ਨਾਸਿਕ: ਉੱਤਰੀ ਮਹਾਰਾਸ਼ਟਰ ਦੇ ਨਾਸਿਕ ਤੋਂ ਕਰੀਬ 25,000 ਕਿਸਾਨ ਪੂਰਾ ਕਰਜ਼ਾ ਮੁਆਫੀ ਤੇ ਹੋਰ ਪ੍ਰੇਸ਼ਾਨੀਆਂ ਨੂੰ ਲੈ ਕੇ ਮੁੰਬਈ ਤੱਕ ਲੰਮੇ ਰੋਸ ਮਾਰਚ 'ਤੇ ਨਿਕਲੇ ਹਨ। ਠਾਣੇ ਤੇ ਪਾਲਘਰ ਦੇ ਕਿਸਾਨ ਵੀ ਮੁੰਬਈ ਜਾ ਰਹੇ ਹਨ। ਅਜਿਹੀ ਉਮੀਦ ਹੈ ਕਿ ਉਹ ਇਸੇ ਮਾਰਚ ਵਿੱਚ ਸ਼ਾਮਲ ਹੋਣਗੇ। ਆਲ ਇੰਡੀਆ ਕਿਸਾਨ ਸਭਾ ਇਸ ਮਾਰਚ ਨੂੰ ਲੀਡ ਕਰ ਰਿਹਾ ਹੈ।


ਕਿਸਾਨ ਲੀਡਰਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਮਹਾਰਾਸ਼ਟਰ ਵਿਧਾਨ ਸਭਾ ਘੇਰਨਗੇ। ਨਾਸਿਕ ਤੋਂ ਮੁੰਬਈ ਦੀ ਦੂਰੀ 180 ਕਿੱਲੋਮੀਟਰ ਹੈ। ਕਿਸਾਨਾਂ ਨੇ ਪੂਰੇ ਕਰਜ਼ੇ ਦੀ ਮੁਆਫੀ ਤੇ ਬਿਜਲੀ ਬਿੱਲ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਲਾਗੂ ਕਰਨ ਦੀ ਵੀ ਮੰਗ ਕੀਤੀ।

ਕਿਸਾਨ ਲੀਡਰ ਰਾਜੂ ਦੇਸਲ ਨੇ ਕਿਹਾ, "ਅਸੀਂ ਸੂਬਾ ਸਰਕਾਰ ਤੋਂ ਚਾਹੁੰਦੇ ਹਾਂ ਕਿ ਉਹ ਸੁਪਰ ਹਾਈਵੇ ਤੇ ਬੁਲਟ ਟ੍ਰੇਨ ਵਰਗੀਆਂ ਵਿਕਾਸ ਸਕੀਮਾਂ ਦੇ ਨਾਂ 'ਤੇ ਖੇਤੀ ਵਾਲੀ ਜ਼ਮੀਨ ਨੂੰ ਟੇਕਓਵਰ ਨਾ ਕਰਨ।" ਉਨ੍ਹਾਂ ਕਿਹਾ ਕਿ 25 ਹਜ਼ਾਰ ਕਿਸਾਨ ਮੁੰਬਈ ਤੱਕ ਮਾਰਚ ਲਈ ਨਿਕਲ ਚੁੱਕੇ ਹਨ।

ਰਾਜੂ ਦੇਸਲ ਨੇ ਦੱਸਿਆ ਕਿ ਬੀਜੇਪੀ ਸਰਕਾਰ ਵੱਲੋਂ 34,000 ਕਰੋੜ ਰੁਪਏ ਦੀ ਕਰਜਾ ਮੁਆਫੀ ਦੇ ਐਲਾਨ ਤੋਂ ਬਾਅਦ ਹੁਣ ਤੱਕ 1,753 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਸੂਬਾ ਤੇ ਕੇਂਦਰ ਸਰਕਾਰ 'ਤੇ ਕਿਸਾਨ ਵਿਰੋਧੀ ਹੋਣ ਦਾ ਇਲਜ਼ਾਮ ਲਾਇਆ।