ਚੰਡੀਗੜ੍ਹ: ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਮੋਰਚਿਆਂ 'ਤੇ ਡਟੀਆਂ ਹੋਈਆਂ ਹਨ। ਰੇਲਾਂ ਦਾ ਚੱਕਾ ਜਾਮ ਕਰਨ ਮਗਰੋਂ ਪੰਜਾਬ ਦਾ ਰੇਲ ਸੰਪਰਕ ਦੂਜੇ ਸੂਬਿਆਂ ਨਾਲੋਂ ਕੱਟਿਆ ਗਿਆ ਹੈ। ਸ਼ੂਰ ਵਿੱਚ ਰੇਲਵੇ ਵਿਭਾਗ ਨੇ ਖੁਦ ਹੀ ਪੰਜਾਬ ਆਉਂਦੀਆਂ ਰੇਲਾਂ ਰੱਦ ਕਰ ਦਿੱਤੀਆਂ ਸੀ ਪਰ ਹੁਣ ਕਿਸਾਨਾਂ ਨੇ ਪਟੜੀਆਂ 'ਤੇ ਪੱਕੇ ਮੋਰਚੇ ਲਾ ਲਏ ਹਨ। ਇਸ ਲਈ ਰੇਲਵੇ ਵਿਭਾਗ ਨੂੰ ਵੀ ਕੁਝ ਨਹੀਂ ਸੁੱਝ ਰਿਹਾ ਕਿਉਂਕਿ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।


ਕਿਸਾਨ ਜਥੇਬੰਦੀਆਂ ਦੇ ਬੁਲਾਰੇ ਡਾ. ਦਰਸ਼ਨ ਪਾਲ ਨੇ ਦਾਅਵਾ ਕੀਤਾ ਕਿ ਪੰਜਾਬ ਅੰਦਰ 30 ਤੋਂ ਵੱਧ ਥਾਵਾਂ ’ਤੇ ਰੇਲ ਮਾਰਗਾਂ ਉਪਰ ਪੱਕੀ ਮੋਰਚਾਬੰਦੀ ਕੀਤੀ ਗਈ। ਕਿਸਾਨਾਂ ਅੰਦਰ ਪੂਰਾ ਜੋਸ਼ ਹੈ ਤੇ ਉਹ ਆਰਪਾਰ ਦੀ ਲੜਾਈ ਲਈ ਡਟੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਉੱਪਰ ਦਬਾਅ ਬਣਾਉਣ ਲਈ ਖੇਤੀ ਕਾਨੂੰਨਾਂ ਦਾ ਪੱਖ ਪੂਰਨ ਵਾਲਿਆਂ ਤੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਵੀ ਧਰਨੇ ਦਿੱਤੇ ਜਾ ਰਹੇ ਹਨ।

ਕਿਸਾਨਾਂ ਨੇ ਅੰਮ੍ਰਿਤਸਰ ਤੋਂ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਸਤਵੰਤ ਸਿੰਘ ਪੂਨੀਆ (ਸੰਗਰੂਰ), ਬਿਕਰਮਜੀਤ ਸਿੰਘ ਚੀਮਾ (ਪਾਇਲ), ਸੁਨੀਤਾ ਗਰਗ (ਕੋਟਕਪੂਰਾ) ਤੇ ਅਰੁਣ ਨਾਰੰਗ (ਵਿਧਾਇਕ ਅਬੋਹਰ) ਆਦਿ ਦੇ ਘਰਾਂ ਅੱਗੇ ਰੋਸ ਧਰਨੇ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਪੂੰਜੀਪਤੀਆਂ ਦੇ ਟਿਕਾਣਿਆਂ ਖਾਸ ਕਰ 15 ਤੋਂ ਵੱਧ ਥਾਵਾਂ ’ਤੇ ਟੋਲ ਪਲਾਜ਼ੇ ਬੰਦ ਕਰਕੇ ਟ੍ਰੈਫਿਕ ਨੂੰ ਬਿਨਾਂ ਫੀਸ ਤੋਂ ਲੰਘਣ ਲਈ ਰਾਤ-ਦਿਨ ਦੇ ਧਰਨੇ ਸ਼ੁਰੂ ਕੀਤੇ ਗਏ ਹਨ।

ਕਿਸਾਨਾਂ ਨੇ ਮੁਕੇਸ਼ ਅੰਬਾਨੀ ਦੀ ਮਾਲਕੀ ਵਾਲੀ ਕੰਪਨੀ ਰਿਲਾਇੰਸ ਦੇ ਪੈਟਰੋਲ ਪੰਪਾਂ ਤੇ ਸ਼ਾਪਿੰਗ ਮਾਲਾਂ ਨੂੰ ਵੀ ਬੰਦ ਕੀਤਾ ਹੋਇਆ ਹੈ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਰੇਲ ਰੋਕੋ ਅੰਦੋਲਨ, ਭਾਜਪਾ ਆਗੂਆਂ ਦਾ ਬਾਈਕਾਟ, ਅਡਾਨੀਆਂ ਤੇ ਅੰਬਾਨੀਆਂ ਦੇ ਕਾਰੋਬਾਰਾਂ ਤੇ ਕਾਰਪੋਰੇਟ ਘਰਾਣਿਆਂ ਦਾ ਬਾਈਕਾਟ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਜਾਂ ਪੰਜਾਬ ਸਰਕਾਰ ਅਸੈਂਬਲੀ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਕਾਨੂੰਨਾਂ ਖ਼ਿਲਾਫ਼ ਮਤਾ ਪਾਸ ਨਹੀਂ ਕਰਦੀ।