ਜਗਰਾਓਂ: ਜਗਰਾਓਂ ਦੇ ਅਧੀਨ ਆਉਂਦੇ ਥਾਣਾ ਜੋਧਾਂ ਦੀ ਪੁਲਿਸ ਨੇ ਇਲਾਕੇ ਵਿੱਚ ਤਸਕਰੀ ਲਈ ਲਿਆਂਦੀ ਗਈ 4 ਕਿਲੋ ਹੈਰੋਇਨ ਤੇ 37 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇੱਕ ਵਿਅਕਤੀ, ਉਸ ਦੀ ਭੈਣ ਤੇ ਪਤਨੀ ਨੂੰ ਵੀ ਕਾਬੂ ਕੀਤਾ ਹੈ। ਇਨ੍ਹਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇੰਨੀ ਵੱਡੀ ਮਾਤਰਾ ਵਿੱਚ ਹੈਰੋਇਨ ਕਿਥੋਂ ਲਿਆਂਦੀ ਗਈ ਸੀ ਤੇ ਇਸ ਇਲਾਕੇ ਵਿੱਚ ਕਿਸ ਕਿਸ ਨੂੰ ਇਹ ਸਪਲਾਈ ਕੀਤੀ ਜਾਣੀ ਸੀ। 

 

ਇਸ ਪੂਰੇ ਮਾਮਲੇ ਬਾਰੇ ਗੱਲ ਕਰਦਿਆਂ ਐਸਐਸਪੀ ਜਗਰਾਓਂ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਜੋਧਾਂ ਥਾਣੇ ਨੇੜੇ ਲੱਗੇ ਨਾਕੇ ਕੋਲ ਇਕ ਵਿਅਕਤੀ ਬਲਜਿੰਦਰ ਸਿੰਘ ਆਪਣੀ ਪਤਨੀ ਨਾਲ ਐਕਟਿਵਾ 'ਤੇ ਜਾ ਰਿਹਾ ਸੀ ਤਾਂ ਅਚਾਨਕ ਇਕ ਕਾਰ ਨਾਲ ਐਕਟਿਵਾ ਦੀ ਟੱਕਰ ਹੋ ਗਈ ਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਅਚਾਨਕ ਬਲਜਿੰਦਰ ਸਿੰਘ ਦੀ ਭੈਣ ਹਰਪ੍ਰੀਤ ਕੌਰ ਆ ਗਈ ਤੇ ਆਪਣੇ ਭਰਾ ਨੂੰ ਹੀ ਕੁੱਟਦੀ ਹੋਈ ਐਕਟਿਵਾ ਦੇ ਅੱਗੇ ਪਿਆ ਬੈਗ ਚੁੱਕ ਕੇ ਭੱਜਣ ਲੱਗੀ। 

 

ਪੁਲਿਸ ਨੇ ਉਸ ਨੂੰ ਫੜ ਲਿਆ ਤੇ ਜਦੋਂ ਬੈਗ ਖੋਲ੍ਹ ਕੇ ਦੇਖਿਆ ਤਾਂ ਉਸ 'ਚੋਂ 25 ਲੱਖ ਰੁਪਏ ਨਿਕਲੇ। ਜਦੋਂ ਤਿੰਨਾਂ ਨੂੰ ਫੜ ਕੇ ਥਾਣੇ ਲਿਆਂਦਾ ਗਿਆ। ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਤਾਂ ਉਥੋਂ 12 ਲੱਖ ਰੁਪਏ ਹੋਰ ਤੇ 4 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ। ਜਿਸ ਦੇ ਤਹਿਤ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਦੋਸ਼ੀ ਬਲਜਿੰਦਰ ਸਿੰਘ 'ਤੇ ਪਹਿਲਾਂ ਵੀ ਨਸ਼ਾ ਤਸਕਰੀ ਤੇ 302 ਦੇ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਇਸ ਨੂੰ 20 ਸਾਲ ਦੀ ਸਜ਼ਾ ਹੋ ਚੁਕੀ ਹੈ ਤੇ ਉਸ ਵਿੱਚ ਇਹ ਜ਼ਮਾਨਤ 'ਤੇ ਆਇਆ ਹੋਇਆ ਸੀ। 

 

ਬਾਹਰ ਆ ਕੇ ਇਸ ਨੇ ਫਿਰ ਨਸ਼ੇ ਦੀ ਤਸਕਰੀ ਕਰਨ ਲੱਗ ਪਿਆ। ਇੰਨਾ ਹੀ ਨਹੀਂ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੀ ਪਤਨੀ ਨੀਲਮ ਤੇ ਭੈਣ ਹਰਪ੍ਰੀਤ ਕੌਰ 'ਤੇ ਵੀ ਪਹਿਲਾਂ ਨਸ਼ਾ ਤਸਕਰੀ ਦੇ ਮਾਮਲੇ ਦਰਜ਼ ਹਨ। ਹਰਪ੍ਰੀਤ ਕੌਰ ਦੇ ਪਤੀ ,ਜੇਠ ਤੇ ਜੇਠਾਣੀ 'ਤੇ ਵੀ ਕਪੂਰਥਲਾ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਦਰਜ ਹਨ। ਪੁਲਿਸ ਪੂਰੀ ਗੰਭੀਰਤਾ ਨਾਲ ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਇਸ ਨਸ਼ੇ ਤਸਕਰੀ ਦੀ ਚੇਨ ਨੂੰ ਤੋੜੇਗੀ ਤੇ ਇਸ ਚੇਨ 'ਚ ਜਿਸ ਦੀ ਵੀ ਸ਼ਮੂਲੀਅਤ ਹੋਵੇਗੀ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।