Agriculture News : ਚੌਲ ਖਾਣ ਵਾਲਿਆਂ ਦੀ ਗਿਣਤੀ ਦੁਨੀਆਂ ਵਿੱਚ ਰੋਟੀ ਖਾਣ ਵਾਲਿਆਂ ਨਾਲੋਂ ਜ਼ਿਆਦਾ ਹੈ। ਭਾਰਤ 'ਚ ਵੀ ਤੁਹਾਨੂੰ ਅਜਿਹੇ ਕਈ ਲੋਕ ਮਿਲ ਜਾਣਗੇ ਜੋ ਦਿਨ 'ਚ ਇੱਕ ਵਾਰ ਚੌਲ ਨਾ ਖਾਣ 'ਤੇ ਸੰਤੁਸ਼ਟ ਮਹਿਸੂਸ ਨਹੀਂ ਕਰਦੇ। ਹਾਲਾਂਕਿ, ਹੁਣ ਚੌਲਾਂ ਦੇ ਸ਼ੌਕੀਨ ਲੋਕਾਂ ਨੂੰ ਪਰੇਸ਼ਾਨੀ ਹੋਣ ਵਾਲੀ ਹੈ। ਅਜਿਹਾ ਇਸ ਲਈ ਕਿਉਂਕਿ ਇਸ ਵਾਰ ਦੁਨੀਆ ਭਰ 'ਚ ਚੌਲਾਂ ਦਾ ਉਤਪਾਦਨ ਘਟਿਆ ਹੈ, ਇਹੀ ਵਜ੍ਹਾ ਹੈ ਕਿ ਭਾਰਤ ਨੇ ਹੁਣ ਚੌਲਾਂ ਦੇ ਐਕਸਪੋਰਟ ਉੱਤੇ ਪਾਬੰਦੀ ਲਾ ਦਿੱਤੀ ਹੈ। ਇਸ ਪਾਬੰਦੀ ਕਾਰਨ ਦੇਸ਼ ਤੋਂ ਬਾਹਰ ਰਹਿੰਦੇ ਭਾਰਤੀ ਲੋਕ ਭਾਰਤੀ ਚੌਲ ਨਹੀਂ ਖਾ ਸਕਣਗੇ, ਜਿਸ ਕਾਰਨ ਅਮਰੀਕਾ ਤੇ ਕੈਨੇਡਾ ਦੇ ਬਾਜ਼ਾਰ 'ਚ ਬਵਾਲ ਮਚ ਗਿਆ ਹੈ। ਦਰਅਸਲ, ਉੱਥੇ ਮੌਜੂਦ ਪ੍ਰਵਾਸੀ ਭਾਰਤੀਆਂ ਨੇ ਹੁਣ ਬਾਜ਼ਾਰ ਵਿੱਚੋਂ ਭਾਰਤੀ ਚੌਲਾਂ ਨੂੰ ਖਰੀਦ ਕੇ ਸਟੋਰ ਕਰਨਾ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਭਵਿੱਖ ਵਿੱਚ ਇਸ ਦਾ ਸਵਾਦ ਮਾਣ ਸਕਣ।


ਕਿਉਂ ਹੋ ਰਿਹਾ ਹੈ ਇਹ Rice Crisis?


ਇਸ ਸਮੇਂ ਪੂਰੀ ਦੁਨੀਆ ਚੌਲਾਂ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ। ਦਰਅਸਲ, ਫਿਚ ਸਲਿਊਸ਼ਨਜ਼ (Fitch Solutions) ਨੇ ਇੱਕ ਰਿਪੋਰਟ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਵੱਡੇ ਚੌਲ ਉਤਪਾਦਕ ਦੇਸ਼ਾਂ ਵਿੱਚ ਚੌਲਾਂ ਦਾ ਉਤਪਾਦਨ ਤੇਜ਼ੀ ਨਾਲ ਘਟਿਆ ਹੈ। ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਵਿੱਚ ਚੌਲਾਂ ਦੀ ਪੈਦਾਵਾਰ ਦਾ ਗ੍ਰਾਫ ਹੇਠਾਂ ਜਾ ਰਿਹਾ ਹੈ। ਖਾਸ ਤੌਰ 'ਤੇ ਚੀਨ, ਅਮਰੀਕਾ ਅਤੇ ਯੂਰਪੀ ਸੰਘ 'ਚ ਚੌਲਾਂ ਦਾ ਉਤਪਾਦਨ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਗਿਆ ਹੈ। ਦੱਸ ਦੇਈਏ ਕਿ ਫਿਚ ਸਲਿਊਸ਼ਨਜ਼ (Fitch Solutions) ਦੇ ਕਮੋਡਿਟੀ ਐਨਾਲਿਸਟ ਚਾਰਲਸ ਹਾਰਟ ਦੇ ਮੁਤਾਬਕ ਇਸ ਸਾਲ ਬਾਜ਼ਾਰ 'ਚ ਕਰੀਬ 18.6 ਮਿਲੀਅਨ ਟਨ ਚੌਲਾਂ ਦੀ ਕਮੀ ਆਈ ਹੈ।


ਕੀ ਹੈ ਉਤਪਾਦਨ ਦੀ ਕਮੀ ਦੇ ਪਿੱਛੇ ਦਾ ਕਾਰਨ 


ਚੌਲਾਂ ਦੇ ਉਤਪਾਦਨ ਵਿੱਚ ਕਮੀ ਦੇ ਮੁੱਖ ਕਾਰਨਾਂ ਦੀ ਗੱਲ ਕਰੀਏ ਤਾਂ ਰੂਸ-ਯੂਕਰੇਨ ਯੁੱਧ, ਚੀਨ ਅਤੇ ਪਾਕਿਸਤਾਨ ਵਰਗੇ ਚੌਲ ਉਤਪਾਦਕ ਦੇਸ਼ਾਂ ਵਿੱਚ ਖਰਾਬ ਮੌਸਮ ਅਤੇ ਜਲਵਾਯੂ ਪਰਿਵਰਤਨ ਪ੍ਰਮੁੱਖ ਕਾਰਨ ਹਨ। ਹੁਣ ਜਦੋਂ ਦੁਨੀਆ 'ਚ ਚੌਲਾਂ ਦੀ ਕਮੀ ਹੈ ਤਾਂ ਭਾਰਤ ਦੇ ਵਪਾਰੀ ਚੰਗੇ ਭਾਅ 'ਤੇ ਚੌਲਾਂ ਦੀ ਬਰਾਮਦ ਵਿਦੇਸ਼ਾਂ ਨੂੰ ਕਰਨਗੇ। ਪਰ ਜੇ ਇਹ ਬਰਾਮਦ ਵਧਦੀ ਹੈ ਤਾਂ ਦੇਸ਼ ਵਿੱਚ ਚੌਲਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਜਾਣਗੀਆਂ। ਇਸ ਕਾਰਨ ਸਰਕਾਰ ਨੇ ਚੌਲਾਂ ਦੀ ਬਰਾਮਦ 'ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਹੈ। ਮਤਲਬ ਕਿ ਹੁਣ ਚੌਲ ਭਾਰਤ ਤੋਂ ਬਾਹਰ ਨਹੀਂ ਜਾ ਸਕੇਗਾ ਤੇ ਭਾਰਤ ਵਿੱਚ ਇਸ ਦੀਆਂ ਕੀਮਤਾਂ ਜ਼ਿਆਦਾ ਨਹੀਂ ਵਧਣਗੀਆਂ।