ਸੋਨੀਪਤ: ਸੋਨੀਪਤ ਦੇ ਪਿੰਡ ਗੋਪਾਲਪੁਰ ਵਿੱਚ ਇੱਕ ਵਿਆਹ ਵਾਲੇ ਘਰ 'ਚ ਬੈਂਡ ਬਾਜੇ ਦੀ ਥਾਂ ਗੋਲੀਆਂ ਦੀ ਗੂੰਜ ਨਾਲ ਪਿੰਡ ਦਹਿਲ ਉੱਠਿਆ। ਦੱਸਿਆ ਜਾ ਰਿਹਾ ਹੈ ਕਿ 15 ਮਾਰਚ ਨੂੰ ਲੜਕੀ ਦਾ ਵਿਆਹ ਸੀ, ਪਰ ਵਿਆਹ ਦੇ ਦੌਰਾਨ ਹੀ ਕਿਸੇ ਗੱਲ ਨੂੰ ਲੈ ਕੇ ਲੇਡੀਜ਼ ਸੰਗੀਤ ਦੌਰਾਨ ਲੜਾਈ ਹੋ ਗਈ। ਜਿਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਗੋਲੀਆਂ ਤੱਕ ਚਲਾਈਆਂ ਗਈਆਂ। ਜ਼ਖਮੀਆਂ ਦਾ ਰੋਹਤਕ ਪੀਜੀਆਈ ਵਿਖੇ ਇਲਾਜ ਚੱਲ ਰਿਹਾ ਹੈ। ਫਿਲਹਾਲ ਪੁਲਿਸ ਮੌਕੇ ‘ਤੇ ਹੀ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਸਭ ਦਾ ਦੋਸ਼ ਗੁਆਂਢ 'ਚ ਰਹਿੰਦੇ ਇਕ ਨੌਜਵਾਨ 'ਤੇ ਲਗਾਇਆ ਗਿਆ ਹੈ। ਮੁਲਜ਼ਮ ਮੌਕੇ ਤੋਂ ਫਰਾਰ ਹੈ।

 

ਸੋਨੀਪਤ ਦੇ ਪਿੰਡ ਗੋਪਾਲਪੁਰ ਦੇ ਵਸਨੀਕ ਸੁਮਿਤ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 15 ਮਾਰਚ ਨੂੰ ਹੋ ਰਿਹਾ ਹੈ ਅਤੇ ਉਸੇ ਸਮੇਂ ਲੇਡੀਜ਼ ਸੰਗੀਤ ਚੱਲ ਰਿਹਾ ਸੀ। ਗੁਆਂਢ 'ਚ ਰਹਿੰਦਾ ਇੱਕ ਨੌਜਵਾਨ ਆਪਣੀ ਰਿਵਾਲਵਰ ਲੈ ਕੇ ਆਇਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਦੌਰਾਨ ਉਸ ਦੀ ਭੈਣ ਰਿੰਕੀ ਦੀ ਲੱਤ ਵਿੱਚ ਗੋਲੀ ਲੱਗੀ ਅਤੇ 2 ਹੋਰਾਂ ਨੂੰ ਵੀ ਗੋਲੀ ਲੱਗੀ। ਉਨ੍ਹਾਂ ਸਾਰਿਆਂ ਨੂੰ ਖਰਖੌਦਾ ਜਨਰਲ ਹਸਪਤਾਲ ਲਿਜਾਇਆ ਗਿਆ। ਜਿੱਥੋਂ ਤਿੰਨਾਂ ਨੂੰ ਰੋਹਤਕ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। 

 

ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਖਰਖੌਦਾ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀ ਦਿਲਾਵਰ ਨੇ ਕਿਹਾ ਕਿ ਸੀਐਚਸੀ ਖਰਖੌਦਾ ਤੋਂ ਰਿਪੋਰਟ ਮਿਲੀ ਸੀ ਕਿ ਇਕ ਲੜਕੀ ਅਤੇ ਦੋ ਲੜਕੇ ਗੋਲੀਬਾਰੀ ਨਾਲ ਜ਼ਖਮੀ ਹੋ ਗਏ ਹਨ, ਇਸ ਤੋਂ ਬਾਅਦ ਉਨ੍ਹਾਂ ਦੇ ਬਿਆਨ ਲਏ ਗਏ ਅਤੇ ਐਫਆਈਆਰ ਦਰਜ ਕੀਤੀ। ਪਤਾ ਲੱਗਿਆ ਕਿ ਉਨ੍ਹਾਂ ਦੇ ਘਰ ਵਿਆਹ ਦੀ ਰਸਮ ਸੀ, ਉਸ ਸਮੇਂ ਝਗੜਾ ਹੋਇਆ।