ਸਿੰਘੂ/ਕੁੰਡਲੀ ਬਾਰਡਰ: ਗੁਰਦਾਸਪੁਰ, ਹੁਸ਼ਿਆਰਪੁਰ, ਭੁਲੱਥ ਦਾ ਕਰੀਬ 300 ਟਰੈਕਟਰ ਟਰਾਲੀਆਂ ਦਾ ਜਥਾ ਰੁਕਾਵਟਾਂ ਦੇ ਬਾਵਜੂਦ ਵੀ ਦਿੱਲੀ ਵਿਖੇ ਕੁੰਡਲੀ-ਸਿੰਘੂ ਮੋਰਚੇ 'ਚ ਪਹੁੰਚਿਆ। ਇਸ ਦੌਰਾਨ ਰਸਤੇ 'ਚ ਹਾਦਸੇ 'ਚ ਗੁਰਦਾਸਪੁਰ ਦੇ 55 ਸਾਲਾ ਕਿਸਾਨ ਜਗਦੀਸ਼ ਸਿੰਘ ਦੀ ਮੌਤ ਹੋ ਗਈ। ਜਦਕਿ 2 ਕਿਸਾਨਾਂ ਜ਼ਖਮੀ ਹੋਏ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਅੱਜ ਸਵੇਰੇ ਛੋਟੀਆਂ ਮੋਟੀਆਂ ਗਲੀਆਂ ਵਿੱਚ ਟੋਏ ਪੁੱਟ ਕੇ ਟਿੱਪਰ ਲਗਾਏ ਗਏ ਜਿਸ ਨਾਲ ਆਮ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਇਸ ਤੋਂ ਪਹਿਲਾਂ ਮੋਰਚੇ ਨੂੰ ਆਉਂਦਾ ਕੱਚਾ ਰਸਤਾ ਵੀ ਬੰਦ ਕੀਤਾ ਗਿਆ ਸੀ।
ਇਸ ਦਾ ਕਿਸਾਨ ਆਗੂਆਂ ਨੇ ਕਿਸਾਨਾਂ ਮਜ਼ਦੂਰਾਂ ਨੂੰ ਨਾਲ ਲੈ ਕੇ ਪੁਲਿਸ ਅਧਿਕਾਰੀਆਂ ਸਾਹਮਣੇ 4 ਘੰਟੇ ਰੋਸ ਜ਼ਾਹਰ ਕੀਤਾ। ਆਗੂਆਂ ਨੇ ਕਿਹਾ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਹਾਂ, ਜੇ ਕੇਂਦਰ ਸਰਕਾਰ ਚਾਹੁੰਦੀ ਹੈ ਤਾਂ ਕੁੱਟ-ਮਾਰ ਕਰ ਲਵੇ, ਪਰ ਅਸੀਂ ਰਾਹ ਬੰਦ ਨਹੀਂ ਹੋਣ ਦੇਵਾਂਗੇ। 3-4 ਦੌਰ ਦੀ ਗੱਲਬਾਤ ਹੋਈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਆਗੂਆਂ ਨੂੰ ਕਿਹਾ ਕਿ ਤੁਹਾਡੇ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕਰ ਲਵਾਂਗੇ। ਜਿਸ ਤੋਂ ਬਾਅਦ ਕਿਸਾਨ ਮੁੜ ਆਪਣੀ ਸਟੇਜ ਵਾਲੀ ਜਗ੍ਹਾ 'ਤੇ ਆ ਗਏ।
ਸੜਕ ਹਾਦਸੇ ਵਿੱਚ ਮਾਰੇ ਗਏ ਕਿਸਾਨ ਦੇ ਪਰਿਵਾਰ ਨਾਲ ਜਥੇਬੰਦੀ ਵੱਲੋਂ ਦੁੱਖ ਜ਼ਾਹਰ ਕੀਤਾ ਤੇ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਤੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਦਾ ਪੋਸਟਮਾਰਟਮ ਕਰਕੇ ਲਾਸ਼ ਪਿੰਡ ਵਾਪਸ ਭੇਜੀ ਗਈ ਤੇ ਇਲਾਕੇ ਨੂੰ ਬੇਨਤੀ ਹੈ ਕਿ ਮ੍ਰਿਤਕ ਦੇ ਪਿੰਡ ਨਰਪੁਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾਵੇ ਤੇ ਮ੍ਰਿਤਕ ਦਾ ਸਸਕਾਰ ਜਥੇਬੰਦੀ ਦੇ ਰੀਤਾਂ ਅਨੁਸਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿਸਾਨਾਂ ਦੀਆਂ ਸ਼ਹਾਦਤਾਂ ਅਜਾਈਂ ਨਹੀਂ ਜਾਣ ਦਿੱਤੀਆਂ ਜਾਣਗੀਆਂ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹੋਰ ਮੰਗਾਂ ਨਾ ਮੰਨਣ ਤੱਕ ਮੋਰਚਾ ਜਾਰੀ ਰਹੇਗਾ।