ਨਵੀਂ ਦਿੱਲ: ਸਾਲ 2022 ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (AAP) ਨੂੰ ਅਹਿਮ ਦਾਅਵੇਦਾਰ ਵਜੋਂ ਵੇਖਿਆ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸੀ ਦੇ ਦਿੱਗਜਾਂ ਨੂੰ ਚੁਣੌਤੀ ਦੇਣ ਲਈ 'ਆਪ' ਕਿਸੇ ਵੱਡੀ ਸ਼ਖ਼ਸੀਅਤ ਦੀ ਭਾਲ ਕਰ ਰਹੀ ਹੈ।

ਜੂਨ ਮਹੀਨੇ ਵਿੱਚ 'ਆਪ' ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਐਲਾਨ ਕੀਤਾ ਸੀ ਕਿ ਸਿੱਖ ਭਾਈਚਾਰੇ ਦਾ ਹੀ ਕੋਈ ਮੈਂਬਰ ਪੰਜਾਬ 'ਚ ਪਾਰਟੀ ਦਾ ਮੁੱਖ ਮੰਤਰੀ 'ਚਿਹਰਾ' ਹੋਵੇਗਾ। ਹਾਲਾਂਕਿ ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਪਾਰਟੀ ਕੇਡਰ ਵਿੱਚ ਚਿੰਤਾ ਵਧ ਰਹੀ ਹੈ। ਕੁਝ ਰਾਜਨੀਤਕ ਆਬਜ਼ਰਵਰ ਤੇ ਪਾਰਟੀ ਦੇ ਅੰਦਰੂਨੀ ਲੋਕਾਂ ਦਾ ਮੰਨਣਾ ਹੈ ਕਿ ਜਿੰਨੀ ਜਲਦੀ ਪਾਰਟੀ ਨੇਤਾ ਦਾ ਐਲਾਨ ਕਰੇਗੀ, ਇਹ ਓਨਾ ਹੀ ਚੋਣ ਸੰਭਾਵਨਾਵਾਂ ਲਈ ਬਿਹਤਰ ਹੋਵੇਗਾ।

ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਸੱਤਾਧਾਰੀ ਕਾਂਗਰਸ ਦੇ ਅੰਦਰੂਨੀ ਝਗੜੇ ਕਾਰਨ ਆਉਣ ਵਾਲੀਆਂ ਚੋਣਾਂ ਲਈ ਖੇਡ ਦਾ ਮੈਦਾਨ ਖੁੱਲ੍ਹ ਗਿਆ ਹੈ। 'ਆਪ' ਕੋਲ ਪ੍ਰਭਾਵ ਬਣਾਉਣ ਦਾ ਵਧੀਆ ਮੌਕਾ ਹੈ, ਪਰ ਉਨ੍ਹਾਂ ਨੂੰ ਇਕਜੁੱਟ ਹੋਣ ਦੀ ਲੋੜ ਹੈ। ਵੇਖਿਆ ਜਾਵੇ ਤਾਂ ਪਾਰਟੀ 2017 ਦੀਆਂ ਚੋਣਾਂ ਵਾਂਗੂ ਕਿਸੇ 'ਸਥਾਨਕ' ਚਿਹਰੇ ਨੂੰ ਅੱਗੇ ਨਾ ਲਿਆ ਕੇ ਕੀਤੀ ਗਲਤੀ ਨੂੰ ਦੁਹਰਾ ਰਹੀ ਹੈ।

ਸਿਆਸੀ ਮਾਹਿਰਾਂ ਮੁਤਾਬਕ ਚੋਣਾਂ ਵਿੱਚ ਸਿਰਫ ਕੁਝ ਮਹੀਨੇ ਬਾਕੀ ਹਨ। ਉਨ੍ਹਾਂ ਨੂੰ ਇੱਕ ਸਥਾਨਕ ਚਿਹਰੇ ਦੀ ਲੋੜ ਹੈ। ਸਾਲ 2017 'ਚ ਪਾਰਟੀ ਨੇ ਪੰਜਾਬ 'ਚ ਅਰਵਿੰਦ ਕੇਜਰੀਵਾਲ ਦੇ ਨਾਂ 'ਤੇ ਵੋਟਾਂ ਮੰਗੀਆਂ ਸਨ, ਪਰ ਐਕਤੀਂ ਉਹ ਪੈਂਤੜਾ ਕੰਮ ਨਹੀਂ ਕਰੇਗਾ। ਅਜਿਹੀ ਸਥਿਤੀ ਤੋਂ ਬਚਣ ਦੀ ਜ਼ਰੂਰਤ ਹੈ, ਕਿਉਂਕਿ 'ਬਾਹਰੀ ਲੀਡਰਸ਼ਿਪ' ਦੇ ਟੈਗ ਨੇ ਪਹਿਲਾਂ ਵੀ ਸਪਸ਼ਟ ਤੌਰ 'ਤੇ ਕੰਮ ਨਹੀਂ ਕੀਤਾ ਸੀ।

ਜ਼ਿਕਰਯੋਗ ਹੈ ਕਿ 'ਆਪ' ਦੇ ਕਈ ਆਗੂ ਪਾਰਟੀ ਦੇ ਦੋ ਵਾਰ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਸਮਰਥਨ 'ਚ ਸਾਹਮਣੇ ਆਏ ਹਨ। ਉਨ੍ਹਾਂ ਕੇਂਦਰੀ ਲੀਡਰਸ਼ਿਪ ਤੋਂ ਮੰਗ ਕੀਤੀ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਜਾਵੇ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਕੇਡਰ ਦੇ ਇੱਕ ਹਿੱਸੇ ਦਾ ਮੰਨਣਾ ਹੈ ਕਿ ਸਮਾਂ ਖਤਮ ਹੋ ਰਿਹਾ ਹੈ। ਲੀਡਰਸ਼ਿਪ ਨੂੰ ਤੁਰੰਤ ਨੇਤਾ ਦਾ ਐਲਾਨ ਕਰਨਾ ਚਾਹੀਦਾ ਹੈ। ਦੇਰੀ ਵਲੰਟੀਅਰਾਂ ਦੇ ਮਨੋਬਲ ਨੂੰ ਹੇਠਾਂ ਲਿਆ ਰਹੀ ਹੈ। ਸਾਨੂੰ ਰੈਲੀਆਂ ਦੇ ਨਾਲ ਮੈਦਾਨ 'ਚ ਉਤਰਨ ਤੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਦੀ ਜ਼ਰੂਰਤ ਹੈ।

ਦੱਸ ਦਈਏ ਕਿ 'ਆਪ' ਲਈ ਅੱਗੇ ਦਾ ਰਾਹ ਚੁਣੌਤੀਆਂ ਤੋਂ ਰਹਿਤ ਨਹੀਂ। ਭਾਵੇਂਕਿ ਮਾਲਵਾ ਤੇ ਮਾਝਾ ਖੇਤਰਾਂ ਵਿੱਚ ਆਮ ਆਦਮੀ ਪਾਰਟੀ ਦਲਿਤਾਂ ਤੇ ਛੋਟੇ ਕਿਸਾਨਾਂ ਵਿੱਚ ਝੁਕੀ ਹੋਈ ਜਾਪਦੀ ਹੈ, ਪਰ ਸੂਬੇ ਭਰ ਵਿੱਚ ਜਨਤਕ ਅਪੀਲ ਵਾਲੇ ਨੇਤਾ ਨੂੰ ਲੱਭਣਾ ਪਾਰਟੀ ਲਈ ਇੱਕ ਚੁਣੌਤੀ ਹੈ।