ਚੰਡੀਗੜ੍ਹ : ਠੰਢ ਕਾਰਨ ਫ਼ਸਲਾਂ ਦਾ ਵਾਧਾ ਰੁਕ ਜਾਂਦਾ ਹੈ। ਜੇ ਵੱਧ ਕੋਰਾ ਪਵੇ ਤਾਂ ਫ਼ਸਲ ਦਾ ਰੰਗ ਪੀਲਾ ਵੀ ਪੈ ਸਕਦਾ ਹੈ। ਘਬਰਾ ਕੇ ਬੇਲੋੜੀ ਯੂਰੀਏ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਮੌਸਮ ਦੇ ਸਾਫ਼ ਹੁੰਦਿਆਂ ਹੀ ਫ਼ਸਲਾਂ ਦਾ ਵਾਧਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਵਿੱਚ ਪਾਣੀ ਜ਼ਰੂਰ ਦੇਣਾ ਚਾਹੀਦਾ ਹੈ ਤਾਂ ਜੋ ਕੋਰੇ ਦੇ ਅਸਰ ਨੂੰ ਘੱਟ ਕੀਤਾ ਜਾ ਸਕੇ। ਜੇ ਕਣਕ ਵਿੱਚ ਜਿੰਕ ਜਾਂ ਗੰਧਕ ਦੀ ਘਾਟ ਦੇ ਲੱਛਣ ਨਜ਼ਰ ਆਉਣ ਤਾਂ ਇਸ ਦੀ ਘਾਟ ਪੂਰੀ ਕਰਨੀ ਚਾਹੀਦੀ ਹੈ।


ਜਿੰਕ ਦੀ ਘਾਟ ਕਾਰਨ ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ, ਪੱਤੇ ਵਿਚਕਾਰੋਂ ਪੀਲੇ ਪੈ ਜਾਂਦੇ ਹਨ ਤੇ ਕੁਝ ਸਮੇਂ ਪਿੱਛੋਂ ਉੱਥੋਂ ਹੀ ਟੁੱਟ ਜਾਂਦੇ ਹਨ। ਇਸ ਘਾਟ ਨੂੰ ਦੂਰ ਕਰਨ ਲਈ ਇੱਕ ਕਿਲੋ ਜਿੰਕ ਸਲਫੇਟ ਅਤੇ ਅੱਧਾ ਕਿਲੋ ਅਣਬੁੱਝਿਆ ਚੂਨਾ 200 ਲਿਟਰ ਪਾਣੀ ਵਿੱਚ ਘੋਲ ਪ੍ਰਤੀ ਏਕੜ ਦੇ ਹਿਸਾਬ ਛਿੜਕਾ ਕਰੋ। ਜੇ ਲੋੜ ਹੋਵੇ ਤਾਂ 15 ਦਿਨਾਂ ਪਿੱਛੋਂ ਇੱਕ ਹੋਰ ਛਿੜਕਾਅ ਕੀਤਾ ਜਾ ਸਕਦਾ ਹੈ।


ਜੇ ਮੈਗਨੀਜ਼ ਦੀ ਘਾਟ ਹੋਵੇ ਤਾਂ ਵਿਚਕਾਰਲੇ ਪੱਤਿਆਂ ਦੀਆਂ ਨਾੜੀਆਂ ਦੇ ਦਰਮਿਆਨ ਵਾਲੀ ਥਾਂ ’ਤੇ ਹਲਕੇ ਪੀਲੇ ਸਲੇਟੀ ਰੰਗੇ ਤੇ ਗੁਲਾਬੀ ਭੂਰੇ ਰੰਗ ਦੇ ਧੱਬੇ ਦਿਖਾਈ ਦਿੰਦੇ ਹਨ। ਇਸ ਘਾਟ ਨੂੰ ਦੂਰ ਕਰਨ ਲਈ ਇੱਕ ਕਿਲੋ ਮੈਗਨੀਜ਼ ਸਲਫੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਕੀਤਾ ਜਾਵੇ। ਗੰਧਕ ਦੀ ਘਾਟ ਕਾਰਨ ਨਵੇਂ ਪੱਤਿਆਂ ਦਾ ਹਰਾ ਰੰਗ ਖ਼ਰਾਬ ਹੋ ਜਾਂਦਾ ਹੈ। ਇਸ ਪਿੱਛੋਂ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰਲਾ ਹਿੱਸਾ ਪੀਲਾ ਪੈ ਜਾਂਦਾ ਹੈ। ਇਸ ਘਾਟ ਨੂੰ ਜਿਪਸਮ ਨਾਲ ਪੂਰਾ ਕੀਤਾ ਜਾ ਸਕਦਾ ਹੈ। ਜੇ ਹੋ ਸਕੇ ਤਾਂ ਫ਼ਸਲਾਂ ਦੀ ਇੱਕ ਗੋਡੀ ਜ਼ਰੂਰ ਕਰ ਦੇਣੀ ਚਾਹੀਦੀ ਹੈ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904