ਜਲੰਧਰ: 73 ਵਰ੍ਹਿਆਂ ਦੀ ਬੇਬੇ ਨਵਰੂਪ ਕੌਰ ਆਪਣੇ-ਆਪ ਵਿੱਚ ਜ਼ਿੰਦਾਦਿਲੀ ਦੀ ਮਿਸਾਲ ਹੈ। ਇਸ ਉਮਰ ਵਿੱਚ ਬੇਬੇ ਨੂੰ ਟ੍ਰੈਕਟਰ ਚਲਾਉਂਦੇ ਵੇਖ ਲੋਕ ਹੈਰਾਨ ਹੋ ਜਾਂਦੇ ਹਨ। ਬੇਬੇ ਨਵਰੂਪ ਕੌਰ ਨੇ ਇਕਨਾਮਿਕਸ ਵਿੱਚ MA ਦੀ ਪੜ੍ਹਾਈ ਕੀਤੀ ਹੋਈ ਹੈ। ਉਨ੍ਹਾਂ ਲਗਪਗ 37 ਸਾਲ ਤਕ ਸਕੂਲ ਚਲਾਇਆ। ਇਸ ਦੌਰਾਨ ਉਹ ਖੁਦ ਬੱਸ ਚਲਾ ਕੇ ਬੱਚਿਆਂ ਨੂੰ ਸਕੂਲ ਲਿਆਉਂਦੇ ਸਨ।


ਜਾਣਕਾਰੀ ਮੁਤਾਬਕ 1999 ਵਿੱਚ ਉਨ੍ਹਾਂ ਦੇ ਪਿਤਾ ਦੀ ਹਾਦਸੇ ਵਿੱਚ ਮੌਤ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਖੁਦ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਸਰਵਸੰਮਤੀ ਨਾਲ ਨਵਾਂ ਪਿੰਡ ਦੀ ਸਰਪੰਚ ਚੁਣਿਆ ਗਿਆ। ਜਵਾਨੀ ਵੇਲੇ ਉਨ੍ਹਾਂ ਵਿਆਹ ਨਹੀਂ ਕਰਵਾਇਆ। 73 ਦੀ ਉਮਰ ਵਿੱਚ ਬੇਬੇ ਸਵੇਰੇ ਉੱਠ ਕੇ ਖੁਦ ਸਾਰਾ ਕੰਮ ਕਰਦੀ ਹੈ। ਉਨ੍ਹਾਂ ਦੇ ਭਰਾ ਤੇ ਪਿਤਾ ਫੌਜ ਤੋਂ ਸੇਵਾ ਮੁਕਤ ਹਨ।

ਬੇਬੇ ਨਵਰੂਪ ਕੌਰ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਕੰਮ ਦਾ ਨਸ਼ਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ 'ਤੇ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਪੰਜਾਬ ਦੀ ਕਿਸਾਨੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਗਲਤੀਆਂ ਕਰਕੇ ਖ਼ੁਦਕੁਸ਼ੀ ਕਰ ਰਹੇ ਹਨ।