹਿਲਾਂ ਸ਼ੁਰੂ ਹੋ ਗਿਆ ਸੀ। ਦੇਸ਼ ਵਿੱਚ ਇਸ ਵੈਕਸੀਨ ਦੀ ਵਰਤੋਂ ਦੀ ਸ਼ੁਰੂਆਤ ਹੀ ਇਨ੍ਹਾਂ ਹੈਲਥ ਵਰਕਰਜ਼ ਤੋਂ ਹੋਈ ਸੀ ਪਰ ਪੰਜਾਬ ਵਿੱਚ 28 ਫ਼ੀ ਸਦੀ ਸਿਹਤ ਕਰਮਚਾਰੀਆਂ ਨੂੰ ਹਾਲੇ ਤੱਕ ਵੈਕਸੀਨ ਦੀ ਪਹਿਲੀ ਡੋਜ਼ ਵੀ ਨਹੀਂ ਮਿਲੀ। ਇੰਝ ਹੀ ਕੋਵਿਡ-19 ਮਰੀਜ਼ਾਂ ਦਾ ਸਿੱਧੇ ਤੌਰ ’ਤੇ ਸਾਹਮਣਾ ਕਰਨ ਵਾਲੇ 10 ਫ਼ੀ ਸਦੀ ਕਰਮਚਾਰੀਆਂ (ਫ਼੍ਰੰਟਲਾਈਨ ਵਰਕਰਜ਼) ਨੂੰ ਵੀ ਹਾਲੇ ਵੈਕਸੀਨ ਦੀ ਪਹਿਲੀ ਡੋਜ਼ ਲੱਗਣੀ ਹੈ।


 


ਵਧੀਕ ਸਿਹਤ ਸਕੱਤਰ ਡਾ. ਮਨੋਹਰ ਅਗਨਾਨੀ ਨੇ ਰਾਜ ਸਰਕਾਰ ਨੂੰ ਲਿਖੀ ਚਿੱਠੀ ’ਚ ਕਿਹਾ ਹੈ ਕਿ ਹੁਣ ਤੱਕ ਕੇਂਦਰ ਨੇ 49.13 ਲੱਖ ਡੋਜ਼ ਸਪਲਾਈ ਕੀਤੀਆਂ ਸਨ; ਜਿਨ੍ਹਾਂ ਵਿੱਚੋਂ 47.87 ਡੋਜ਼ ਵਰਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਤਰਜੀਹੀ ਸਮੂਹਾਂ ਲਈ ਟੀਕਾਕਰਣ ਮੁਹਿੰਮ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਹਾਲੇ 27.82 ਫ਼ੀ ਸਦੀ ਰਜਿਸਟਰਡ ਹੈਲਥਕੇਅਰ ਵਰਕਰਜ਼ ਅਤੇ 9.67 ਫ਼ੀ ਸਦੀ ਫ਼੍ਰੰਟਲਾਈਨ ਵਰਕਰਜ਼ ਦੇ ਹਾਲੇ ਵੈਕਸੀਨ ਦੀ ਪਹਿਲੀ ਡੋਜ਼ ਲੱਗਣੀ ਵੀ ਰਹਿੰਦੀ ਹੈ।


 


ਪੰਜਾਬ ਰਾਜ ਹੋਰਨਾਂ ਸਮੂਹਾਂ ਦੇ ਟੀਕਾਕਰਣ ਦੇ ਮਾਮਲੇ ’ਚ ਵੀ ਪਿੱਛੇ ਚੱਲ ਰਿਹਾ ਹੈ। 45 ਸਾਲ ਤੋਂ ਵੱਧ ਉਮਰ ਦੇ ਸਿਰਫ਼ 30.04 ਫ਼ੀ ਸਦੀ ਲੋਕਾਂ ਨੂੰ ਹੀ ਹਾਲੇ ਪਹਿਲੀ ਡੋਜ਼ ਲੱਗੀ ਹੈ; ਜਦ ਕਿ ਇਸ ਵਰਗ ਲਈ ਲਈ ਰਾਸ਼ਟਰੀ ਪੱਧਰ ਉੱਤੇ 33.7 ਫ਼ੀ ਸਦੀ ਦਾ ਟੀਕਾਕਰਣ ਹੋ ਚੁੱਕਾ ਹੈ।


 


ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਟੀਕਾਕਰਣ ਦੀ ਰਫ਼ਤਾਰ ਵਧਾਉਣ ਲਈ ਆਖਿਆ ਹੈ।  45 ਸਾਲ ਤੋਂ ਵੱਧ ਦੇ ਲੋਕਾਂ ਲਈ ਸਪਲਾਈ ਕੇਂਦਰ ਸਰਕਾਰ ਨੇ ਦੇਣੀ ਹੈ; ਜਦ ਕਿ 18 ਤੋਂ 44 ਸਾਲ ਉਮਰ ਦੇ ਲੋਕਾਂ ਲਈ ਵੈਕਸੀਨ ਪੰਜਾਬ ਸਰਕਾਰ ਨੇ ਆਪ ਖ਼ਰੀਦਣੀ ਹੈ।


 


ਰਾਜ ਪਿਛਲੇ ਦੋ ਮਹੀਨਿਆਂ ਤੋਂ ਵੈਕਸੀਨਾਂ ਦੀ ਉਚਿਤ ਸਪਲਾਈ ਦੀ ਮੰਗ ਕਰ ਰਿਹਾ ਹੈ। ਸੂਬੇ ਵਿੱਚ ਇੱਕ ਦਿਨ ਵਿੱਚ 3 ਲੱਖ ਡੋਜ਼ ਲੱਗਦੀਆਂ ਹਲ ਪਰ ਵੈਕਸੀਨ ਦੀ ਕਮੀ ਕਾਰਣ ਹਾਲੇ ਸਿਰਫ਼ 60,000 ਤੋਂ ਲੈ ਕੇ 70,000 ਵੈਕਸੀਨਾਂ ਹੀ ਰੋਜ਼ਾਨਾ ਲੱਗ ਰਹੀਆਂ ਹਨ।